ਕੈਪਟਨ ਅਮਰਿੰਦਰ ਸਿੰਘ ਰਾਜੌਰੀ ਗਾਰਡਨ ਹਲਕੇ ਵਿਚ ਕਾਂਗਰਸ ਦੇ ਡੁਬਦੇ ਬੇਡ਼ੇ ਨੂੰ ਨਹੀਂ ਬਚਾ ਸਕਦੇ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਡੁਬਦੇ ਬੇਡ਼ੇ ਨੂੰ ਨਹੀਂ ਬਚਾ ਸਕਦੇ ਕਿਉਂਕਿ ਹਲਕੇ ਦੇ ਲੋਕ ਇਸ ਇਲਾਕੇ ਵਿਚੋਂ ਕਾਂਗਰਸ ਨੂੰ ਸਥਾਈ ਤੌਰ ‘ਤੇ ਖਤਮ ਕਰਨ ਲਈ ਉਤਾਵਲੇ ਹਨ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੱਖ ਵੱਖ  ਹਲਕਿਆਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦੇ ਬਲਬੂਤੇ ਚੋਣ ਜਿੱਤ ਲਈ ਹੈ ਪਰ  ਹੁਣ ਲੋਕ ਉਥੇ ਪਛਤਾ ਰਹੇ ਹਨ ਕਿ ਉਹਨਾਂ ਨੇ ਅਮਰਿੰਦਰ ਸਿੰਘ ਦੇ ਝੂਠੇ ਤੇ ਥੋਥੇ ਵਾਅਦਿਆਂ ਉਪਰ ਇਤਬਾਰ ਕਿਉਂ ਕੀਤਾ ਜੋ ਹੁਣ ਕਿਸਾਨੀ ਕਰਜ਼ੇ ਮੁਆਫ ਕਰਨ ਸਮੇਤ ਹੋਰ ਵਾਅਦੇ ਪੂਰੇ ਕਰਨ ਤੋਂ ਭੱਜ ਰਹੇ ਹਨ, ਜਦਕਿ ਦਿੱਲੀ ਵਿਚ ਹਾਲਾਤ ਵੱਖਰੇ ਹਨ ਤੇ ਇਥੇ ਲੋਕ ਕਾਂਗਰਸ ਪਾਰਟੀ ਵੱਲੋਂ ਡੇਢ ਦਹਾਕਿਆਂ ਤੱਕ ਚਲਾਈ ਸਰਕਾਰ ਸਮੇਂ ਕੀਤੀ ਮਾਡ਼ੀ ਕਾਰਗੁਜ਼ਾਰੀ ਦੇ ਕਾਰਨ ਉਸ ਤੋਂ ਅੱਕ ਚੁੱਕੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਜੁੰਡਲੀ ਇਸ ਕੌਡ਼ੀ ਸੱਚਾਈ ਤੋਂ ਜਾਣੂ ਹੈ।
ਕਾਂਗਰਸ ਪਾਰਟੀ ‘ਤੇ ਵਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਲਕੇ ਤੋਂ ਬਾਹਰੋਂ ਲੋਕ ਲਿਆ ਕੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਫਲਾਪ ਸ਼ੌਅ ਰੈਲੀ ਨੇ ਪਹਿਲਾਂ ਹੀ ਇਸ ਚੋਣ ਵਿਚ ਕਾਂਗਰਸ ਦੀ ਹਾਰ ਉਪਰ ਮੋਹਰ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਇਸ ਹਲਕੇ ਦੀ ਪ੍ਰਤੀਨਿਧਾਨ ਵਿਧਾਨ ਸਭਾ ਵਿਚ ਕਿਸੇ ਵੇਲੇ ਕਾਂਗਰਸ ਪਾਰਟੀ ਕਰਦੀ ਸੀ ਤੇ ਇਸ ਹਲਕੇ ਨੂੰ ਇਸਦਾ ਸੰਤਾਪ ਕਾਂਗਰਸ ਵਿਧਾਇਕ ਦੀ ਨਾਕਸ ਕਾਰਗੁਜ਼ਾਰੀ ਕਰ ਕੇ ਸਭ ਤੋਂ ਮਾਡ਼ੇ ਬੁਨਿਆਦੀ ਢਾਂਚੇ ਲਈ ਹੰਢਾਉਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਦਿੱਲੀ ਵਿਚਲੀ ਪਹਿਲੀ ਕਾਂਗਰਸ ਸਰਕਾਰ ਵੱਲੋਂ ਹਲਕੇ ਵਿਚ ਕੋਈ ਕੰਮ ਨਾ ਕਰਨ ਕਾਰਨ ਮਾਯੂਸ ਹੋਏ ਤੇ ਲੋਕਾਂ ਦੇ ਮਨਾਂ ਵਿਚ ਕਾਂਗਰਸ ਪ੍ਰਤੀ ਰੋਹ ਹੈ।
ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਇਹ ਚੋਣ ਹਾਂ ਪੱਖੀ ਬਨਾਮ ਨਾਂਹ ਪੱਖੀ ਚੋਣ ਹੈ। ਉਹਨਾਂ ਕਿਹਾ ਕਿ ਇਕ ਪਾਸੇ ਭਾਜਪਾ ਤੇ ਅਕਾਲੀ ਦਲ ਗਠਜੋਡ਼ ਹੈ ਜਿਸਦੀ ਕੇਂਦਰ ਸਰਕਾਰ ਦੀ ਦੋ ਸਾਲਾਂ ਤੋਂ ਵੱਧ ਦੀ ਕਾਰਗੁਜ਼ਾਰੀ ਦੀ ਬਦੌਲਤ ਐਨ. ਡੀ. ਏ. ਵੱਲੋਂ ਵੱਖ ਵੱਖ ਰਾਜਾਂ ਵਿਚ ਜਿੱਤਾਂ ਦਰਜ ਕੀਤੀਆਂ ਗਈਆਂ ਜਦਕਿ ਦੂਜੇ ਕਾਂਗਰਸ ਤੇ ਇਸਦੇ ਸਹਿਯੋਗੀ ਹਨ ਜਿਹਨਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਉਹਨਾਂ ਨੇ ਪੰਜਾਬ ਤੋਂ ਕਾਂਗਰਸ ਦੇ ਆਗੂ ਨੂੰ ਇਹ ਵੀ ਚੇਤੇ ਕਰਵਾਇਆ ਕਿ ਦੇਸ਼ ਦੇ ਇਕ ਵਿਦਿਆਰਥੀ ਨੇ ਕਾਂਗਰਸ ਦੇ ਆਗੂ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਨ ਲਈ ਉਸ ਕੋਲ ਪਹੁੰਚ ਕੀਤੀ ਹੈ ਤੇ ਉਸਦੇ ਨਾਮ ‘ਤੇ ਸਭ ਤੋਂ ਵੱਧ ਹਾਰਾਂ ਲਈ ਪਾਰਟੀ ਦੀ ਅਗਵਾਈ ਕਰਨ ਦਾ ਰਿਕਾਰਡ ਦਰਜ ਕਰਨ ਵਾਸਤੇ ਆਖਿਆ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਦੇਸ਼ ਵਿਚ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ।
ਭਾਜਪਾ ਅਕਾਲੀ ਗਠਜੋਡ਼ ਦੇ ਉਮੀਦਵਾਰ ਨੇ ਕਿਹਾ ਕਿ ਰਾਜੌਰੀ ਗਾਰਡਨ ਹਲਕੇ ਦੇ ਲੋਕਾਂ ਨੇ ਪਹਿਲਾਂ ਹੀ ਗਠਜੋਡ਼ ਦੇ ਹੱਕ ਵਿਚ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਇਹ ਇਕਲੌਤਾ ਗਠਜੋਡ਼ ਹੈ ਜਿਸਦਾ ਏਜੰਡਾ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ।