ਮੁੱਦਿਆਂ ਤੋਂ ਸੱਖਣੀ ‘ਆਪ’ ਤੇ ਕਾਂਗਰਸ ਨੂੰ ਦਿੱਲੀ ਵਿਚ ਜ਼ਿਮਨੀ ਚੋਣ ਤੇ ਐਮ ਸੀ ਡੀ ਚੋਣਾਂ ‘ਚ ਨਮੋਸ਼ੀ ਭਰੀ ਹਾਰ ਮਿਲੇਗੀ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਮੁੱਦਾ ਵਿਹੂਣੀ ਤੇ ਕੰਮ ਨਾ ਕਰਨ ਵਾਲੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੇ ਐਮ ਡੀ ਸੀ ਚੋਣਾਂ ਵਿਚ ਦਿੱਲੀ ਦੇ ਲੋਕਾਂ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਇਥੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਵਿਚ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ ਕੰਮ ਕਰਨ ਵਾਲੀਆਂ ‘ਨਾਨ ਪਰਫਾਰਮਰ’ ਤੇ ਬਹੁਤ ਚੰਗਾ ਕੰਮ ਕਰਨ ਵਾਲੇ ‘ਸਟਾਰ ਪਰਫਾਰਮਰ’ ਗਠਜੋਡ਼ ਦਰਮਿਆਨ ਮੁਕਾਬਲਾ ਹੈ।  ਇਕ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਹਨ ਜਿਹਨਾਂ ਨੂੰ ਲੋਕਾਂ ਦੀ ਭਲਾਈ ਤੇ ਦਿੱਲੀ ਦੇ ਵਿਕਾਸ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਦੂਜੇ ਪਾਸੇ ਭਾਜਪਾ ਤੇ ਅਕਾਲੀ ਦਲ ਗਠਜੋਡ਼ ਹੈ ਜੋ ਹਰ ਵੇਲੇ ਲੋਕਾਂ ਵਾਸਤੇ ਕੰਮ ਕਰਨ ਵਿਚ ਵਿਸ਼ਵਾਸ ਕਰਦਾ ਹੈ। ਉਹਨਾਂ ਕਿਹਾ ਕਿ ਲੋਕ ਇਸ ਗੱਲ ਵੇਖ ਕੇ ਹੈਰਾਨ ਹਨ ਕਿ ਕੰਮ ਕਰਨ ਵਾਲੀਆਂ ਪਾਰਟੀਆਂ ਬਿਨਾਂ ਕਿਸੇ ਮੁੱਦੇ ‘ਤੇ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕਰ ਕੇ ਵੋਟਾਂ ਮੰਗ ਰਹੀਆਂ ਹਨ ਜਦਕਿ ਦੂਜੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਲੋਕਾਂ ਤੱਕ ਪਹੁੰਚ ਕਰ ਕੇ ਆਪ ਤੇ ਕਾਂਗਰਸ ਵੱਲੋਂ ਦਿੱਲੀ ਵਿਚ ਕੰਮ ਨਾ ਕਰਨ ਦੀ ਬਦੌਲਤ ਪੈਦਾ ਹੋਈਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਨੂੰ ਜਾਨਣ ਦੇ ਯਤਨ ਕਰ ਰਿਹਾ ਹੈ ਤਾਂ ਕਿ ਚੋਣਾਂ ਖਤਮ ਹੋਣ ਮਗਰੋਂ ਇਹ ਮਸਲੇ ਹੱਲ ਕੀਤ ਜਾ ਸਕਣ। ਉਹਨਾ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਵੱਲੋਂ ਵਿਖਾਈ ਕਾਰਗੁਜ਼ਾਰੀ ਤੋਂ ਭਲੀ ਭਾਂਤ ਜਾਣੂ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਆਪ ਤੇ ਕਾਂਗਰਸ ਸਭ ਤੋਂ ਵੱਡੇ ਝੂਠ ਮਾਰਨ ਵਾਲੀਆਂ ਪਾਰਟੀਆਂ ਹਨ ਜਿਹਨਾਂ ਨੂੰ ਗਰੀਬ ਤੇ ਦਬੇ ਕੁਚਲੇ ਲੋਕਾਂ ਦੀ ਭਲਾਈ ਤੇ ਵਿਕਾਸ ਦੀ ਗੱਲ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਭਲਾਈ ਤੇ ਵਿਕਾਸ ਦਾ ਜੋ ਵੀ ਕੰਮ ਕੀਤਾ ਹੈ, ਉਹ ਸਿਰਫ ਇਹਨਾਂ ਦੇ ਆਗੂਆਂ ਤੱਕ ਹੀ ਸੀਮਤ ਹੈ । ਉਹਨਾਂ ਕਿਹਾ ਕਿ ਆਪ ਨੇ ਤਾਂ ਸਰਕਾਰੀ ਖਜਾਨੇ ਨੂੰ ਆਪਣਾ ਨਿੱਜੀ ਖਜਾਨਾ ਹੀ ਸਮਝ ਲਿਆ ਜਦਕਿ ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੱਡਾ ਰਿਕਾਰਡ ਸਥਾਪਿਤ ਕੀਤਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਭਾਜਪਾ ਤੇ ਅਕਾਲੀ ਦਲ ਗਠਜੋਡ਼ ਲੋਕਾਂ ਦੀ ਬੇਹਤਰੀ ਲਈ ਕੰਮ ਕਰਨ ਵਿਚ ਵਿਸ਼ਵਾਸ ਰੱਖਦਾ ਹੈ ਤੇ ਇਸੇ ਏਜੰਡੇ ਦੇ ਆਧਾਰ ‘ਤੇ ਇਸ ਵੱਲੋਂ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਰੂਪ ਰੇਖਾ ਦਿੱਤੀ ਜਾਂਦੀ ਹੈ।
ਭਾਜਪਾ ਤੇ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਨੇ ਕਿਹਾ ਕਿ ਦਿੱਲੀ ਵਿਚ ਭਾਜਪਾ ਤੇ ਅਕਾਲੀ ਦਲ ਗਠਜੋਡ਼ ਦੇ ਹੱਕ ਵਿਚ ਲਹਿਰ ਚਲ ਰਹੀ ਹੈ ਤੇ ਲੋਕ ਦਿੱਲੀ ਵਿਚ ਵੀ ਇਸ ਗਠਜੋਡ਼ ਦੀ ਜਿੱਤ ਵੇਖਣ ਲਈ ਉਤਸੁਕ ਹਨ ਕਿਉਂਕਿ ਉਹ ਵੀ  ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਹੇਠ ਐਨ ਡੀ ਏ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਤੇ ਪ੍ਰੋਗਰਾਮਾਂ ਪ੍ਰਤੀ ਦੇਸ਼ ਭਰ ਦੇ ਲੋਕਾਂ ਦੇ ਉਤਸ਼ਾਹ ਦਾ ਹਿੱਸਾ ਬਨਣਾ ਚਾਹੁੰਦੇ ਹਨ।