ICC ਟੈੱਸਟ ਰੈਕਿੰਗ ‘ਚ ਅਸ਼ਵਿਨ ਨੂੰ ਪਛਾੜ ਕੇ ਜਡੇਜਾ ਬਣਿਆ ਨੰਬਰ ਇੱਕ ਗੇਂਦਬਾਜ਼

ਨਵੀਂ ਦਿੱਲੀ: ਭਾਰਤ ਦੇ ਰਵਿੰਦਰ ਜਡੇਜਾ ਆਈ. ਸੀ. ਸੀ. (ਅੰਤਰਾਸ਼ਟਰੀ ਕ੍ਰਿਕਟ ਪਰੀਸ਼ਦ) ਦੇ ਟੈਸਟ ਗੇਂਦਬਾਜ਼ਾਂ ‘ਚੋਂ ਚੋਟੀ ਦੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਜਡੇਜਾ ਨੇ ਆਪਣੇ ਸਪਿਨ ਜੋੜੀਦਾਰ ਰਵਿੱਚੰਦਰਨ ਅਸ਼ਵਿਨ ਨੂੰ ਵੀ ਪਛਾੜ ਦਿੱਤਾ ਹੈ। ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਜਡੇਜਾ ਨੇ ਆਸਟਰਲੀਆ ਖਿਲਾਫ਼ ਰਾਂਚੀ ‘ਚ ਖੇਡੇ ਗਏ ਤੀਜੇ ਟੈਸਟ ਡਰਾਅ ਮੈਚ ‘ਚ 9 ਵਿਕਟਾਂ ਹਾਸਲ ਕਰ ਕੇ ਅਸ਼ਵਿਨ ਨੂੰ ਰੈਕਿੰਗ ‘ਚ ਪਿੱਛੇ ਛੱਡ ਦਿੱਤਾ ਹੈ। ਇਹ ਮੈਚ ਡਰਾਅ ਹੋਣ ਕਾਰਣ ਭਾਰਤ ਅਤੇ ਆਸਟਰੇਲੀਆ ‘ਚ ਅਜੇ 4 ਮੈਚਾਂ ਦੀ ਲੜੀ 1-1 ਦੀ ਬਰਾਬਰੀ ‘ਤੇ ਹੈ।ਜ਼ਿਕਰਯੋਗ ਹੈ ਕਿ ਜਡੇਜਾ ਨੇ ਪਹਿਲੀ ਪਾਰੀ ‘ਚ 124 ਦੌੜਾਂ ਦੇ ਕੇ 5 ਅਤੇ ਦੂਜੀ ਪਾਰੀ ‘ਚ 52 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ, ਜਿਸ ਦੌਰਾਨ ਉਨ੍ਹਾਂ ਨੂੰ 7 ਅੰਕ ਮਿਲੇ। ਇਸ ਤੋਂ ਪਹਿਲਾ ਉਹ 892 ਅੰਕਾਂ ਨਾਲ ਅਸ਼ਵਿਨ ਦੇ ਨਾਲ ਸੰਯੁਕਤ ਚੋਟੀ ‘ਤੇ ਕਾਬਜ ਸੀ। ਜਡੇਜਾ ਵਿਸ਼ਨ ਸਿੰਘ ਬੇਦੀ ਅਤੇ ਅਸ਼ਵਿਨ ਤੋਂ ਬਾਅਦ ਗੇਂਦਬਾਜ਼ੀ ਰੈਕਿੰਗ ‘ਚ ਚੋਟੀ ‘ਤੇ ਪਹੁੰਚਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਪੁਜਾਰਾ ਨੂੰ ਉਸ ਦੀ 202 ਦੌੜਾਂ ਦੀ ਪਾਰੀ ਦਾ ਇਨਾਮ ਮਿਲਿਆ ਹੈ। ਇਸ ਦੌਰਾਨ ਉਹ ਚੌਥੇ ਸਥਾਨ ‘ਤੇ ਪਹੁੰਚ ਕੇ ਆਪਣੇ ਕਰੀਅਰ ਦੀ ਚੋਟੀ ਦੇ ਦੂਜੀ ਰੈਕਿੰਗ ‘ਤੇ ਪਹੁੰਚ ਗਿਆ ਹੈ। ਉਸ ਦੇ ਹੁਣ 861 ਰੇਟਿੰਗ ਅੰਕ ਹਨ।
ਸੋਰਾਸ਼ਟਰ ਦੇ ਬੱਲੇਬਾਜ਼ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਦੀ ਥਾਂ ਲੈ ਲਈ ਹੈ, ਜੋ ਹੁਣ 5 ਵੇਂ ਸਥਾਨ ‘ਤੇ ਹੈ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਦੀ ਤਰ੍ਹਾਂ ਚੌਥੇ ਸਥਾਨ ‘ਤੇ ਬਣੇ ਹੋਏ ਹਨ।