ਨਸ਼ਿਆਂ ਦੇ ਸਬੰਧ ‘ਚ ਸਿਰਫ਼ ਦੋ ਦਿਨਾਂ ਵਿੱਚ 181 ਹੈਲਪਲਾਈਨ ‘ਤੇ 240 ਸੂਹਾਂ

ਨਵੀਂ ਦਿੱਲੀ – ਪੰਜਾਬ ਪੁਲਸ ਨੂੰ ਨਸ਼ਿਆਂ ਦੇ ਸਬੰਧ ਵਿੱਚ ਪਿਛਲੇ ਕੇਵਲ ਦੋ ਦਿਨਾਂ ਵਿਚ 181 ਨੰਬਰ ਹੈਲਪਲਾਈਨ ‘ਤੇ ਨਸ਼ਿਆਂ ਦੇ ਸਬੰਧ ਵਿੱਚ 240 ਸੂਹਾਂ ਮਿਲੀਆਂ ਹਨ ਅਤੇ ਇਸ ਸਬੰਧ ਵਿੱਚ ਹੁਣ ਤੱਕ ਤਕਰੀਬਨ 500 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੋਧੀ ਮੁਹਿੰਮ ਦੇ ਚੰਗੇ ਨਤੀਜੇ ਨਿਕਲਣ ਲੱਗ ਪਏ ਹਨ ਅਤੇ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਵੱਲੋਂ ਸ਼ੁਕਰਵਾਰ ਨੂੰ ਆਹੁਦਾ ਸੰਭਾਲ ਲੈਣ ਤੋਂ ਬਾਅਦ ਇਸ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ।
ਬਾਦਲ ਸਰਕਾਰ ਦੇ ਸ਼ਾਸਨ ਦੌਰਾਨ ਨਕਾਰਾ ਕੀਤੀ ਚੌਵੀ ਘੰਟੇ ਚੱਲਣ ਵਾਲੀ ਹੈਲਪਲਾਈਨ ਦੇ ਸਫ਼ਲਤਾਪੂਰਨ ਮੁੜ ਸ਼ੁਰੂ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਤੇ ਖੂਫ਼ੀਆਂ ਏਜੰਸੀਆਂ ਨੂੰ ਆਉਂਦੇ ਦਿਨਾਂ ਦੌਰਾਨ ਨਸ਼ਿਆਂ ਵਿਰੁੱਧ ਮੁਹਿੰਮ ਹੋਰ ਤੇਜ਼ ਕਰਨ ਅਤੇ ਇਸ ਸਬੰਧ ਵਿਚ ਆਮ ਲੋਕਾਂ ਦੀ ਮਦਦ ਲੈਣ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ਵਿੱਚੋਂ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਸਫਾਇਆ ਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਸਰਕਾਰ ਨੇ ਭਰੋਸਾ ਦਵਾਇਆ ਸੀ ਕਿ ਨਸ਼ਿਆਂ ਵਿਰੁੱਧ ਸੂਹ ਦੇਣ ਵਾਲੇ ਹਰੇਕ ਵਿਅਕਤੀ ਦੀ ਸ਼ਨਾਖਤ ਨੂੰ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ ਅਤੇ ਉਹ ਬਿਨਾ ਕਿਸੇ ਡਰ ਤੋਂ ਨਸ਼ਿਆਂ ਬਾਰੇ ਸੂਚਨਾ ਦੇਣ ਲਈ ਅੱਗੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਾਪਤ ਹੋਣ ਵਾਲੀ ਹਰੇਕ ਸੂਹ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੂਮੱਤ ਸੂਹਾਂ ਨਸ਼ਿਆਂ ਦੀ ਵਿਕਰੀ ਵਾਲੇ ਅੱਡਿਆਂ ਤੇ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਲੋਕਾਂ ਬਾਰੇ ਮਿਲ ਰਹੀਆਂ ਹਨ। ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਲੱਗੀ ਪੁਲਸ ਅਤੇ ਹੋਰ ਸਾਰੀਆਂ ਏਜੰਸੀਆਂ ਵੱਲੋਂ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਵੀ.ਆਈ.ਪੀ ਦੀ ਸੁਰੱਖਿਆ ਦੇ ਸਵਾਲ ‘ਤੇ ਮੁੱਖ ਮੰਤਰੀ ਨੇ ਫਾਲਤੂ ਕਾਰਜਾਂ ਵਿੱਚ ਲੱਗੀ ਸੁਰੱਖਿਆ ਨੂੰ ਵਾਪਿਸ ਬੁਲਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਪੁਲਸ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੈ ਅਤੇ ਇਹ ਸਿਆਸੀ ਆਗੂਆਂ ਦੇ ਰੁਤਬੇ ਦੇ ਚਿੰਨ ਲਈ ਨਹੀਂ ਬਣੀ ਹੈ।
ਨਸ਼ਿਆਂ ਦੇ ਸਬੰਧ ਵਿੱਚ ਅੰਕੜੇ ਮੁਹੱਈਆ ਕਰਵਾਉਂਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 16 ਮਾਰਚ ਤੋਂ 29 ਮਾਰਚ ਤੱਕ ਨਸ਼ੇ ਦੇ 497 ਵਪਾਰੀਆਂ ਅਤੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਐਨ.ਡੀ.ਪੀ.ਐਸ ਐਕਟ ਹੇਠ 449 ਕੇਸ ਦਰਜ ਕੀਤੇ ਗਏ ਹਨ।
ਇਸ ਸਮੇਂ ਦੌਰਾਨ ਫੜੇ ਗਏ ਨਸ਼ਿਆਂ ਦੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ 4.034ਕਿਲੋਗ੍ਰਾਮ ਹੈਰੋਇਨ ਤੇ 0.605 ਕਿਲੋਗ੍ਰਾਮ ਸਮੈਕ ਪ੍ਰਾਪਤ ਕੀਤੀ ਗਈ ਹੈ। ਇਸ ਦੌਰਾਨ 2.22 ਕਿਲੋਗ੍ਰਾਮ ਚਰਸ, 24.46 ਕਿਲੋਗ੍ਰਾਮ ਅਫ਼ੀਮ,715.31 ਕਿਲੋਗ੍ਰਾਮ ਚੂਰਾ ਪੋਸਤ ਤੇ 1.879 ਕਿਲੋਗ੍ਰਾਮ ਭੰਗ ਵੀ ਫੜੀ ਗਈ ਹੈ। ਪੁਲਸ ਨੇ 12.519 ਕਿਲੋਗ੍ਰਾਮ ਨਸ਼ੀਲਾ ਪਾਊਡਰ, 1576 ਟੀਕੇ, 111893 ਗੋਲੀਆਂ/ਕੈਪਸੂਲ, 72.78 ਕਿਲੋ ਗਾਂਜਾ ਅਤੇ 133 ਸ਼ੀਸ਼ੀਆਂ ਸਿਰਪ ਵੀ ਫੜਿਆ ਹੈ।
ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਨਾਲ ਨਿਪਟਣ ਲਈ ਵੱਖ-ਵੱਖ ਏਜੰਸੀਆਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸੀ.ਆਈ.ਏ ਤੇ ਐਂਟੀ ਨਾਰਕੋਟਿਕਸ ਸੈਲ ਇਕਾਈਆਂ ਦੀ ਸਹਾਇਤਾਂ ਨਾਲ ਐਸ.ਐਚ.ਓ ਪੱਧਰ ਦੀਆਂ ਟੀਮਾਂ ਹਰ ਜ਼ਿਲ੍ਹੇ ਵਿੱਚ ਬਣਾਈਆਂ ਗਈਆਂ ਹਨ ਤਾਂ ਜੋ ਸੂਬੇ ਵਿੱਚੋਂ ਚਾਰ ਹਫ਼ਤੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਸਰਕਾਰ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਸੂਬੇ ਦਾ ਵਿਸ਼ੇਸ਼ ਅਪ੍ਰੇਸ਼ਨ ਸੈਲ (ਐਸ.ਐਸ.ਓ.ਪੀ) ਵੀ ਇਸ ਮੁਹਿੰਮ ਵਿੱਚ ਸ਼ਾਮਲ ਹੈ ਅਤੇ ਵੱਖ-ਵੱਖ ਪੁਲਸ ਅਤੇ ਖੂਫੀਆ ਏਜੰਸੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਿਵਲ ਪ੍ਰਸ਼ਾਸਨ ਵੀ ਪੂਰੀ ਮਦਦ ਦੇ ਰਿਹਾ ਹੈ।
ਮੁੱਖ ਮੰਤਰੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ, ਡਇਰੈਕਟੋਰੇਟ ਆਫ਼ ਰੈਵਨਿਊ ਇੰਟੈਲੀਜੈਂਸ ਅਤੇ ਕਸਟਮ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਵੀ ਸੂਬਾ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਦੇਸ਼ ਦੇ ਹੋਰਨਾਂ ਹਿੱਸਿਆਂ ਅਤੇ ਸਰਹੱਦੋਂ ਪਾਰੋਂ ਵੀ ਨਸ਼ਿਆਂ ਦੀ ਸਪਲਾਈ ਅਤੇ ਤਸਕਰੀ ਨੂੰ ਰੋਕਿਆ ਜਾ ਸਕੇ।