ਪੰਜਾਬ ‘ਚ ਨਹੀਂ ਚੱਲ ਸਕੀ ਮੋਦੀ ਲਹਿਰ

ਕਾਲਾ ਸੰਘਿਆਂ  ¸ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਤਕਰੀਬਨ 1997 ਤੋਂ ਹੁਣ ਤਕ ਲਗਭਗ 20 ਸਾਲ ਤੋਂ ਗਠਜੋੜ ਕਰਕੇ ਚੋਣ ਮੈਦਾਨ ਵਿਚ ਨਿੱਤਰਦੀ ਚਲੀ ਆ ਰਹੀ ਭਾਰਤੀ ਜਨਤਾ ਪਾਰਟੀ, ਜੋ ਕਿ ਪਹਿਲਾਂ ਵਾਂਗ ਇਸ ਵਾਰ ਵੀ 23 ਸੀਟਾਂ ‘ਤੇ ਚੋਣਾਂ ‘ਚ ਆਪਣੇ ਉਮੀਦਵਾਰ ਲੈਕੇ ਕੁੱਦੀ ਸੀ, ਨੂੰ ਦੋਆਬੇ, ਮਾਝੇ ਤੇ ਮਾਲਵੇ ਵਿਚੋਂ ਮਸਾਂ ਹੀ ਇਕ-ਇਕ ਸੀਟ ਹੀ ਨਸੀਬ ਹੋਈ। ਭਾਵ ਭਾਜਪਾ ਦੇ 3 ਉਮੀਦਵਾਰ ਹੀ ਜਿੱਤ ਪ੍ਰਾਪਤ ਕਰ ਸਕੇ ਤੇ 20 ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਵਰਣਨਯੋਗ ਹੈ ਕਿ ਭਾਜਪਾ-ਅਕਾਲੀ ਦਲ ਦੇ ਸਹਾਰੇ ਜਿਥੇ 1997 ਤੋਂ 2002 ਤਕ ਸੱਤਾ ‘ਤੇ ਕਾਬਜ਼ ਰਹੀ, ਉਥੇ ਹੀ ਹੁਣ 2007 ਤੋਂ 2017 ਤਕ 10 ਸਾਲ ਆਪਣੀ ਭਾਈਵਾਲ ਪਾਰਟੀ ਨਾਲ ਸੱਤਾ ਦਾ ਸੁੱਖ ਭੋਗਦੀ ਚਲੀ ਆ ਰਹੀ ਹੈ। 2012 ਵਿਚ ਭਾਜਪਾ ਨੇ 23 ਵਿਚੋਂ 12 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਤੇ ਇਸ ਵਾਰ ਜਿੱਤ 3 ਸੀਟਾਂ ਤਕ ਹੀ ਸਿਮਟ ਕੇ ਰਹਿ ਗਈ। ਯੂ. ਪੀ. ਤੇ ਉਤਰਾਖੰਡ ਵਿਚ ਭਾਵੇਂ ਮੋਦੀ ਲਹਿਰ ਦਾ ਅਸਰ ਦਿਸਿਆ ਹੈ ਪਰ ਪੰਜਾਬ ਵਿਚ ਲਗਭਗ ਇਹ ਲਹਿਰ ਅਸਫਲ ਹੋ ਕੇ ਰਹਿ ਗਈ ਹੈ। ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ, ਜਿਸ ਨੇ 2012 ਵਿਚ 94 ਵਿਚੋਂ 56 ਸੀਟਾਂ ਜਿੱਤੀਆਂ ਸਨ, ਇਸ ਵਾਰ 15 ਸੀਟਾਂ ਤਕ ਹੀ ਅੱਪੜ ਸਕੇ ਤੇ ਹਾਲ ਇਹ ਹੋਇਆ ਕਿ ਪਹਿਲੀ ਵਾਰ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਪ੍ਰਮੁਖ ਆਪੋਜ਼ੀਸ਼ਨ ਧਿਰ 22 ਸੀਟਾਂ ਲੈ ਕੇ ਬਣਨ ਵਿਚ ਸਫਲ ਰਹੀ ਤੇ ਅਕਾਲੀ-ਭਾਜਪਾ ਗਠਜੋੜ 18 ਸੀਟਾਂ ਨਾਲ ਤੀਜੇ ਸਥਾਨ ‘ਤੇ ਚਲਾ ਗਿਆ।