ਦਿੱਲੀ ਗੁਰਦੁਆਰਾ ਕਮੇਟੀ ਮਨਾਏਗੀ ‘ਦਿੱਲੀ ਫਤਿਹ ਦਿਵਸ’

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਵੱਲੋਂ ਇਥੇ ਲਾਲ ਕਿਲੇ ਵਿਖੇ 25 ਅਤੇ 26 ਮਾਰਚ ਨੂੰ ਦੋ ਰੋਜ਼ਾ ‘ਦਿਲੀ ਫਤਿਹ ਦਿਵਸ’ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁਖੀ ਬੁਢਾ ਦਲ, ਜਥੇਦਾਰ ਜੱਸਾ ਸਿੰਘ ਰਾਮਗਡ਼ੀਆ, ਜਥੇਦਾਰ ਤਾਰਾ ਸਿੰਘ ਘੇਬਾ ਅਤੇ ਜਥੇਦਾਰ ਮਹਾਂ ਸਿੰਘ ਸ਼ੁੱਕਰਚੱਕੀਆ ਦੀ ਅਗਵਾਈ ਹੇਠ ਦਿੱਲੀ ਫਤਿਹ ਕੀਤੇ ਜਾਣ ਦੀ 234ਵੀਂ ਵਰੇ ਗੰਢ ਮੌਕੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਕਈ ਸਮਾਗਮ ਹੋਣਗੇ ਜਿਸਦਾ  ਮਕਸਦ ਨਵੀਂ ਪੀਡ਼ੀ ਨੂੰ ਅਮੀਰ ਸਿੱਖ ਪਰੰਪਰਾਵਾਂ, ਸਭਿਆਚਾਰ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਤੇ ਇਹਨਾਂ ਲਈ ਪ੍ਰੇਰਿਤ ਕਰਨਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਚੌਥੀ ਵਾਰ ਹੈ ਜਦੋਂ ਇਹ ਪ੍ਰੋਗਰਾਮ ਵੱਡੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੈਗਾ ਸ਼ੌਅ ਦਾ ਮੁੱਖ ਮਕਸਦ ਸਾਡੀ ਨੌਜਵਾਨ ਪੀਡ਼ੀ ਨੂੰ  ਸਿੱਖ ਧਰਮ, ਸਭਿਆਚਾਰ ਤੇ ਇਤਿਹਾਸ ਦੇ ਵੱਖ ਵੱਖ ਪਡ਼ਾਵਾਂ  ਬਾਰੇ ਅਹਿਮ ਜਾਣਕਾਰੀ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਨੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਇਸ ਪ੍ਰੋਗਰਾਮ ਵਿਚ ਲੈ ਕੇ ਆਉਣ ਤਾਂ ਜੋ ਉਹ ਇਸਦਾ ਲਾਭ ਲੈ ਸਕਣ ਤੇ ਉਹਨਾਂ ਨੂੰ ਸਿੱਖ ਜੀਵਨ ਸ਼ੈਲੀ ਤੇ ਫਲਸਫੇ ਦੀ ਜਾਣਕਾਰੀ ਹਾਸਲ  ਹੋ ਸਕੇ।
ਸ੍ਰੀ ਸਿਰਸਾ ਨੇ ਦੱਸਿਆ ਕਿ 25 ਮਾਰਚ 2017 ਨੂੰ ਇਹਨਾਂ ਸਮਾਗਮਾਂ ਦੇ ਪਹਿਲੇ ਦਿਨ ਸ਼ੁਰੂਆਤ ਗੁਰਬਾਣੀ ਵਿਰਸਾ ਸੰਭਾਲ ਇਸਤਰੀ ਸਤਿਸੰਗਤ ਵੱਲੋਂ ਸ਼ਾਮ 6 ਵਜੇ  ਗੁਰਬਾਣੀ ਕੀਰਤਨ ਨਾਲ ਹੋਵੇਗੀ ਜਿਸ ਮਗਰੋਂ ਰਹਿਰਾਸ ਸਾਹਿਬ ਜੀ ਦਾ ਪਾਠ ਹੋਵੇਗਾ ਤੇ ਫਿਰ ਵੱਖ ਵੱਖ ਜੱਥਿਆਂ ਵੱਲੋਂ ਕੀਰਤਨ ਤੇ ਪਾਠ ਕੀਤਾ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਸਮਾਗਮਾਂ ਦੇ ਦੂਜੇ ਦਿਨ ਜਰਨੈਲੀ ਫਤਿਹ ਮਾਰਚ ਕੱਢਿਆ ਜਾਵੇਗਾ ਜੋ ਛੱਤਾ ਵੀਰ ਪੁੱਲ ਤੋਂ ਸ਼ੁਰੂ ਹੋਵੇਗਾ ਤੇ ਲਾਲ ਕਿਲੇ ‘ਤੇ ਆ ਕੇ ਸਮਾਪਤ ਹੋਵੇਗਾ। ਇਸੇ ਦਿਨ ਸ਼ਾਮ ਨੂੰ ਇਤਿਹਾਸਕ ਪ੍ਰੋਗਰਾਮ ਹੋਵੇਗਾ ਜਿਸ ਵਿਚ  ਢਾਡੀ ਜਥੇ ਪ੍ਰੋਗਰਾਮ ਪੇਸ਼ ਕਰਨਗੇ, ਗੱਤਕਾ ਮੁਕਾਬਲੇ ਹੋਣਗੇ ਅਤੇ  ਹੋਰ ਬੁਲਾਰਿਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.  ਜਸਪਾਲ ਸਿੰਘ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਗੇ।
ਸ੍ਰੀ ਸਿਰਸਾ ਨੇ ਕਿਹਾ ਕਿ ਇਹ ਦੁਨੀਆਂ ਭਰ ਵਿਚ ਰਹਿੰਦੇ ਸਿੱਖ ਭਾਈਚਾਰੇ ਲਈ ਸ਼ਾਨਾ ਮੱਤੀ ਸਮਾਂ ਹੈ ਕਿਉਂਕਿ ਦਿੱਲੀ ਜਿੱਤ ਦੀ ਆਪਣੀ ਇਤਿਹਾਸਕ ਮਹੱਤਤਾ ਹੈ ਅਤੇ  ਨਵੇਂ ਜਨਮੇ ਸਿੱਖ ਧਰਮ ਦੇ ਮਹਾਨ ਜਰਨੈਲਾਂ ਵੱਲੋਂ ਮੁਹਿੰਮਾਂ ਦੀ ਅਗਵਾਈ ਕਰਦਿਆਂ ਰਾਸ਼ਟਰੀ ਰਾਜਧਾਨੀ ਉਪਰ ਅਹਿਮ ਸਮੇਂ ਜਿੱਤ ਦਰਜ ਕਰਨਾ ਹੋਰ ਵੀ ਮਹੱਤਵਪੂਰਨ ਹੈ। ਉਹਨਾਂ ਨੇ ਦਿੱਲੀ ਦੀ ਸਮੁੱਚੀ ਸੰਗਤ ਖਾਸ ਤੌਰ ‘ਤੇ ਸਿੱਖ ਨੌਜਵਾਨਾਂ ਨੂੰ  ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿਚ ਵੱਧ ਚਡ਼ ਕੇ ਹਿੱਸਾ ਲੈਣ ਅਤੇ ਅਮੀਰ ਪਰੰਪਰਾਵਾਂ ਤੇ ਸਿੱਖ ਇਤਿਹਾਸ ਬਾਰੇ ਆਪਣੀ ਜਾਣਕਾਰੀ ਵਿਚ ਵਾਧਾ ਕਰਨ।