ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ 4 ਅਪਰੈਲ ਤੋਂ

ਚੰਡੀਗੜ੍ਹ – ਖੇਤੀਬਾੜੀ ਵਿਭਾਗ, ਪੰਜਾਬ ਵਲੋਂ ਸਾਲ 2017 ਦੌਰਾਨ ਫਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪਾਂ/ਸੈਮੀਨਾਰਾਂ ਦਾ ਆਯੋਜਨ 4 ਅਪਰੈਲ, 2017 ਤੋਂ ਆਰੰਭ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਇੱਕ ਸਰਕਾਰੀ ਬੁਲਾਰੇ ਅਨੁਸਾਰ ਇਹ ਕੈਂਪ ਜਿਲ੍ਹੇ ਦੀਆਂ ਅਨਾਜ ਮੰਡੀਆਂ ਵਿਖੇ ਲਗਾਏ ਜਾਣਗੇ ਅਤੇ ਮੌਕੇ ‘ਤੇ ਹੀ ਖੇਤੀਬਾੜੀ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ। ਬੁਲਾਰੇ ਨੇ ਦੱਸਿਆ ਕਿ ਕੈਂਪਾਂ ਲਈ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਕੈਂਪ ਮੁਹਾਲੀ, ਫਾਜ਼ਿਲਕਾ ਵਿਖੇ 4 ਅਪਰੈਲ ਨੂੰ, ਗੁਰਦਾਸਪੁਰ, ਬਠਿੰਡਾ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਵਿਖੇ 5 ਅਪਰੈਲ ਨੂੰ, ਪਠਾਨਕੋਟ, ਫਰੀਦਕੋਟ, ਜਲੰਧਰ ਵਿਖੇ 6 ਅਪਰੈਲ ਨੂੰ, ਸ੍ਰੀ ਮੁਕਤਸਰ ਸਾਹਿਬ ਤੇ ਅੰਮ੍ਰਿਤਸਰ ਵਿਖੇ 7 ਅਪਰੈਲ ਨੂੰ, ਸੰਗਰੂਰ, ਲੁਧਿਆਣਾ ਤੇ ਰੂਪਨਗਰ ਵਿਖੇ 8 ਅਪਰੈਲ ਨੂੰ, ਤਰਨਤਾਰਨ, ਮੋਗਾ ਤੇ ਮਾਨਸਾ ਵਿਖੇ 10 ਅਪਰੈਲ ਨੂੰ ਅਤੇ ਨਵਾਂ ਸ਼ਹਿਰ, ਕਪੂਰਥਲਾ, ਫਤਿਹਗੜ੍ਹ ਸਾਹਿਬ, ਬਰਨਾਲਾ ਅਤੇ ਪਟਿਆਲਾ ਵਿਖੇ 11 ਅਪਰੈਲ ਨੂੰ ਲਗਾਏ ਜਾਣਗੇ।