ਕੇਂਦਰੀ ਵਿੱਤ ਮੰਤਰੀ ਵੱਲੋਂ ਕਰਜ਼ਾ ਮੁਆਫ ਨਾ ਕੀਤੇ ਜਾਣ ਵਾਲਾ ਬਿਆਨ ਕਿਸਾਨਾਂ ਨਾਲ ਧੋਖੇਬਾਜ਼ੀ : ਬੀ.ਕੇ.ਯੂ

ਚੰਡੀਗਡ਼੍ਹ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਦਿਖਾਈ ਜਾ ਰਹੀ ਦ੍ਰਿਡ਼ਤਾ ਸ਼ਲਾਘਾਯੋਗ ਹੈ | ਉਹਨਾਂ ਕਿਹਾ ਕਿ ਜਿਸ ਤਰਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਇਸ ਵਾਅਦੇ ਨੂੰ ਹਰ ਹਾਲ ਵਿੱਚ ਪੂਰਾ ਕਰਨ ਦਾ ਪ੍ਰਣ ਦੁਹਰਾਇਆ ਹੈ ਇਸ ਦਾ ਅਸੀਂ ਸਵਾਗਤ ਕਰਦੇ ਹਾਂ | ਇਸ ਲਈ ਸਰਕਾਰ ਨੂੰ ਕਿਸਾਨਾਂ ਤੋਂ ਜਿਸ ਤਰਾਂ ਦਾ ਵੀ ਸਹਿਯੋਗ ਚਾਹੀਦਾ ਹੋਵੇ, ਕਿਸਾਨ ਉਸ ਲਈ ਤਿਆਰ ਹਨ|
ਸ. ਮਾਨ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਬਿਆਨ ਨੂੰ ਕਿਸਾਨਾਂ ਲਈ ਮੰਦਭਾਗਾ ਦੱਸਿਆ ਜਿਸ ਵਿੱਚ ਉਹਨਾਂ ਨੇ ਕੇਂਦਰ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ ਨਾਂ ਕੀਤੇ ਜਾਣ ਦੀ ਗੱਲ ਕਹੀ ਹੈ | ਉਹਨਾਂ ਕਿਹਾ ਕੀ ਜਿਸ ਤਰਾਂ ਯੂ ਪੀ ਚੋਣਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਸੀ | ਇਸ ਲਈ ਵਿੱਤ ਮੰਤਰੀ ਦੀ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕੀ ਰਾਜ ਕਿਸਾਨਾਂ ਦਾ ਕਰਜ਼ਾ ਆਪਣੇ ਤੌਰ ਤੇ ਮਾਫ ਕਰਨ ਕਿਓਂਕਿ ਪ੍ਰਧਾਨ ਮੰਤਰੀ ਸਿਰਫ ਯੂਪੀ ਦੇ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਪ੍ਰਧਾਨ ਮੰਤਰੀ ਹਨ | ਇਸ ਲਈ ਇਸ ਵਾਅਦੇ ਤੋਂ ਭੱਜਣਾ ਮੋਦੀ ਸਰਕਾਰ ਦੀ ਨਾਕਾਮੀ ਹੈ ਅਤੇ ਸ਼੍ਰੀ ਜੇਤਲੀ ਪ੍ਰਧਾਨ ਮੰਤਰੀ ਦੇ ਵਾਅਦੇ ਉੱਤੇ ਪਰਦਾ ਪਾਉਣ ਦਾ ਕੰਮ ਕਰ ਰਹੇ ਹਨ |
ਉਹਨਾਂ ਕਿਹਾ ਕਿ ਭਾਜਪਾ ਸਰਕਾਰ ਚੋਣਾਂ ਵੇਲੇ  ਕਿਸਾਨਾਂ ਨਾਲ ਕੀਤੇ ਹਰ ਇੱਕ ਵਾਅਦੇ ਤੋਂ ਭੱਜੀ ਹੈ ਜਿਸ ਦਾ ਸਬੂਤ ਸਵਾਮੀ ਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਾਂ ਕਰਨਾ ਅਤੇ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਲਈ ਕਿਸੇ ਤਰਾਂ ਦਾ ਸਹਿਯੋਗ ਨਾਂ ਦੇਣਾ ਹੈ | ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਵਾਅਦਾ ਕਰਕੇ ਮੁੱਕਰੇ ਹਨ ਦੇਸ਼ ਦੇ ਕਿਸਾਨ ਲਈ ਇਸ ਤੋਂ ਦੁੱਖ ਦੀ ਹੋਰ ਕੀ ਗੱਲ ਹੋ ਸਕਦੀ ਹੈ |
ਸ. ਮਾਨ ਨੇ ਕਿਹਾ ਕਿ ਦੇਸ਼ ਦੇ ਕਿਸਾਨ ਸਿਰ ਚਡ਼ਿਆ ਕਰਜ਼ਾ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਨਤੀਜਾ ਹੈ ਅਤੇ ਇਸ ਤੋਂ ਇਲਾਵਾ ਕੇਂਦਰ ਵੱਲੋਂ ਕਿਸਾਨ ਨੂੰ ਉਸ ਦੀ ਫਸਲ ਦੀ ਕੀਮਤ ਪੈਦਾਵਾਰ ਤੋਂ ਵੀ ਘੱਟ  ਦੇਣਾ ਇਸ ਦਾ ਸਭ ਤੋਂ ਵੱਡਾ ਕਾਰਨ ਹੈ | ਇਸ ਤਰਾਂ ਕਿਸਾਨਾਂ ਦਾ ਪੈਸਾ ਕੇਂਦਰ ਸਰਕਾਰ ਦੱਬ ਕੇ ਬੈਠੀ ਹੈ ਅਤੇ ਹੁਣ ਜਦ ਕਰਜ਼ਾ ਮਾਫੀ ਦੀ ਗੱਲ ਆਈ ਹੈ ਤਾਂ ਮੋਦੀ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਚਿਹਰਾ ਦਿਖਾ ਦਿੱਤਾ ਹੈ ਜਦਕਿ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋਡ਼ਾ ਹਜਾਰ ਰੁਪਏ ਕਰਜ਼ਾ ਇਸ ਸਰਕਾਰ ਨੇ ਚਲਾਕੀਆਂ ਕਰਕੇ ਮਾਫ ਕਰ ਦਿੱਤਾ ਹੈ |
ਇਸ ਲਈ ਦੇਸ਼ ਦੇ ਕਿਸਾਨ ਨੂੰ ਕੇਂਦਰ ਵਿਚਲੀ ਮੋਦੀ ਸਰਕਾਰ ਤੋਂ ਨਿਰਾਸ਼ਾ ਹੀ ਪੱਲੇ ਪਈ ਹੈ ਜਿਸ ਦਾ ਜੁਆਬ ਕਿਸਾਨਾਂ ਵੱਲੋਂ ਸਮੇਂ ਸਿਰ ਦੇ ਦਿੱਤਾ ਜਾਵੇਗਾ |
ਸ. ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਇਸ ਵੇਲੇ ਪੰਜਾਬ ਪ੍ਰਤੀ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨ ਪ੍ਰਤੀ ਜੋ ਗੰਭੀਰਤਾ ਦਿਖਾ ਰਹੀ ਹੈ ਇਸ ਨਾਲ ਪੰਜਾਬ ਦੇ ਕਿਸਾਨ ਨੂੰ ਇੱਕ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ | ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਦੇ ਲੋਕ ਹਿੱਤ ਵਿੱਚ ਲਏ ਜਾਣ ਵਾਲੇ ਫੈਸਲਿਆਂ ਵਿੱਚ ਸਰਕਾਰ ਦਾ ਸਹਿਯੋਗ ਦੇਈਏ ਤਾਂ ਜੋ ਪੰਜਾਬ ਇੱਕ ਵਾਰ ਫੇਰ ਦੇਸ਼ ਦਾ ਇੱਕ ਖੁਸ਼ਹਾਲ ਸੂਬਾ ਬਣ ਕੇ ਉਭਰੇ |