ਨਵੀਂ ਦਿੱਲੀ :  ਜਨਤਾ ਦੇ ਫੰਡ ਨੂੰ ਆਪਣੇ ਨਿੱਜੀ ਕੇਸ ਲੜਨ ਲਈ ਖਰਚ ਕਰਨ ਦੇ ਦੋਸ਼ ‘ਚ ਘਿਰੀ ਆਮ ਆਦਮੀ ਪਾਰਟੀ ਪੂਰੇ ਮਾਮਲੇ ‘ਤੇ ਸਫਾਈ ਦੇਣ ਸਾਹਮਣੇ ਆਈ। ਭਾਜਪਾ ਵੱਲੋਂ ਲਾਏ ਗਏ ਕਈ ਦੋਸ਼ਾਂ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਇਹ ਮਸਲਾ ਕ੍ਰਿਕਟ ਦੇ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਭਾਜਪਾ ਈ.ਵੀ.ਐੱਮ. ਸਕੈਮ ਤੋਂ ਧਿਆਨ ਭਟਕਾਉਣ ਲਈ ਅਜਿਹੇ ਪੈਂਤਰੇ ਅਪਣਾ ਰਹੀ ਹੈ। ਸਰਕਾਰ ਨੇ ਇਸ ਪੂਰੇ ਮਾਮਲੇ ‘ਤੇ ਜਾਂਚ ਬਿਠਾਈ ਸੀ, ਜਿਸ ‘ਚ ਕਈ ਵੱਡੇ ਲੋਕ ਫਸ ਰਹੇ ਸਨ, ਜਿਨ੍ਹਾਂ ਨੇ ਬਾਅਦ ‘ਚ ਮੁਕੱਦਮਾ ਕੀਤਾ। ਜਾਂਚ ਸਰਕਾਰ ਨੇ ਬਿਠਾਈ ਸੀ, ਇਸ ਲਈ ਮੁੱਖ ਮੰਤਰੀ ਦੇ ਖਿਲਾਫ ਮੁਕੱਦਮੇ ਦਾ ਬਿੱਲ ਸਰਕਾਰ ਦੇਵੇਗੀ, ਕਿਉਂਕਿ ਇਹ ਅਰਵਿੰਦ ਕੇਜਰੀਵਾਲ ਦਾ ਕੋਈ ਨਿੱਜੀ ਮੁਕੱਦਮਾ ਨਹੀਂ ਸੀ।
ਮਨੀਸ਼ ਸਿਸੌਦੀਆ ਨੇ ਕਿਹਾ ਕਿ ਕ੍ਰਿਕਟ ‘ਚ ਭ੍ਰਿਸ਼ਟਾਚਾਰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਸੀ। ਹੁਣ ਸਰਕਾਰ ਵੱਲੋਂ ਕ੍ਰਿਕਟ ‘ਚ ਕਰਵਾਈ ਜਾ ਰਹੀ ਜਾਂਚ ‘ਚ ਲੱਗੇ ਵਕੀਲ ਦੀ ਫੀਸ ਅਰਵਿੰਦ ਕੇਜਰੀਵਾਲ ਵਿਅਕਤੀਗਤ ਰੂਪ ਨਾਲ ਕਿਉਂ ਦੇਣਗੇ? ਮਨੀਸ਼ ਸਿਸੌਦੀਆ ਨੇ ਕਿਹਾ ਕਿ ਜੇਠਮਲਾਨੀ ਡੇਢ ਸਾਲਾਂ ਤੋਂ ਇਹ ਮੁਕੱਦਮਾ ਲੜ ਰਹੇ ਹਨ ਪਰ ਡੇਢ ਸਾਲਾਂ ਤੋਂ ਇਹ ਗੱਲ ਨਹੀਂ ਹੋਈ। ਅੱਜ ਇਹ ਗੱਲ ਹੋ ਰਹੀ ਹੈ, ਕਿਉਂਕਿ ਈ.ਵੀ.ਐੱਮ. (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ ਅਤੇ ਸਾਰੇ ਦਾ ਸਾਰਾ ਮੁੱਦਾ ਪਲਟਣ ਦੀ ਕੋਸ਼ਿਸ਼ ਕੀਤੀ ਹੈ।