3 ਨਵੰਬਰ 2016 ਨੂੰ ਜਲੰਧਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਕੁਝ ਜ਼ਿਆਦਾ ਹੀ ਗਹਿਮਾ-ਗਹਿਮੀ ਸੀ। ਇਸ ਦਾ ਕਾਰਨ ਇਹ ਸੀ ਕਿ ਉਹਨਾਂ ਦੀ ਅਦਾਲਤ ਵਿੱਚ ਕਰੀਬ 3 ਸਾਲ ਪਹਿਲਾਂ 23 ਅਗਸਤ 2013 ਨੂੰ ਹੋਏ ਗੁਰਜੀਤ ਕੌਰ ਹੱਤਿਆਕਾਂਡ ਦਾ ਫ਼ੈਸਲਾ ਸੁਣਾਇਆ ਜਾਣਾ ਸੀ। ਆਪਦੇ ਸਮੇਂ ਦਾ ਇਹ ਕਾਫ਼ੀ ਚਰਚਿਤ ਮਾਮਲਾ ਸੀ, ਕਿਉਂਕਿ ਇਸ ਹੱਤਿਆਕਾਂਡ ਦਾ ਦੋਸ਼ੀ ਕਰੀਬ ਪੌਣੇ 2 ਸਾਲ ਦੀ ਜਾਂਚ ਤੋਂ ਬਾਅਦ ਪਕੜਿਆ ਗਿਆ ਸੀ।
ਇਸੇ ਵਿਚਕਾਰ ਥਾਣੇ ਵਿੱਚ ਕਈ ਥਾਣਾ ਮੁਖੀ ਆਏ ਅਤੇ ਗਏ। ਇਸ ਹੱਤਿਆਕਾਂਡ ਦਾ ਕੋਈ ਮੌਕੇ ਦਾ ਗਵਾਹ ਨਹੀਂ ਸੀ। ਸਰਕਾਰੀ ਪੱਖ ਨੇ ਤਕਨੀਕੀ ਸਹਾਰਾ ਲੈ ਕੇ ਆਪਣੇ ਪੱਖ ਨੂੰ ਮਜ਼ਬੂਤ ਕੀਤਾ ਸੀ। ਚਰਚਿਤ ਮਾਮਲਾ ਹੋਣ ਦੇ ਕਾਰਨ ਅਦਾਲਤ ਵਕੀਲਾਂ ਅਤੇ ਆਮ ਲੋਕਾਂ ਤੋਂ ਇਲਾਵਾ ਮੀਡੀਆ ਨਾਲ ਭਰੀ ਪਈ ਸੀ।
ਫ਼ੈਸਲਾ ਸੁਣਨ ਦੇ ਲਈ ਮ੍ਰਿਤਕਾ ਗੁਰਜੀਤ ਕੌਰ ਦੇ ਪਤੀ ਰਣਜੀਤ ਸਿੰਘ ਸੇਠੀ ਅਤੇ ਦੋਵੇਂ ਬੇਟੇ ਵੀ ਅਦਾਲਤ ਵਿੱਚ ਮੌਜੂਦ ਸਨ। ਮੁਲਜ਼ਮ ਨਰੇਸ਼ ਡਿੰਪੀ ਨੁੰ ਵੀ ਪੁਲਿਸ ਨੇ ਲਿਆ ਕੇ ਅਦਾਲਤ ਵਿੱਚ ਖੜ੍ਹਾ ਕਰ ਦਿੱਤਾ। ਹੁਣ ਸਾਰਿਆਂ ਨੂੰ ਜੱਜ ਸਾਹਿਬ ਦੇ ਆਉਣ ਦਾ ਇੰਤਜ਼ਾਰ ਸੀ, ਕਿਉਂਕਿ ਪਿਛਲੀ ਤਾਰੀਖ ‘ਤੇ ਬਹਿਸ ਹੋ ਕੇ ਸਜ਼ਾ ਤਹਿ ਹੋ ਚੁੱਕੀ ਸੀ, ਇਸ ਕਰਕੇ ਹੁਣ ਕੇਵਲ ਸਜ਼ਾ ਹੀ ਸੁਣਾਉਣੀ ਸੀ। ਜੱਜ ਸਾਹਿਬ ਨੇ ਦੋਸ਼ੀ ਨਰੇਸ਼ ਡਿੰਪੀ ਨੂੰ ਕੀ ਸਜ਼ਾ ਸੁਣਾਈ, ਇਹ ਜਾਨਣ ਤੋਂ ਪਹਿਲਾਂ ਆਓ ਇਸ ਮਾਮਲੇ ਬਾਰੇ ਜਾਣਦੇ ਹਾਂ।
ਮੋਬਾਇਲ ਰਿਪੇਅਰਿੰਗ ਦਾ ਕੰਮ ਕਰਨ ਵਾਲਾ 18 ਸਾਲ ਦਾ ਜਗਜੀਤ ਸਿੰਘ ਸੇਠੀ ਉਰਫ਼ ਰਮਨ 23 ਅਗਸਤ 2013 ਦੀ ਦੁਪਹਿਰ ਡੇਢ ਵਜੇ ਜਲੰਧਰ ਦੇ ਵੰਚਿਤਨਗਰ ਸਥਿਤ ਆਪਣੇ ਘਰ ਖਾਣਾ ਖਾਣ ਪਹੁੰਚਿਆ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਦੇਖ ਕੇ ਹੈਰਾਨ ਰਹਿ ਗਏ। ਮਾਂ ਨੂੰ ਆਵਾਜ਼ ਦਿੰਦੇ ਹੋਏ ਉਹ ਘਰ ਵਿੱਚ ਦਾਖਲ ਹੋਇਆ ਤਾਂ ਬੈਡਰੂਮ ਦੇ ਦਰਵਾਜ਼ੇ ਵਿਚਕਾਰ ਖੂਨ ਨਾਲ ਲੱਥਪੱਥ ਪਈ ਮਾਂ ਗੁਰਜੀਤ ਕੌਰ ਨੁੰ ਦੇਖ ਕੇ ਉਹ ਚੀਖਣ ਲੱਗਿਆ।
ਰਮਨ ਦੀ ਰੋਣ ਦੀ ਆਵਾਜ਼ ਸੁਣ ਕੇ ਪੜੌਸੀ ਆਏ ਤਾਂ ਉਹਨਾਂ ਨੂੰ ਘਟਨਾ ਬਾਰੇ ਪਤਾ ਲੱਗਿਆ। ਗੁਰਜੀਤ ਕੌਰ ਦੀ ਹਾਲਤ ਦੇਖ ਕੇ ਸਾਰੇ ਹੈਰਾਨ ਰਹਿ ਗਏ। ਰਮਨ ਨੇ ਘਟਨਾ ਦੀ ਸੂਚਨਾ ਆਪਣੇ ਪਿਤਾ ਰਣਜੀਤ ਸਿੰਘ ਸੇਠੀ ਨੂੰ ਦਿੱਤੀ ਤਾਂ ਉਹ ਵੀ ਭੱਜ ਕੇ ਘਰ ਆ ਗਿਆ। ਉਹ ਜਲੰਧਰ ਸਥਿਤ ਦਾਣਾ ਮੰਡੀ ਵਿੱਚ ਐਰੋ ਪੈਂਟ ਲਿਮਟਿਡ ਵਿੱਚ ਡਿਸਪੈਚ ਮੈਨੇਜਰ ਸੀ। ਘਰ ਪਹੁੰਚਦੇ ਹੀ ਉਹਨਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਉਦੋਂ ਉਹਨਾਂ ਨੂੰ ਗੁਰਜੀਤ ਕੌਰ ਦੇ ਚੀਖਣ ਦੀ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ। ਸਾਰੇ ਉਸਨੂੰ ਨਜ਼ਦੀਕ ਦੇ ਕਪੂਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਦੇਖ ਕੇ ਉਸਨੂੰ ਸਿਵਲ ਹਸਪਤਾਲ ਲਿਜਾਣ ਲਈ ਕਿਹਾ।
ਸਿਵਲ ਹਸਪਤਾਲ ਪਹੁੰਚ ਕੇ ਗੁਰਜੀਤ ਦਾ ਇਲਾਜ ਆਰੰਭ ਹੋਇਆ ਪਰ ਉਸ ਦੇ ਸਰੀਰ ਦਾ ਖੂਨ ਕਾਫ਼ੀ ਵਹਿ ਚੁੱਕਾ ਸੀ। ਇਸ ਕਰਕੇ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ। ਇੰਨੀ ਦੇਰ ਵਿੱਚ ਪੁਲਿਸ ਵੀ ਆ ਗਈ। ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਉਸਦਾ ਨਿਰੀਖਣ ਕੀਤਾ। ਮ੍ਰਿਤਕਾ ਦੀ ਗਰਦਨ ‘ਤੇ ਗਹਿਰਾ ਜ਼ਖਮ ਸੀ, ਜੋ ਸ਼ਾਇਦ ਕਿਸੇ ਤੇਜਧਾਰ ਹਥਿਆਰ ਦਾ ਸੀ।
ਉਸ ਦੇ ਸਿਰ ਅਤੇ ਪੇਟ ਤੇ ਡੂੰਘੇ ਸੱਟਾਂ ਦੇ ਨਿਸ਼ਾਨਾਂ ਤੋਂ ਇਲਾਵਾ ਚਿਹਰੇ ਅਤੇ ਬਾਹਾਂ ਤੇ ਝਰੀਟਾਂ ਦੇ ਨਿਸ਼ਾਨ ਸਨ। ਪੁਲਿਸ ਨੇ ਲਾਸ਼ ਦਾ ਪੰਚਨਾਮਾ ਤਿਆਰ ਕਰਕੇ ਉਸਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਇਸ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ।
ਪੁਲਿਸ ਨੇ ਘਟਨਾ ਸਥਾਨ ਤੇ ਜਾ ਕੇ ਜਾਂਚ ਕੀਤੀ। ਬੈਡਰੂਮ ਦਾ ਸਮਾਨ ਇਸ ਤਰ੍ਹਾਂ ਖਿੰਡਿਆ ਪਿਆ ਸੀ, ਜਿਵੇਂ ਮ੍ਰਿਤਕਾ ਅਤੇ ਹੱਤਿਆਰੇ ਵਿਚਕਾਰ ਕਾਫ਼ੀ ਸੰਘਰਸ਼ ਹੋਇਆ ਸੀ। ਪੁਲਿਸ ਨੇ ਘਰ ਤੋਂ ਕੀ-ਕੀ ਗਾਇਬ ਹੈ, ਇਹ ਪੁੱਛਿਆ ਤਾਂ ਰਣਜੀਤ ਸਿੰਘ ਨੇ ਦੰਸਿਆ ਕਿ ਉਸਦੀ ਪਤਨੀ ਆਪਣੇ ਕੋਲ ਕਾਫ਼ੀ ਪੈਸੇ ਰੱਖਦੀ ਸੀ, ਕਿਉਂਕਿ ਉਹ ਵਿਆਜ ਤੇ ਪੈਸੇ ਦਿੰਦੀ ਸੀ। ਉਸ ਦੇ ਕੋਲ ਕਿੰਨੇ ਪੈਸੇ ਸਨ, ਇਹ ਉਹ ਨਹੀਂ ਦੱਸ ਸਕਦਾ ਪਰ ਅਲਮਾਰੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਢਾਈ ਲੱਖ ਰੁਪਏ ਮਿਲੇ। ਬੈਡਰੂਮ ਤੋਂ ਇਲਾਵਾ ਸਾਰੇ ਕਮਰੇ ਜਿਉਂ ਦੇ ਤਿਉਂ ਸਨ।
ਪੋਸਟ ਮਾਰਟਮ ਰਿਪੋਰਟ ਮੁਤਾਬਕ ਗੁਰਜੀਤ ਕੌਰ ਦੀ ਗਰਦਨ ਤੇ ਚਾਕੂ ਵਰਗੇ ਕਿਸੇ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਉਸੇ ਤਹਿਤ ਪੇਟ ਤੇ ਵੀ ਵਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਿਰ ਦੇ ਪਿਛਲੇ ਹਿੱਸੇ ਤੇ ਬਿਨਾਂ ਜ਼ਖਮ ਦੀਆਂ ਸੱਟਾਂ ਸਨ। ਇਹ ਸੱਟ ਕਿਸੇ ਭਾਰੀ ਚੀਜ਼ ਦੀ ਸੀ। ਸਿਰ ਦੇ ਅਗਲੇ ਹਿੱਸੇ ਤੇ ਵੀ ਅਜਿਹੀ ਹੀ ਸੱਟ ਸੀ। ਮ੍ਰਿਤਕਾ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਸੀ।
ਪੁਲਿਸ ਨੇ ਮੁਖਬਰਾਂ ਦਾ ਸਹਾਰਾ ਲਿਆ। ਕਿਸੇ ਮੁਖਬਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਘਰ ਦੇ ਹੀ ਕਿਸੇ ਆਦਮੀ ਦਾ ਹੱਥ ਹੈ। ਇਸ ਤੋਂ ਬਾਅਦ ਮ੍ਰਿਤਕਾ ਦੇ ਮੁੰਡੇ ਰਮਨ ਤੇ ਸ਼ੱਕ ਹੋਇਆ, ਕਿਉਂਕਿ ਉਹ ਅਵਾਰਾ ਕਿਸਮ ਦਾ ਸੀ। ਪੁਲਿਸ ਨੇ ਰਮਨ ਅਤੇ ਉਸ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਪਰ ਉਹ ਸਾਰੇ ਬੇਕਸੂਰ ਪਾਏ ਗਏ। ਇਸ ਦਰਮਿਆਨ ਪੌਣੇ ਦੋ ਸਾਲ ਬੀਤ ਗਏ। ਰਣਜੀਤ ਸਿੰਘ ਸੇਠੀ ਦਾ ਛੋਟਾ ਜਿਹਾ ਪਰਿਵਾਰ ਸੀ, ਇੱਕ ਪਤਨੀ ਅਤੇ ਦੋ ਮੁੰਡੇ ਇੱਕੱਠੇ ਰਹਿੰਦੇ ਸਨ। ਕਮਾਈ ਦੀ ਸਮੱਸਿਆ ਨਹੀਂ ਸੀ।
ਜਨਵਰੀ 2015 ਵਿੱਚ ਫ਼ਾਇਲ ਫ਼ਿਰ ਖੁੱਲ੍ਹੀ। ਇਸ ਦਰਮਿਆਨ ਪੁਲਿਸ ਦੀ ਨਜ਼ਰ ਮ੍ਰਿਤਕਾ ਦੇ ਧਰਮ ਦੇ ਭਰਾ ਨਰੇਸ਼ ਕੁਮਾਰ ਡਿੰਪੀ ਤੇ ਗਈ। ਹੱਤਿਆ ਤੋਂ ਬਾਅਦ ਉਹ ਰਣਜੀਤ ਦੇ ਘਰ ਕਦੀ ਨਹੀਂ ਆਇਆ ਸੀ, ਜਦਕਿ ਉਸ ਤੋਂ ਪਹਿਲਾਂ ਧਰਮ ਭਰਾ ਹੋਣ ਕਾਰਨ ਉਹ ਗੁਰਜੀਤ ਦੇ ਘਰ ਆਉਂਦਾ ਜਾਂਦਾ ਸੀ। ਨਰੇਸ਼ ਇੱਕੱਲਾ ਸੀ ਅਤੇ ਉਸ ਦਾ ਕੋਈ ਪਰਿਵਾਰ ਨਹੀਂ ਸੀ। ਨਰੇਸ਼ ਗੁਰਜੀਤ ਦੇ ਘਰ ਅਕਸਰ ਆਉਂਦਾ। ਗੁਰਜੀਤ ਦੇ ਬੱਚੇ ਵੀ ਉਸਨੂੰ ਮਾਮਾ ਕਹਿੰਦੇ ਸਨ। ਗੁਰਜੀਤ ਕੌਰ ਨੇ ਉਸ ਦਾ ਵਿਆਹ ਵੀ ਕਰਵਾ ਦਿੱਤਾ। ਇਸ ਦਰਮਿਆਨ ਕੜਵਾਹਟ ਪੈਦਾ ਹੋ ਗਈ। ਗੁਰਜੀਤ ਕੌਰ ਦੇ ਪੈਸੇ ਨਰੇਸ਼ ਦੀ ਪਤਨੀ ਦੇ ਰਿਸ਼ਤੇਦਾਰਾਂ ਨੇ ਦੱਬ ਲਏ ਸਨ। ਇਸ ਕਰਕੇ ਉਹ ਦਬਾਅ ਬਣਾਉਣ ਲੱਗੀ।
ਇੱਕ ਦਿਨ ਗੁਰਜੀਤ ਕੌਰ ਦੇ ਘਰੇ ਨਰੇਸ਼ ਆਇਆ ਤਾਂ ਦੋਵਾਂ ਵਿਚਕਾਰ ਤਕਰਾਰ ਹੋ ਗਿਆ। ਨਰੇਸ਼ ਨੇ ਆਪਣੀ ਪਤਨੀ ਦੀ ਆਲੋਚਨਾ ਕਰਨ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਕਾਰ ਝਗੜਾ ਹੋ ਗਿਆ। ਨਰੇਸ਼ ਨੇ ਉਸ ਦੇ ਥੱਪੜ ਮਾਰਿਆ ਤਾਂ ਗੁਰਜੀਤ ਕੌਰ ਦੇ ਹੱਥ ਬੇਸਬਾਲ ਦਾ ਬੈਟ ਆ ਗਿਆ।
ਉਸ ਨੇ ਨਰੇਸ਼ ਤੇ ਵਾਰ ਕਰਨਾ ਚਾਹਿਆ ਪਰ ਨਰੇਸ਼ ਨੇ ਬੈਟ ਖੋਹ ਲਿਆ ਅਤੇ ਡਾਈਨਿੰਗ ਟੇਬਲ ਤੇ ਰੱਖੀ ਛੁਰੀ ਚੁੱਕ ਕੇ ਉਸਦੀ ਗਰਦਨ ਤੇ ਵਾਰ ਕਰ ਦਿੱਤਾ।
ਇਸ ਤੋਂ ਬਾਅਦ ਦੋ-ਤਿੰਨ ਵਾਰ ਹੋਰ ਕੀਤੇ ਗਏ। ਨਰੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹ ਮੁਕੱਦਮਾ ਕਰੀਬ ਪੌਣੇ 2 ਸਾਲ ਚੱਲਿਆ। ਇਸ ਮਾਮਲੇ ਵਿੱਚ ਕੋਈ ਮੌਕੇ ਦਾ ਗਵਾਹ ਨਹੀਂ ਸੀ, ਸਿਰਫ਼ ਤਕਨੀਕੀ ਸਹਾਰਾ ਲੈ ਕੇ ਸਰਕਾਰੀ ਪੱਖ ਨੇ ਆਪਣਾ ਪੱਖ ਮਜ਼ਬੂਤ ਕੀਤਾ। ਉਸੇ ਦੇ ਆਧਾਰ ਤੇ ਸਰਕਾਰੀ ਵਕੀਲ ਨੇ ਬਹਿਸ ਕਰਕੇ ਨਰੇਸ਼ ਕੁਮਾਰ ਡਿੰਪੀ ਨੂੰ ਹੱਤਿਆਰਾ ਸਾਬਤ ਕੀਤਾ।
ਘਟਨਾ ਸਥਾਨ ਤੇ ਮਿਲੀ ਹਥੌੜੀ ਅਤੇ ਚਾਕੂ ਤੋਂ ਮਿਲੇ ਫ਼ਿੰਗਰ ਪ੍ਰਿੰਟ ਨਰੇਸ਼ ਦੇ ਫ਼ਿੰਗਰ ਪ੍ਰਿੰਟ ਨਾਲ ਮੇਲ ਖਾ ਰਹੇ ਸਨ। ਇਸ ਤੋਂ ਇਲਾਵਾ ਮ੍ਰਿਤਕਾ ਦੀ ਮੁੱਠੀ ਵਿੱਚ ਮਿਲੇ ਵਾਲ ਵੀ ਨਰੇਸ਼ ਦੇ ਹੀ ਸਨ। ਇਸ ਕਰਕੇ ਅਦਾਲਤ ਨੇ ਉਸਨੂੰ ਗੁਰਜੀਤ ਕੌਰ ਦੀ ਹੱਤਿਆ ਦਾ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ।