ਅਮਰੀਕਾ ‘ਚ ਸਿੱਖ ਲੜਕੀ ਹੋਈ ਨਸਲੀ ਟਿੱਪਣੀ ਦਾ ਸ਼ਿਕਾਰ

ਵਾਸ਼ਿੰਗਟਨ  : ਅਮਰੀਕਾ ਵਿਚ ਡੋਨਾਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਦੂਸਰੇ ਦੇਸ਼ਾਂ ਦੇ ਲੋਕਾਂ ਉਤੇ ਨਸਲੀ ਟਿੱਪਣੀਆਂ ਅਤੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ| ਖਾਸ ਕਰਕੇ ਭਾਰਤੀਆਂ ਖਿਲਾਫ ਪਿਛਲੇ ਇਕ ਮਹੀਨੇ ਦੌਰਾਨ ਇਨ੍ਹਾਂ ਘਟਨਾਵਾਂ ਵਿਚ ਕਾਫੀ ਵਾਧਾ ਹੋਇਆ ਹੈ| ਇਸ ਦੌਰਾਨ ਇਕ ਅਮਰੀਕੀ ਵੱਲੋਂ ਸਿੱਖ ਲੜਕੀ ਰਾਜਪ੍ਰੀਤ ਕੌਰ ‘ਤੇ ਨਸਲੀ ਟਿੱਪਣੀ ਕੀਤੇ ਜਾਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ| ਰਾਜਪ੍ਰੀਤ ਕੌਰ ਨੇ ਸੋਸ਼ਲ ਸਾਈਟ ਤੇ ਲਿਖਿਆ ਹੈ ਕਿ ਜਦੋਂ ਉਹ ਟ੍ਰੇਨ ਵਿਚ ਜਾ ਰਹੀ ਸੀ ਤਾਂ ਇਕ ਅਮਰੀਕੀ ਉਸ ਉਤੇ ਚਿਲਾਉਣ ਲੱਗ ਪਿਆ ਕਿ ਤੂੰ ਆਪਣੇ ਲਿਬਨਾਨ ਦੇਸ਼ ਵਾਪਸ ਪਰਤ ਜਾ ਕਿਉਂਕਿ ਇਹ ਤੇਰਾ ਦੇਸ਼ ਨਹੀਂ ਹੈ| ਸ਼ਾਇਦ ਇਸ ਸਖਸ਼ ਨੂੰ ਇਹ ਲੱਗਿਆ ਕਿ ਇਹ ਲੜਕੀ ਲਿਬਨਾਨ ਤੋਂ ਹੈ|
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਸ਼ਾਮ ਨੂੰ ਅਮਰੀਕਾ ਵਿਚ ਇਕ ਭਾਰਤੀ ਇੰਜੀਨੀਅਰ ਮਹਿਲਾ ਅਤੇ ਉਸ ਦੇ ਬੇਟੇ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ| ਇਸ ਤੋਂ ਪਹਿਲਾਂ ਵੀ ਕਈ ਭਾਰਤੀ ਨਸਲੀ ਟਿੱਪਣੀਆਂ ਅਤੇ ਨਸਲੀ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ|