ਚੰਡੀਗੜ : ਸੁਖਨਾ ਝੀਲ ‘ਤੇ 50 ਫੀਸਦੀ ਕੰਮ ਪੂਰਾ ਹੋਣ ਤੋਂ ਬਾਅਦ ਹੁਣ ਬਚੇ ਹੋਏ ਹਿੱਸੇ ‘ਤੇ ਲਾਈਟਿੰਗ ਦਾ ਕੰਮ ਪੂਰਾ ਕਰਨ ਲਈ ਪ੍ਰਸ਼ਾਸਨ ਦੀ ਕਾਰਵਾਈ ਜਾਰੀ ਹੈ। ਬਾਕੀ ਹਿੱਸੇ ‘ਤੇ ਲਾਈਟਿੰਗ ਵਰਕ ਦਾ ਐਸਟੀਮੇਟ ਕਰਨ ਤੋਂ ਬਾਅਦ ਟੈਂਡਰ ਕੱਢ ਦਿੱਤਾ ਹੈ। ਪ੍ਰਸ਼ਾਸਨ ਨੇ 21.74 ਲੱਖ ਰੁਪਏ ਦਾ ਅੰਦਾਜ਼ਾ ਬਾਕੀ ਰਹਿੰਦੇ ਹਿੱਸੇ ਲਈ ਲਗਾਇਆ ਸੀ, ਉਥੇ ਹੀ ਗਰਮੀਆਂ ਸ਼ੁਰੂ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸੁਖਨਾ ਲੇਕ ‘ਚ ਟਿਊਬਵੈੱਲਾਂ ਰਾਹੀਂ ਪਾਣੀ ਸਪਲਾਈ ਕਰਨ ਦੀ ਪ੍ਰਕਿਰਿਆ ਵੀ ਰੋਕ ਦਿੱਤੀ ਹੈ। ਯੂ. ਟੀ. ਪ੍ਰਸ਼ਾਸਨ ਵੱਲੋਂ ਸੀਨੀਅਰ ਸਟੈਂਡਿੰਗ ਕੌਂਸਲ ਸੁਵੀਰ ਸਹਿਗਲ ਨੇ ਇਹ ਜਾਣਕਾਰੀ ਸੁਖਨਾ ਲੇਕ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਵਿਚ ਦਿੱਤੀ। ਇਸ ਦੌਰਾਨ ਦੱਸਿਆ ਗਿਆ ਕਿ 20 ਅਪ੍ਰੈਲ ਤੋਂ ਲੇਕ ‘ਤੇ ਟਿਊਬਵੈੱਲਾਂ ਨਾਲ ਪਾਣੀ ਦੀ ਸਪਲਾਈ ਬੰਦ ਕੀਤੀ ਜਾ ਚੁੱਕੀ ਹੈ। ਸ਼ਹਿਰ ਵਾਸੀਆਂ ਨੂੰ ਪਾਣੀ ਦੀ ਕਿੱਲਤ ਨਾ ਹੋਵੇ, ਇਸ ਲਈ ਅਜਿਹਾ ਕੀਤਾ ਗਿਆ ਹੈ। ਉਥੇ ਹੀ ਸੁਖਨਾ ਦੇ ਪਾਣੀ ਦੇ ਪੱਧਰ ਸੰਬੰਧੀ ਦੱਸਿਆ ਗਿਆ ਕਿ ਗਰਮੀਆਂ ‘ਚ ਵਾਸ਼ਪੀਕਰਨ ਕਾਰਨ ਇਥੇ ਪਾਣੀ ਦੇ ਪੱਧਰ ‘ਚ ਥੋੜੀ ਕਮੀ ਆਈ ਹੈ।