ਪੰਜਾਬ ‘ਚ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਠੰਡ ਪਰਤੀ, ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

ਚੰਡੀਗੜ੍ਹ : ਪੰਜਾਬ ਵਿਚ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ ਹੈ| ਸੂਬੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ| ਇਸ ਤੋਂ ਇਲਾਵਾ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਵਿਚ ਨਾ ਕੇਵਲ ਭਾਰੀ ਬਾਰਿਸ਼ ਹੋਈ, ਬਲਕਿ ਪਟਿਆਲਾ ਸਮੇਤ ਕਈ ਥਾਈਂ ਗੜ੍ਹੇ ਵੀ ਪਏ|
ਇਸ ਬਾਰਿਸ਼ ਨਾਲ ਪੰਜਾਬ ਵਿਚ ਜਿਥੇ ਠੰਢ ਫਿਰ ਤੋਂ ਪਰਤ ਆਈ ਹੈ, ਪਰ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ| ਤੇਜ਼ ਹਵਾਵਾਂ ਚੱਲਣ ਨਾਲ ਕਈ ਏਕੜ ਫਸਲ ਕਣਕ ਦੀ ਪੱਕ ਰਹੀ ਫਸਲ ਧਰਤੀ ਤੇ ਵਿਛ ਗਈ ਹੈ| ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਦਾ ਕਣਕ ਦੇ ਦਾਣਿਆਂ ਉਤੇ ਮਾੜਾ ਅਸਰ ਹੋਵੇਗਾ ਅਤੇ ਝਾੜ ਵੀ ਘੱਟ ਨਿਕਲੇਗਾ| ਖੇਤੀ ਮਾਹਿਰਾਂ ਨੇ ਇਸ ਬਾਰਿਸ਼ ਨੂੰ ਕਈ ਹੋਰ ਫਸਲਾਂ ਅਤੇ ਸਬਜ਼ੀਆਂ ਲਈ ਵੀ ਨੁਕਸਾਨਦਾਇਕ ਦੱਸਿਆ ਹੈ|
ਇਸ ਦੌਰਾਨ ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਵਿਚ ਵੀ ਭਾਰੀ ਬਾਰਿਸ਼ ਹੋ ਰਹੀ ਹੈ| ਦੂਸਰੇ ਪਾਸੇ ਪਹਾੜੀ ਖੇਤਰਾਂ ਵਿਚ ਵੀ ਭਾਰੀ ਬਰਫਬਾਰੀ ਪੈਣ ਦੇ ਸਮਾਚਾਰ ਹਨ, ਜਿਸ ਕਾਰਨ ਅਗਲੇ ਕੁਝ ਦਿਨਾਂ ਵਿਚ ਠੰਡ ਦੇ ਹੋਰ ਜ਼ੋਰ ਫੜਣ ਦੀ ਸੰਭਾਵਨਾ ਹੈ|