ਚੰਡੀਗੜ੍ਹ/ਜਲੰਧਰ —ਰੇਤ-ਬਜਰੀ ‘ਤੇ ਗੁੰਡਾ ਵਸੂਲੀ ਬੰਦ ਕਰਨ ਵਾਲੀ ਕਾਂਗਰਸ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ 30 ਦਿਨਾਂ ਦੇ ਅੰਦਰ ਨਵੀਂ ਮਾਈਨਿੰਗ ਪਾਲਿਸੀ ਤਿਆਰ ਕੀਤੀ ਜਾਵੇਗੀ ਅਤੇ ਜਨਤਾ ਨੂੰ ਸਸਤੀਆਂ ਕੀਮਤਾਂ ‘ਤੇ ਰੇਤ-ਬਜਰੀ ਮਿਲਣੀ ਸ਼ੁਰੂ ਹੋ ਜਾਵੇਗੀ।
ਇਸ ਸਬੰਧੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ‘ਚ ਅੱਜ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਅਗਲੇ 30 ਦਿਨਾਂ ਦੇ ਅੰਦਰ ਪਾਲਿਸੀ ਤਿਆਰ ਕੀਤੀ ਜਾਵੇ ਤੇ ਅਗਲੀ ਬੈਠਕ ਤੋਂ ਪਹਿਲਾਂ ਮਾਈਨਿੰਗ ਸਬੰਧੀ ਰੋਡ ਮੈਪ ਤਿਆਰ ਕੀਤਾ ਜਾਵੇ। ਇਸ ਮੀਟਿੰਗ ਤੋਂ ਇਹ ਸੰਦੇਸ਼ ਮਿਲਿਆ ਹੈ ਕਿ ਕਾਂਗਰਸ ਸਰਕਾਰ ਰੇਤ ਮਾਫੀਆ ਵਿਰੁੱਧ ਵੱਡੀ ਪਾਲਿਸੀ ਲਿਆਉਣ ਵਾਲੀ ਹੈ।
ਮੁੱਖ ਮੰਤਰੀ ਦੀ ਪ੍ਰਧਾਨਗੀ ‘ਚ ਹੋਈ ਇਸ ਬੈਠਕ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ, ਪੰਚਾਇਤ ਤੇ ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੋਂ ਇਲਾਵਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ। ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਰੇਤ ਮਾਫੀਆ ਨੂੰ ਖਤਮ ਕਰਨ ਲਈ ਪੂਰੀ ਸਖਤੀ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਗੈਰ-ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਨਾ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਕਾਨੂੰਨੀ ਮਾਈਨਿੰਗ ਸ਼ੁਰੂ ਹੋਣ ਨਾਲ ਛੇਤੀ ਹੀ ਰੇਤ ਤੇ ਬਜਰੀ ਦੀਆਂ ਕੀਮਤਾਂ ‘ਚ ਕਮੀ ਆਵੇਗੀ।
ਬੈਠਕ ‘ਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮਾਈਨਿੰਗ ਖੱਡਾਂ ਦੀ ਨਿਲਾਮੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਕੁਝ ਖੱਡਾਂ ਲਈ ਕੇਂਦਰੀ ਚੌਗਿਰਦਾ ਮੰਤਰਾਲਾ ਤੋਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਅਗਲੇ ਕੁਝ ਹੀ ਮਹੀਨਿਆਂ ‘ਚ ਸਾਰੀਆਂ ਖੱਡਾਂ ਦਾ ਕੰਮ ਪੂਰੀ ਤਰ੍ਹਾਂ ਤੋਂ ਸ਼ੁਰੂ ਹੋਣ ਤੋਂ ਬਾਅਦ ਰਾਹਤ ਮਿਲੇਗੀ। ਮਾਈਨਿੰਗ ਮਾਫੀਆ ਵਿਰੁੱਧ ਕਾਰਵਾਈ ਲਈ ਜ਼ਿਲਾ ਪੱਧਰ ‘ਤੇ ਹੈਲਪਲਾਈਨ ਸਥਾਪਤ ਕਰਨ ਤੋਂ ਇਲਾਵਾ ਹੋਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਥੇ ਜ਼ਿਕਰਯੋਗ ਹੈ ਕਿ ‘ਜਗ ਬਾਣੀ’ ਵਲੋਂ ਕਾਂਗਰਸ ਸਰਕਾਰ ਬਣਨ ਦੇ ਬਾਅਦ ਰੇਤ-ਬਜਰੀ ‘ਤੇ ਹੋਣ ਵਾਲੀ ਗੁੰਡਾ ਵਸੂਲੀ ਦਾ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਜਿਸ ਕਾਰਨ ਪਠਾਨਕੋਟ ‘ਚ ਪ੍ਰਸ਼ਾਸਨ ਨੇ ਸਰਜੀਕਲ ਸਟ੍ਰਾਈਕ ਕਰ ਕੇ ਗੁੰਡਿਆਂ ਦੇ ਨਾਕੇ ਉਖਾੜ ਦਿੱਤੇ ਸਨ ਪਰ ਪਾਲਿਸੀ ਨਾ ਬਣਨ ਕਾਰਨ ਮਾਈਨਿੰਗ ਨਹੀਂ ਹੋ ਪਾ ਰਹੀ ਸੀ ਅਤੇ ਕਰੈਸ਼ਰ ਬੰਦ ਹੋ ਰਹੇ ਸਨ।