ਸਕੂਲ ਵਿੱਚ ਅੱਧੀ ਛੁੱਟੀ ਵੇਲੇ ਸੰਦੀਪ ਆਪਣੇ ਸਾਥੀ ਅਧਿਆਪਕਾਂ ਨਾਲ ਲੰਚ ਕਰ ਕੇ ਲਾਇਬ੍ਰੇਰੀ ਦੇ ਇੱਕ ਕੋਨੇ ਵਿੱਚ ਜਾ ਬੈਠੀ ਅਤੇ ਆਪਣੇ ਖ਼ਿਆਲਾਂ ਵਿੱਚ ਗਵਾਚ ਗਈ। ਕਈ ਪੁਰਾਣੇ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਚਾਰ ਕੁ ਸਾਲ ਪਹਿਲਾਂ ਉਸ ਲਈ ਲੜਕਾ ਵੇਖਣ ਗਏ ਉਸ ਦੇ ਬਾਪੂ ਨੇ ਘਰ ਆ ਕੇ ਦੱਸਿਆ ਸੀ, ‘ਮੁੰਡਾ ਤਾਂ ਵਧੀਐ। ਸੋਹਣਾ ਸੁਨੱਖੈ। ਡਰਾਫ਼ਟਸਮੈਨ ਲੱਗਿਆ ਹੋਇਐ। ਪਰ ਮੁੰਡੇ ਦਾ ਪਿਉ ਕਹਿੰਦੈ ਬਈ ਪਹਿਲਾਂ ਵੱਡੇ ਮੁੰਡੇ ਦਾ ਰਿਸ਼ਤਾ ਕਰਨੈਂ। ਵੱਡਾ ਹੈਗਾ ਅੱਠ ਜਮਾਤਾਂ ਪਾਸ ਤੇ ਊਂ ਵੀ ਨਸ਼ਾ ਪੱਤਾ ਕਰਨ ਆਲਾ ਲੱਗਦੈ।’ ਗੱਲ ਚੱਲਦੀ ਰਹੀ ਅਤੇ ਅਖ਼ੀਰ ਮੁੰਡੇ ਦਾ ਪਿਉ ਮੰਨ ਗਿਆ ਸੀ ਅਤੇ ਉਸ ਦਾ ਵਿਆਹ ਛੋਟੇ ਪ੍ਰਕਾਸ਼ ਨਾਲ ਹੋ ਗਿਆ ਸੀ। ਉਹ ਬਹੁਤ ਖ਼ੁਸ਼ ਸੀ। ਦੋਹਾਂ ਦੀ ਜੋੜੀ ਖ਼ੂਬ ਫ਼ੱਬਦੀ ਸੀ। ਸਾਡੇ ਸਮਾਜ ਵਿੱਚ ਜੇ ਛੋਟੇ ਮੁੰਡੇ ਦਾ ਵਿਆਹ ਪਹਿਲਾਂ ਹੋ ਜਾਵੇ, ਤਾਂ ਮਗਰੋਂ ਵੱਡੇ ਦਾ ਨੰਬਰ ਸੌਖਾ ਨਹੀਂ ਲੱਗਦਾ। ਉਸ ਦਾ ਜੇਠ ਵੀ ਛੜਾ ਰਹਿ ਗਿਆ ਸੀ। ਉਹ ਉਸ ਵੱਲ ਟੇਢੀ ਅੱਖ ਨਾਲ ਵੇਖਦਾ ਅਤੇ ਮੌਕਾ ਤਾੜ ਕੇ ਛੇੜਖ਼ਾਨੀ ਵੀ ਕਰਦਾ। ਪਰ ਉਹ ਚੁੱਪ ਵੱਟੀ ਰੱਖਦੀ। ਆਪਣੇ ਵਧੀਆ ਸੁਭਾਅ ਨਾਲ ਉਸ ਨੇ ਪ੍ਰਕਾਸ਼ ਦੇ ਨਾਲ-ਨਾਲ ਆਪਣੇ ਸੱਸ ਸਹੁਰੇ ਦਾ ਮਨ ਵੀ ਮੋਹ ਲਿਆ। ਘਰ ਦਾ ਸਾਰਾ ਕੰਮ ਓਹੀ ਕਰਦੀ ਅਤੇ ਵਾਹ ਲੱਗਦੀ, ਆਪਣੀ ਸੱਸ ਨੂੰ ਕੋਈ ਕੰਮ ਨਾ ਕਰਨ ਦਿੰਦੀ। ਉਸ ਦੀ ਸੱਸ ਆਂਢ-ਗੁਆਂਢ ਵਿੱਚ ਉਸ ਦੀਆਂ ਸਿਫ਼ਤਾਂ ਕਰਦੀ ਨਾ ਥੱਕਦੀ।’ ਇਹੀ ਜਿਹੀ ਨੂੰਹ ਤਾਂ ਰੱਬ ਸਭ ਨੂੰ ਦੇਵੇ।’ ਉਹ ਆਖਦੀ। ਫ਼ਿਰ ਇੱਕ ਹੋਰ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਆ ਗਿਆ। ਉਹ ਗਰਭਵਤੀ ਹੋ ਗਈ ਸੀ। ਉਸ ਦੇ ਮਾਂ ਬਾਪ ਆ ਕੇ ਉਸ ਨੂੰ ਲੈ ਗਏ ਸਨ ਅਤੇ ਫ਼ਿਰ ਉਸ ਨੇ ਫ਼ੁੱਲ ਵਰਗੀ ਧੀ ਡੌਲੀ ਨੂੰ ਜਨਮ ਦਿੱਤਾ ਸੀ। ਡੌਲੀ ਦੇ ਸਵਾ ਮਹੀਨੇ ਦੀ ਹੋ ਜਾਣ ‘ਤੇ ਪ੍ਰਕਾਸ਼ ਆ ਕੇ ਉਨ੍ਹਾਂ ਨੂੰ ਲੈ ਗਿਆ ਸੀ। ਪ੍ਰਕਾਸ਼ ਦੀ ਨੌਕਰੀ ਇੱਕ ਕਸਬੇ ਵਿੱਚ ਸੀ। ਉੱਥੇ ਜਾਣ ਲਈ ਉਸ ਨੂੰ ਰੋਜ਼ ਚਾਲੀ, ਬਿਆਲੀ ਕਿਲੋਮੀਟਰ ਸਫ਼ਰ ਕਰਨਾ ਪੈਂਦੀ ਸੀ। ਜਦ ਡੌਲੀ ਕੁਝ ਵੱਡੀ ਹੋ ਗਈ, ਤਾਂ ਉਹ ਕਿਰਾਏ ‘ਤੇ ਕਮਰਾ ਲੈ ਕੇ ਕਸਬੇ ਵਿੱਚ ਹੀ ਰਹਿਣ ਲੱਗ ਪਏ ਸਨ। ਉਸ ਦੀ ਸੱਸ ਤੇ ਸਹੁਰਾ ਚਾਹੁੰਦੇ ਤਾਂ ਸਨ ਕਿ ਉਹ ਉਨ੍ਹਾਂ ਕੋਲ ਪਿੰਡ ਹੀ ਰਹਿਣ। ‘ਰੋਜ਼ ਬਾਈਕ ‘ਤੇ ਆਉਣਾ ਜਾਣਾ ਵੀ ਖ਼ਤਰੇ ਤੋਂ ਖ਼ਾਲੀ ਨ੍ਹੀਂ। ਐਕਸੀਡੈਂਟ ਬੜੇ ਹੁੰਦੇ ਨੇ।’ ਇਹ ਸੋਚ ਕੇ ਉਨ੍ਹਾਂ ਨੇ ‘ਹਾਂ’ ਕਰ ਦਿੱਤੀ ਸੀ। ਪਰ ਉਸ ਦੇ ਜੇਠ ਨੇ ਤਾਂ ਉਨ੍ਹਾਂ ਨੂੰ ਰੋਕਣ ਲਈ ਪੂਰੀ ਵਾਹ ਲਾਈ ਸੀ। ਪ੍ਰਕਾਸ਼ ਦੇ ਦਫ਼ਤਰ ਜਾਣ ਮਗਰੋਂ ਉਹ ਡੌਲੀ ਨਾਲ ਪਰਚੀ ਰਹਿੰਦੀ। ਦਿਨ ਵਿੱਚ ਕਈ ਵਾਰ ਉਸ ਦੇ ਕੱਪੜੇ ਬਦਲਦੀ ਅਤੇ ਉਸ ਨੂੰ ਰੰਗ ਬਿਰੰਗੇ ਖਿਡਾਉਣਿਆਂ ਨਾਲ ਖਿਡਾਉਂਦੀ ਰਹਿੰਦੀ। ਸ਼ਾਮ ਨੂੰ ਉਹ ਘੰਟੇ ਕੁ ਲਈ ਨੇੜੇ ਬਣੇ ਪਾਰਕ ਵਿੱਚ ਘੁੰਮਣ ਲਈ ਚਲੇ ਜਾਂਦੇ। ਇੱਕ ਹੋਰ ਦ੍ਰਿਸ਼ ਵੇਖ ਕੇ ਉਹ ਧੁਰ ਤਕ ਕੰਬ ਗਈ। ਅਜੇ ਪ੍ਰਕਾਸ਼ ਨੂੰ ਘਰੋਂ ਗਿਆਂ ਵੀਹ ਕੁ ਮਿੰਟ ਹੀ ਹੋਏ ਸਨ ਕਿ ਦਫ਼ਤਰ ਦੇ ਇੱਕ ਕਰਮਚਾਰੀ ਨੇ ਉਸ ਨੂੰ ਮਨਹੂਸ ਖ਼ਬਰ ਸੁਣਾਈ,’ਪ੍ਰਕਾਸ਼ ਦਾ ਐਕਸੀਡੈਂਟ ਹੋ ਗਿਐ।’ ‘ਹੈਂ?’ ਉਹ ਠੀਕ ਤਾਂ ਹੈ।’ ਉਸ ਨੇ ਐਨਾ ਹੀ ਆਖਿਆ ਤੇ ਬੇਹੋਸ਼ ਹੋ ਗਈ ਸੀ। ਜਦ ਉਸ ਨੂੰ ਕੁਝ ਹੋਸ਼ ਆਈ ਤਾਂ ਉਹ, ਡੌਲੀ, ਉਸ ਦੀ ਸੱਸ, ਸਹੁਰਾ ਤੇ ਜੇਠ ਹਸਪਤਾਲ ਵਿੱਚ ਸਨ। ‘ਅਸੀਂ ਆਪਣੇ ਵਲੋਂ ਪੂਰੀ ਵਾਹ ਲਾ ਰਹੇ ਆਂ।’ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਸੀ। ਫ਼ਿਰ ਸ਼ਾਮ ਨੂੰ ਜਦ ਡਾਕਟਰ ਉਪਰੇਸ਼ਨ ਥੀਏਟਰ ‘ਚੋਂ ਬਾਹਰ ਆਇਆ, ਤਾਂ ਉਸ ਦਾ ਮੂੰਹ ਲਟਕਿਆ ਹੋਇਆ ਸੀ। ਉਸ ਨੇ ‘ਸੌਰੀ’ ਮਸਾਂ ਹੀ ਆਖਿਆ ਸੀ। ਚੀਕ ਚਿਹਾੜਾ ਪੈ ਗਿਆ ਅਤੇ ਉਹ ਉੱਚੀ-ਉੱਚੀ ਰੋਂਦੀ ਪਿਟਦੀ ਬੇਹੋਸ਼ ਹੋ ਗਈ। ਉਸ ਦੀ ਦੁਨੀਆ ਉੱਜੜ ਗਈ ਸੀ। ਉਸ ਦਾ ਜੇਠ ਆਪਣੇ ਭਰਾ ਦੀ ਮੌਤ ਕਰਕੇ ਮਸੋਸਿਆ ਜਿਹਾ ਤਾਂ ਫ਼ਿਰਦਾ ਸੀ ਪਰ ਉਸ ਦੇ ਅੰਦਰਲੇ ਕਿਸੇ ਕੋਨੇ ਵਿੱਚ ਖ਼ੁਸ਼ੀ ਠਾਠਾਂ ਮਾਰ ਰਹੀ ਸੀ, ‘ਹੁਣ ਤਾਂ ਇਹਨੂੰ ਮੇਰੇ ਨਾਲ ਰਹਿਣਾ ਈ ਪਊ।’ ਉਹ ਸੋਚ ਰਹੀ ਸੀ। ਪ੍ਰਕਾਸ਼ ਦੇ ਭੋਗ ਵਾਲੇ ਦਿਨ ਜਦ ਸੰਦੀਪ ਦੇ ਪੇਕੇ ਪਰਿਵਾਰ ਤੋਂ ਬਿਨਾਂ ਸਾਰੇ ਚਲੇ ਗਏ, ਤਾਂ ਉਸ ਦੇ ਸਹੁਰੇ ਨੇ ਗੱਲ ਤੋਰੀ ਸੀ,’ਹੁਣ ਆਪਾਂ ਸੰਦੀਪ ਨੂੰ ਵੱਡੇ ਦੇ ਸਿਰ ਧਰਨ ਬਾਰੇ ਸੋਚੀਏ।’ ਪਰ ਉਸ ਦੇ ਬਾਪੂ ਨੇ ‘ਵਿੱਚਾਰ ਕਰ ਕੇ ਦੱਸਾਂਗੇ’ ਕਹਿ ਕੇ ਗੱਲ ਟਾਲ ਦਿਤੀ ਸੀ। ਉਹ ਆਪਣੇ ਪੇਕੇ ਘਰ ਚਲੀ ਗਈ। ਉਸ ਨੇ ਆਪਣੇ ਮਾਂ ਬਾਪ ਨਾਲ ਸਲਾਹ ਕਰ ਕੇ ਜੇਠ ਨਾਲ ਰਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦ ਇਹ ਸੁਨੇਹਾ ਉਸਦੇ ਸਹੁਰੇ ਘਰ ਪਹੁੰਚਿਆ, ਤਾਂ ਉਨ੍ਹਾਂ ਦਾ ਜਵਾਬ ਸੀ, ‘ਤਾਂ ਫ਼ਿਰ ਇਸ ਨੂੰ ਆਪਣੇ ਕੋਲ ਈ ਰੱਖੋ। ਸਾਡੇ ਘਰ ਨਾ ਆਵੇ।’ ਉਸ ਲਈ ਸਹੁਰੇ ਘਰ ਦੇ ਦਰਵਾਜ਼ੇ ਬੰਦ ਹੋ ਗਏ ਸਨ। ਹੁਣ ਉਸ ਨੇ ਪੇਕੇ ਘਰ ਹੀ ਰਹਿਣਾ ਸੀ। ਉਹ ਹਮੇਸ਼ਾ ਉਦਾਸ ਰਹਿੰਦੀ ਅਤੇ ਡੌਲੀ ਨਾਲ ਵੀ ਨਿੱਕੀ-ਨਿੱਕੀ ਗੱਲ ‘ਤੇ ਖਿਝਦੀ ਰਹਿੰਦੀ। ਘਰ ਦਾ ਸਾਰਾ ਮਾਹੌਲ ਹੀ ਸੋਗਮਈ ਬਣਿਆ ਰਹਿੰਦਾ। ਉਹ ਘਰ ਦੀ ਚਾਰਦੀਵਾਰੀ ਅੰਦਰ ਹੀ ਰਹਿੰਦੀ। ਜੇ ਕਿਤੇ ਘਰੋਂ ਬਾਹਰ ਨਿਕਲਦੀ, ਤਾਂ ਕਈ ਉਂਗਲਾਂ ਉਸ ਵੱਲ ਉਠਦੀਆਂ। ਮੁੰਡੀਹਰ ਉਸ ਵੱਲ ਮਾੜੀ ਨਿਗ੍ਹਾ ਨਾਲ ਵੇਖਦੀ। ਇਹ ਗੱਲ ਸੱਚ ਹੀ ਤਾਂ ਹੈ ਕਿ ਰੰਡੀ ਤਾਂ ਰੰਡੇਪਾ ਕੱਟ ਲੈਂਦੀ ਹੈ ਪਰ ਲੋਕ ਕੱਟਣ ਨਹੀਂ ਦਿੰਦੇ। ਫ਼ਿਰ ਉਸ ਨੂੰ ਉਹ ਦਿਨ ਯਾਦ ਆਏ ਜਦ ਉਹ ਬੀ.ਐੱਡ ਕਰਦੀ ਸੀ। ਬੀ.ਏ. ਤਾਂ ਉਸ ਨੇ ਪ੍ਰਾਈਵੇਟ ਹੀ ਕੀਤੀ ਸੀ ਅਤੇ ਕਾਲਜ ਵਿੱਚ ਪਹਿਲੀ ਵਾਰ ਪੜ੍ਹੀ ਸੀ। ਆਪਣੀਆਂ ਸਹੇਲੀਆਂ ਨਾਲ ਰਲ ਕੇ ਉਹ ਕਿੰਨਾ ਊਧਮ ਮਚਾਉਂਦੀ ਹੁੰਦੀ ਸੀ। ਬੀ.ਐੱਡ ਦਾ ਸਾਲ ਉਸ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਸਾਲ ਸੀ। ਉਸ ਦਾ ਦਿਲ ਕਰਦਾ ਸੀ ਕਿ ਬੀ.ਐੱਡ ਦਾ ਸੈਸ਼ਨ ਖ਼ਤਮ ਨਾ ਹੋਵੇ। ਪਰ ਇਹ ਤਾਂ ਸਮਾਂ ਆਉਣ ‘ਤੇ ਖ਼ਤਮ ਹੋਣਾ ਹੀ ਸੀ। ਉਸ ਦੀਆਂ ਅੱਖਾਂ ਅੱਗੇ ਸੈਸ਼ਨ ਦਾ ਆਖ਼ਰੀ ਦਿਨ ਆ ਗਿਆ ਜਦ ਹੋਰ ਗੱਲਾਂ ਦੇ ਨਾਲ-ਨਾਲ ਕਾਲਜ ਦੇ ਪ੍ਰਿੰਸੀਪਲ ਨੇ ਆਖਿਆ ਸੀ,’ਹੋ ਸਕਦੈ ਤੁਹਾਡਾ ਸਹੁਰਾ ਪਰਿਵਾਰ ਤੁਹਾਨੂੰ ਨੌਕਰੀ ਨਾ ਕਰਨ ਦਵੇ। ਪਰ ਕੀ ਪਤਾ ਜ਼ਿੰਦਗੀ ਦੇ ਕਿਸ ਮੋੜ ‘ਤੇ ਤੁਹਾਨੂੰ ਬੀ.ਐੱਡ ਦੀ ਡਿਗਰੀ ਦੀ ਲੋੜ ਪੈ ਜਾਵੇ।’ ਉਸ ਨੂੰ ਬੀ.ਐੱਡ ਦੀ ਡਿਗਰੀ ਦੀ ਲੋੜ ਪੈ ਗਈ ਸੀ। ਉਸ ਨੇ ਆਪਣੇ ਬਾਪੂ ਨਾਲ ਜਾ ਕੇ ਚੰਡੀਗੜ੍ਹ ਦਫ਼ਤਰਾਂ ਦੇ ਕਿੰਨੇ ਹੀ ਚੱਕਰ ਕੱਢੇ। ਇਲਾਕੇ ਦੇ ਐੱਮ.ਐੱਲ. ਏ. ਤੋਂ ਸਿੱਖਿਆ ਮੰਤਰੀ ਤਕ ਸਿਫ਼ਾਰਿਸ਼ ਪਵਾਈ। ਫ਼ਿਰ ਉਹ ਦਿਨ ਆ ਗਿਆ ਜਦ ਉਸ ਨੂੰ ਤਰਸ ਦੇ ਆਧਾਰ ‘ਤੇ ਘਰ ਤੋਂ ਵੀਹ, ਬਾਈ ਕਿਲੋਮੀਟਰ ਦੂਰ ਸਮਾਜਿਕ ਅਧਿਐਨ ਅਧਿਆਪਕਾ ਦੀ ਨੌਕਰੀ ਮਿਲ ਗਈ ਸੀ। ‘ਕਿਹੜੇ ਖ਼ਿਆਲਾਂ ‘ਚ ਡੁੱਬੀ ਐਂ, ਸੰਦੀਪ?’ ਉਸ ਦੇ ਕੁਲੀਗ ਗਗਨ ਨੇ ਉਸ ਦੇ ਨੇੜੇ ਪਈ ਕੁਰਸੀ ‘ਤੇ ਬੈਠਦਿਆਂ ਆਖਿਆ। ਸੰਦੀਪ ਇੱਕ ਦਮ ਠਠੰਬਰ ਗਈ। ਐਨੇ ਨੂੰ ਅੱਧੀ ਛੁੱਟੀ ਖ਼ਤਮ ਹੋਣ ਦੀ ਘੰਟੀ ਵੱਜੀ। ‘ਤੇਰਾ ਅਗਲਾ ਪੀਰੀਅਡ ਖ਼ਾਲੀ ਐ ਨਾ?’ ਗਗਨ ਨੇ ਪੁੱਛਿਆ। ‘ਹਾਂ।’ ਸੰਦੀਪ ਦਾ ਜਵਾਬ ਸੀ। ‘ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਐਂ।’ ਕਿਹੜੀ ਗੱਲ?’ ਫ਼ਿਰ ਗਗਨ ਨੇ ਹੌਲੀ-ਹੌਲੀ ਆਪਣੇ ਦਿਲ ਦੀ ਗੱਲ ਕਹਿ ਦਿੱਤੀ,’ਸੰਦੀਪ, ਜਦ ਤੋਂ ਤੂੰ ਇਸ ਸਕੂਲ ਵਿੱਚ ਆਈ ਐਂ, ਮੈਂ ਤੈਨੂੰ ਬਹੁਤ ਗਹੁ ਨਾਲ ਵੇਖ ਰਿਹਾਂ। ਸ਼ੁਰੂ-ਸ਼ੁਰੂ ਵਿੱਚ ਮੈਨੂੰ ਤੇਰੇ ਨਾਲ ਹਮਦਰਦੀ ਹੋਈ ਸੀ। ਫ਼ਿਰ ਇਹ ਹਮਦਰਦੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਹੁਣ ਮੈਨੂੰ ਤੇਰਾ ਪਿਆਰ ਆਉਂਦੈ। ਤੈਨੂੰ ਪਤਾ ਈ ਐ ਬਈ ਮੇਰੀ ਪਤਨੀ ਦੋ ਸਾਲ ਪਹਿਲਾਂ ਬਿਮਾਰ ਹੋ ਕੇ ਚਲ ਵਸੀ ਸੀ। ਮੇਰੀ ਇੱਕ ਬੱਚੀ ਐ ਤੇ ਤੇਰੀ ਵੀ ਇੱਕ ਬੱਚੀ ਐ। ਮੈਂ ਸੋਚਿਐ ਕਿ ਆਪਾਂ ਦੋਵੇਂ ਉਮਰ ਭਰ ਲਈ ਇੱਕ ਹੋ ਜਾਈਏ। ਮੇਰੀ ਬੱਚੀ ਨੂੰ ਮੰਮੀ ਮਿਲ ਜਾਵੇਗੀ ਤੇ ਤੇਰੀ ਨੂੰ ਪਾਪਾ। ਮੈਂ ਆਪਣੇ ਮਾਂ ਬਾਪ ਨਾਲ ਗੱਲ ਕਰ ਲਈ ਐ। ਤੂੰ ਚੰਗੀ ਤਰ੍ਹਾਂ ਸੋਚ ਵਿੱਚਾਰ ਕਰ ਲੈ। ਘਰ ਸਲਾਹ ਕਰ ਲੈ। ਮੈਂ ਤੇਰੇ ਹੁੰਗਾਰੇ ਦਾ ਇੰਤਜ਼ਾਰ ਕਰਾਂਗਾ।’ ਗਗਨ ਦੀ ਗੱਲ ਸੁਣ ਕੇ ਸੰਦੀਪ ਦੀਆਂ ਅੱਖਾਂ ਖ਼ੁਸ਼ੀ ਦੇ ਹੰਝੂਆਂ ਨਾਲ ਭਰ ਗਈਆਂ।
****
ਡਾ. ਹਰਨੇਕ ਸਿੰਘ ਕੈਲੇ