ਉਡੀਕ ਦੀਆਂ ਘੜੀਆਂ ਖਤਮ, ਪੰਜਾਬ ਚੋਣਾਂ ਦੇ ਨਤੀਜੇ ਕੱਲ੍ਹ

ਚੰਡੀਗੜ੍ਹ- ਆਖਿਰਕਾਰ ਉਹ ਘੜੀ ਆ ਗਈ ਹੈ, ਜਿਸ ਦੀ ਉਡੀਕ ਸਿਆਸੀ ਆਗੂ ਅਤੇ ਵੋਟਰ ਪਿਛਲੇ ਲਗਪਗ ਡੇਢ ਮਹੀਨੇ ਤੋਂ ਕਰ ਰਹੇ ਸਨ| ਭਲਕੇ 11 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ| ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਦੁਪਹਿਰ ਤੱਕ ਸਾਫ ਹੋ ਜਾਵੇਗਾ ਕਿ ਸੂਬੇ ਵਿਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ| ਹਾਲਾਂਕਿ ਸਾਰੀਆਂ ਹੀ ਪਾਰਟੀਆਂ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਪਰ ਵੱਖ-ਵੱਖ ਨਿੱਜੀ ਚੈਨਲਾਂ ਦੇ ਚੋਣ ਸਰਵੇਖਣਾਂ ਅਨੁਸਾਰ ਪੰਜਾਬ ਵਿਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਅਕਾਲੀ-ਭਾਜਪਾ ਸਰਕਾਰ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਪਰ ਅਸਲੀ ਤਸਵੀਰ ਤਾਂ ਉਦੋਂ ਹੀ ਸਾਫ ਹੋਵੇਗੀ ਜਦੋਂ ਵੋਟਾਂ ਦੀ ਗਿਣਤੀ ਹੋਵੇਗੀ| ਇਸ ਤੋਂ ਇਲਾਵਾ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਨਤੀਜਾ ਵੀ ਭਲਕੇ 11 ਮਾਰਚ ਨੂੰ ਹੀ ਐਲਾਨਿਆ ਜਾਵੇਗਾ|
ਇਸ ਦੌਰਾਨ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਜਿਥੇ ਇਹ ਚੋਣਾਂ ਜਿੱਤ ਕੇ ਸੂਬੇ ਵਿਚ ਹ੍ਰੈਟਿਕ ਮਾਰਨ ਦੀ ਤਿਆਰੀ ਵਿਚ ਹੈ, ਉਥੇ ਕਾਂਗਰਸ ਸਰਕਾਰ ਪਿਛਲੇ 10 ਸਾਲਾਂ ਮਗਰੋਂ ਸੂਬੇ ਵਿਚ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦੀ ਹੈ| ਦੂਸਰੇ ਪਾਸੇ ਲੋਕ ਸਭਾ ਚੋਣਾਂ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪਾਰਟੀ ਨੂੰ ਉਮੀਦ ਹੈ ਕਿ ਉਹ ਦਿੱਲੀ ਤੋਂ ਬਾਅਦ ਪੰਜਾਬ ਵਿਚ ਵੀ ਸੱਤਾ ਸੰਭਾਲੇਗੀ|
ਦੱਸਣਯੋਗ ਹੈ ਕਿ ਸੂਬੇ ਵਿਚ 4 ਫਰਵਰੀ ਨੂੰ 117 ਵਿਧਾਨ ਸਭਾ ਹਲਕਿਆਂ ਵਿਚ ਲਗਪਗ 78 ਫੀਸਦੀ ਮਤਦਾਨ ਹੋਇਆ ਸੀ| ਇਨ੍ਹਾਂ ਚੋਣਾਂ ਵਿਚ ਕੁੱਲ 1145 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ|