ਨਵੀਂ ਦਿੱਲੀ :  ਜਦੋਂ ਵੀ ਕਦੇ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ ਦੇ ਦੌਰੇ ‘ਤੇ ਜਾਂਦਾ ਹੈ ਤਾਂ ਉਹ ਉਸ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਨੇਤਾਵਾਂ ਨੂੰ ਮਿਲਦਾ ਹੈ ਪਰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਤਾਂ ਰਜਨੀਕਾਂਤ ਦੇ ਵੱਡੇ ਪ੍ਰਸ਼ੰਸਕ ਹਨ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ, ਦੱਖਣੀ-ਭਾਰਤੀ ਸੁਪਰਸਟਾਰ ਰਜਨੀਕਾਂਤ ਨਾਲ ਮੁਲਾਕਾਤ ਨੂੰ ਲੈ ਕੇ ਕਾਫੀ ਉਤਸ਼ਾਹਤ ਸਨ। ਨਜੀਬ ਆਪਣੀ ਪਤਨੀ ਨਾਲ 6 ਦਿਨਾਂ ਦੌਰੇ ‘ਤੇ ਭਾਰਤ ਆਏ ਹੋਏ ਹਨ ਅਤੇ ਬੀਤੇ ਵੀਰਵਾਰ ਨੂੰ ਉਹ ਚੇਨਈ ਵਿਚ ਰਜਨੀਕਾਂਤ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ।
ਰਜਨੀਕਾਂਤ ਨਾਲ ਮੁਲਾਕਾਤ ਦੌਰਾਨ ਨਜੀਬ ਨੇ ਕਿਹਾ, ”ਮੈਂ ਇਸ ਗੱਲ ਨੂੰ ਲੈ ਕੇ ਬੇਹੱਦ ਉਤਸੁਕ ਹਾਂ ਕਿ ਫਿਲਮ ‘ਕਬਾਲੀ’ ਦੇ ਸੀਕਵਲ ਦੀ ਸ਼ੂਟਿੰਗ ਮਲੇਸ਼ੀਆ ਵਿਚ ਕੀਤੀ ਜਾਵੇ। ਨਜੀਬ ਨੇ ਆਮ ਪ੍ਰਸ਼ੰਸਕ ਵਾਂਗ ਉਨ੍ਹਾਂ ਨਾਲ ਸੈਲਫੀ ਵੀ ਲਈ। ਦੱਸਣ ਯੋਗ ਹੈ ਕਿ ਨਜੀਬ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਤੇ ਤਮਿਲ ਫਿਲਮਾਂ ਦੇ ਦੀਵਾਨੇ ਹਨ। ਸਾਲ 2016 ‘ਚ ਰਿਲੀਜ਼ ਹੋਈ ਕਬਾਲੀ ਭਾਰਤ ਅਤੇ ਵਿਦੇਸ਼ਾਂ ਵਿਚ ਸੁਪਰਹਿੱਟ ਰਹੀ ਸੀ।