‘ਆਪ’ ਦੇ 2 ਐਮ ਸੀ ਡੀ ਉਮੀਦਵਾਰ ਸਿਰਸਾ ਦੀ ਹਾਜ਼ਰੀ ‘ਚ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਨੂੰ ਸ਼ਨੀਵਾਰ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਐਮ ਸੀ ਡੀ ਚੋਣਾਂ ਦੇ ਦੋ ਉਮੀਦਵਾਰ ਰਾਜੌਰੀ ਗਾਰਡਨ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ।
ਆਪ ਦੇ ਵਾਰਡ ਨੰ. 107 ਤੋਂ ਉਮੀਦਵਾਰ ਅਜੀਤ ਸਿੰਘ ਸੇਹਰਾ ਅਤੇ ਵਾਰਡ ਨੰ. 108 ਤੋਂ ਉਮੀਦਵਾਰ ਨੀਤੂ ਰਵੀ ਆਨੰਦ ਨੇ ਇਥੇ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਆਪ  ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ‘ਤੇ ਜੀ ਆਇਆਂ ਕਹਿੰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕੰਮ ਤੋਂ ਪ੍ਰਭਾਵਤ ਹਨ ਜਿਹਨਾਂ ਨੇ ਭਾਰਤ ਨੂੰ ਆਰਥਿਕ, ਸੈਨਿਕ, ਸਮਾਜਿਕ ਤੇ ਹਰ ਮੁਹਾਜ਼ ‘ਤੇ ਮਜ਼ਬੂਤ ਬਣਾਉਣ ਲਈ ਕਈ ਕਦਮ ਚੁੱਕੇ ਹਨ। ਉਹਨਾਂ ਕਿਹਾ ਕਿ ਕਾਲੇ ਧਨ ਖਿਲਾਫ ਸ੍ਰੀ ਮੋਦੀ ਦੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਦੇਸ਼ ਦੇ ਮੱਧ ਵਰਗ ਤੇ ਗਰੀਬ ਵਰਗ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੇਂਦਰ ਵਿਚਲੀ ਸਰਕਾਰ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਣ ਲਈ ਕਦਮ ਚੁੱਕ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਦੇਸ਼ ਵਿਚ ਪਹਿਲੀ ਵਾਰ ਸਵੱਛ ਭਾਰਤ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਡਿਜੀਟਲ ਐਪ ਭੀਮ ਰਾਹੀਂ ਡਿਜੀਟਲ ਲੈਣ ਦੇਣ ਦੀ ਸ਼ੁਰੂਆਤ ਤੋਂ ਪੱਛਮੀ ਮੁਲਕ ਬਹੁਤ ਪ੍ਰਭਾਵਤ ਹੋਏ ਹਨ ਤੇ ਉਹ ਭਾਰਤ ਦਾ ਮਾਡਲ ਅਪਣਾਉਣ ਲਈ ਮਜਬੂਰ ਹੋਏ ਹਨ ਤੇ ਕਈ ਦੇਸ਼ਾਂ ਨੇ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਹੈ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਇਸਨੇ ਆਧਾਰ ਨਾਲ ਜੁਡ਼ੇ ਲੈਣ ਵਾਸਤੇ ਇੰਨਾ ਵੱਡਾ ਡਾਟਾ ਬੇਸ ਕਿਵੇਂ ਤਿਆਰ ਕੀਤਾ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਇਹਨਾਂ ਦਲੇਰਾਨਾ ਤੇ ਬਹਾਦਰ ਕਦਮਾਂ ਸਦਕਾ ਦੇਸ਼ ਨੇ ਜੀਵਨ ਦੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ ਤੇ ਪ੍ਰਧਾਨ ਮੰਤਰੀ ਦੇ ਕੰਮਕਾਜ ਤੋਂ ਪ੍ਰਭਾਵਤ ਹੋ ਕੇ ਇਕ ਤੋਂ ਬਾਅਦ ਇਕ ਸੂਬੇ ਵਿਚ ਲੋਕ ਭਾਜਪਾ ਦੇ ਹੱਕ ਵਿਚ ਫਤਵੇ ਦੇ ਰਹੇ ਹਨ।
ਉਹਨਾਂ ਕਿਹਾ ਕਿ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਵਿਚ ਵੀ ਇਹੀ ਮੋਦੀ ਲਹਿਰ ਚਲ ਰਹੀ ਹੈ ਅਤੇ ਇਥੇ ਭਾਜਪਾ ਦੀ ਵੱਡੇ ਫਰਕ ਨਾਲ ਜਿੱਤ ਹੋਵੇਗੀ ਕਿਉਂਕਿ ਹਲਕੇ ਦੇ ਲੋਕ ਦੇਸ਼ ਲਈ ਕੀਤੇ ਜਾ ਰਹੇ ਕੰਮਕਾਜ ਤੋਂ ਪ੍ਰਭਾਵਤ ਹਨ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਰਾਜੌਰੀ ਗਾਰਡਨ ਹਲਕੇ ਵਿਚ ਵੀ ਵਿਕਾਸ ਪੱਖੀ ਤੇ ਗਰੀਬ ਭਲਾਈ ਪੱਖੀ ਉਹੀ ਏਜੰਡਾ ਲਾਗੂ ਕੀਤਾ ਜਾਵੇ ਤੇ ਇਥੇ ਲੋਕਾਂ ਦੀ ਬੇਹਤਰੀ ਵਾਸਤੇ ਕੰਮ ਹੋਵੇ। ਉਹਨਾਂ ਕਿਹਾ ਕਿ ਬਤੌਰ ਵਿਧਾਇਕ ਛੋਟੇ ਜਿਹੇ ਕਾਰਜਕਾਲ ਦੌਰਾਨ ਉਹਨਾਂ ਨੇ ਲੋਕਾਂ ਲਈ ਸਖਤ ਮਿਹਨਤ ਕੀਤੀ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਲੋਕ ਰਾਜੌਰੀ ਗਾਰਡਨ ਲਈ ਇਸ ਸੁਧਾਰਾਂ, ਵਿਕਾਸ ਤੇ ਭਲਾਈ ਵਾਲੇ ਏਜੰਡੇ ਨੂੰ ਜਾਰੀ ਰੱਖਣ ਲਈ ਉਹਨਾਂ ਨੂੰ ਫਿਰ ਤੋਂ ਫਤਵਾ ਦੇਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਔਲਖ, ਰਵਿੰਦਰ ਅਗਰਵਾਲ, ਸੁਰਿੰਦਰ ਸਿੰਘ ਤੇ ਸਤਿੰਦਰ ਸਿੰਘ ਨਾਗੀ ਵੀ ਮੌਜੂਦ ਸਨ।