ਗਾਂਧੀਨਗਰ ਗੁਜਰਾਤ ਵਿਧਾਨ ਸਭਾ ਨੇ ਗਊ ਹੱਤਿਆ ਲਈ ਉਮਰਕੈਦ ਦੀ ਸਜ਼ਾ ਦਾ ਪ੍ਰਬੰਧ ਕਰਨ ਵਾਲੇ ਸੂਬਾ ਸਰਕਾਰ ਦੇ ਇਕ ਬਿੱਲ ਨੂੰ ਸ਼ੁੱਕਰਵਾਰ ਆਪਣੀ ਪ੍ਰਵਾਨਗੀ ਦੇ ਦਿੱਤੀ।
ਸੰਸਦੀ ਮਾਮਲਿਆਂ ਅਤੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਗੁਜਰਾਤ ਪਸ਼ੂ ਸੁਰੱਖਿਆ ਸੋਧ ਕਾਨੂੰਨ 2017 ਅਧੀਨ ਗਊ ਹੱਤਿਆ ਕਰਨ ਜਾਂ ਕਰਵਾਉਣ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਉਮਰਕੈਦ ਹੋਵੇਗੀ। ਇਸ ਅਪਰਾਧ ਲਈ ਘੱਟੋ-ਘੱਟ ਸਜ਼ਾ 10 ਸਾਲ ਅਤੇ ਜੁਰਮਾਨਾ 1 ਲੱਖ ਤੋਂ 5 ਲੱਖ ਰੁਪਏ ਤੱਕ ਹੋਵੇਗਾ। ਗਊ ਮਾਸ ਦੀ ਸਮੱਗਲਿੰਗ, ਗਊ ਮਾਸ ਰੱਖਣ, ਖਰੀਦਣ ਅਤੇ ਵੇਚਣ ਵਾਲੇ ਦੋਸ਼ੀਆਂ ਲਈ 7 ਤੋਂ 10 ਸਾਲ ਦੀ ਸਜ਼ਾ ਅਤੇ 5 ਤੋਂ 10 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ। ਗਊ ਮਾਸ ਜਾਂ ਪਸ਼ੂਆਂ ਦੀ ਸਮੱਗਲਿੰਗ ਲਈ ਵਰਤੀਆਂ ਜਾਣ ਵਾਲੀਆਂ ਮੋਟਰ ਗੱਡੀਆਂ ਨੂੰ ਪੱਕੇ ਤੌਰ ‘ਤੇ ਜ਼ਬਤ ਕਰ ਲਿਆ ਜਾਏਗਾ।