ਬਠਿੰਡਾ: ਫਰੀਦਕੋਟ ਜੇਲ ‘ਚੋਂ ਵਟਸਐੱਪ ਕਾਲ ਰਾਹੀਂ ਜੋਧਪੁਰ ਦੇ ਡਾਕਟਰ ਅਤੇ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ ‘ਚ ਬੈਠ ਕੇ ਹੀ ਆਪਣੀਆਂ 21 ਫੇਸਬੁਕ ਆਈਡੀ ਆਪਰੇਟ ਕਰਦਾ ਸੀ। ਇਹ ਆਈ. ਡੀ. ਉਸ ਨੇ ਕਥਿਤ ਤੌਰ ‘ਤੇ ਵੱਖ-ਵੱਖ ਨਾਵਾਂ ਨਾਲ ਬਣਾਈਆਂ ਸਨ, ਇਨਾਂ ਨੂੰ ਟ੍ਰੇਸ ਨਾ ਕੀਤਾ ਜਾ ਸਕੇ। ਇਨਾਂ ਆਈ. ਡੀ. ਰਾਹੀਂ ਹੀ ਉਹ ਆਪਣੇ ਗਿਰੋਹ ਦੇ ਸੰਪਰਕ ਵਿਚ ਰਹਿੰਦਾ ਸੀ ਅਤੇ ਜ਼ਰੂਰਤ ਪੈਣ ‘ਤੇ ਇਥੋਂ ਹੀ ਕੋਰਡ ਵਰਡ ਅਪਡੇਟ ਕਰਦਾ ਸੀ।
ਡਾ. ਚਾਂਡਕ ਨੂੰ ਵਟਸਐਪ ਕਾਲ ਰਾਹੀਂ ਧਮਕਾਉਣ ਤੋਂ ਬਾਅਦ ਜਦੋਂ ਜੋਧਪੁਰ ਪੁਲਸ ਦੇ ਆਈ. ਟੀ. ਅਤੇ ਸਾਈਬਰ ਕ੍ਰਾਈਮ ਸੈੱਲ ਨੇ ਇਸ ਦੀ ਜਾਂਚ ਕੀਤੀ ਤਾਂ ਇਨਾਂ ਆਈ. ਡੀਜ਼ ਦਾ ਖੁਲਾਸਾ ਹੋਇਆ। ਇਹੀ ਨਹੀਂ ਲਾਰੈਂਸ ਦੀਆਂ ਕਈ ਅਜਿਹੀਆਂ ਤਸਵੀਰਾਂ ਵੀ ਮਿਲੀਆਂ ਹਨ ਜਿਨਾਂ ਵਿਚ ਉਹ ਖੁੱਲੇਆਮ ਫਰੀਦਕੋਟ ਜੇਲ ਦੇ ਅੰਦਰ ਹੀ ਮੋਬਾਇਲ ਲੈ ਕੇ ਕਦੇ ਬੈਰਕਾਂ ‘ਚ ਘੁੰਮਦਾ ਨਜ਼ਰ ਆ ਰਿਹਾ ਹੈ ਤਾਂ ਕਿਤੇ ਜਿਮਖਾਨੇ ‘ਚ ਸੈਲਫੀ ਲੈਂਦਾ ਦਿਖ ਰਿਹਾ ਹੈ।