ਜਿਉਂ ਹੀ ਛੋਲੇ ਪੱਟਾਂ ਦਾ ਪੀਟਾ ਸਾਇਕਲ ਦੇ ਡੰਡਿਆਂ ‘ਚ ਆਟੇ ਵਾਲੀ ਬੋਰੀ ਫ਼ਸਾਈ ਸੱਥ ਕੋਲ ਦੀ ਲੰਘਣ ਲੱਗਿਆ ਤਾਂ ਨੱਬਿਆਂ ਤੋਂ ਟੱਪੇ ਬਾਬੇ ਸੂਬਾ ਸਿਉਂ ਨੇ ਪੀਟੇ ਨੂੰ ਆਵਾਜ਼ ਮਾਰੀ, ”ਪ੍ਰੀਤਮ ਸਿਆਂ! ਗੱਲ ਸੁਣ ਕੇ ਜਾਈਂ ਪੁੱਤ ਓਏ।”
ਪੀਟੇ ਦਾ ਪੱਕਾ ਨਾਂ ਪ੍ਰੀਤਮ ਸਿੰਘ ਸੀ ਤੇ ਸਾਰਾ ਪਿੰਡ ਉਹਨੂੰ ਪੀਟਾ ਕਹਿ ਕੇ ਬਲਾਉਂਦਾ ਸੀ।
ਬਾਬੇ ਸੂਬਾ ਸਿਉਂ ਦੀ ਆਵਾਜ਼ ਸੁਣ ਕੇ ਪੀਟਾ ਸਣੇ ਸਾਇਕਲ ਸੱਥ ‘ਚ ਬੈਠੇ ਬਾਬੇ ਵੱਲ ਨੂੰ ਮੁੜਿਆ। ਸੱਥ ਵਾਲੇ ਥੜ੍ਹੇ ਕੋਲ ਆ ਕੇ ਬਾਬੇ ਨੂੰ ਕਹਿੰਦਾ, ”ਹਾਂ, ਬਾਬਾ ਜੀ।”
ਬਾਬਾ ਕਹਿੰਦਾ, ”ਆਹ ਸ਼ੈਂਕਲ ਪੁੱਤ ਸਟੈਂਡ ‘ਤੇ ਖਲਿਆਰ ਕੇ ਉਰ੍ਹੇ ਬੈਠ ਕੇ ਗੱਲ ਦੱਸ ਕੇ ਜਾਹ ਆਵਦੇ ਗੁਆਂਢ ਦੀ।”
ਨਾਥਾ ਅਮਲੀ ਬਾਬੇ ਦੇ ਮੂੰਹੋਂ ਸਾਇਕਲ ਦੇ ਸਟੈਂਡ ਦਾ ਨਾਂ ਸੁਣ ਕੇ ਸਾਇਕਲ ਵੱਲ ਵੇਖ ਕੇ ਬਾਬੇ ਸੂਬਾ ਸਿਉਂ ਨੂੰ ਕਹਿੰਦਾ, ”ਸਟੈਂਡ ਤਾਂ ਬਾਬਾ ਇਹਦਾ ਆਵਦਾ ਨ੍ਹੀ ਕੋਈ ਸੈਂਕਲ ਦੇ ਕਿੱਥੋਂ ਹੋਣੈ। ਸਟੈਂਡ ਸਟੂੰਡ ਹੈ ਨ੍ਹੀ ਇਹਦੇ ਸ਼ੈਂਕਲ ਦੇ। ਜਾਂ ਤਾਂ ਸੈਂਕਲ ਲੰਮਾ ਪਾ ਦੇ ਥੱਲੇ, ਜਾਂ ਫ਼ਿਰ ਔਹ ਪਰ੍ਹੇ ਗੀਸਾ ਝਿਉਰ ਖੜ੍ਹਾ ਉਹਨੂੰ ਫ਼ੜਾ ਦੇ।”
ਬੁੱਘਰ ਦਖਾਣ ਅਮਲੀ ਦੀ ਗੱਲ ਸੁਣ ਕੇ ਟਿੱਚਰ ‘ਚ ਕਹਿੰਦਾ, ”ਜੇ ਗੀਸਾ ਸਣੇ ਸੈਂਕਲ ਆਟਾ ਆਵਦੇ ਘਰੇ ਲੈ ਗਿਆ ਫ਼ੇਰ ਕੀ ਬਣੂ ਬਈ?”
ਬੁੱਘਰ ਦਖਾਣ ਦੀ ਗੱਲ ਜਦੋਂ ਗੀਸੇ ਦੇ ਕੰਨਾਂ ‘ਚ ਪਈ ਤਾਂ ਗੀਸਾ ਬੁੱਘਰ ਦਖਾਣ ਦੇ ਗਲ ਪੈ ਗਿਆ, ”ਅੱਗੇ ਦੱਸੀ ਖਾਂ ਮੈਂ ਕਿੰਨ੍ਹੇ ਕੁ ਸੈਂਕਲ ਚੱਕੇ ਐ ਓਏ ਲੋਕਾਂ ਦੇ। ਤੇਰੇ ਆਂਗੂੰ ਮੈਂ ਕਿਸੇ ਦੇ ਪੱਠੇ ਨ੍ਹੀ ਵੱਢਦਾ ਫ਼ਿਰਦਾ। ਦੁਆਨੀ ਦਾ ਕਰ ਕੇ ਕੰਮ ਅਗਲੇ ਦੇ ਖੇਤੋਂ ਤਿੰਨਾਂ ਦਿਨਾਂ ਦੇ ਪੱਠੇ ਵੱਢ ਲਿਆਉਣੇ ਇਹ ਕਿੱਥੋਂ ਦੀ ਦੇਸ਼ ਭਗਤੀ ਐ ਓਏ?”
ਪੀਟੇ ਨੂੰ ਹਰਖਿਆ ਵੇਖ ਕੇ ਮਾਹਲੇ ਨੰਬਰਦਾਰ ਨੇ ਪੀਟੇ ਨੂੰ ਪਿਆਰ ਨਾਲ ਠੰਢਾ ਕੀਤਾ ਤੇ ਬੁੱਘਰ ਦਖਾਣ ਨੂੰ ਝੂਠੀ ਮੂਠੀ ਘੂਰ ਕੇ ਬੋਲਿਆ, ”ਚੁੱਪ ਨ੍ਹੀ ਕਰਦਾ ਮਿਸਤਰੀਆ ਓਏ। ਐਮੇਂ ਨਾ ਹਰੇਕ ਗੱਲ ਨੂੰ ਤੂਲ ਦੇ ਦਿਆ ਕਰੋ। ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਕਦੇ।”
ਮਾਹਲਾ ਨੰਬਰਦਾਰ ਤਾਂ ਪੀਟੇ ਤੇ ਬੁੱਘਰ ਦਖਾਣ ਨੂੰ ਚੁੱਪ ਕਰਾ ਕੇ ਆਪ ਵੀ ਚੁੱਪ ਕਰ ਗਿਆ ਤੇ ਬਾਬੇ ਸੂਬਾ ਸਿਉਂ ਨੇ ਲਈ ਫ਼ਿਰ ਵਾਰੀ। ਪੀਟੇ ਨੂੰ ਕਹਿੰਦਾ, ”ਮੈਂ ਤਾਂ ਪ੍ਰੀਤਮ ਸਿਆਂ ਤੈਨੂੰ ਇਹ ਪੁੱਛਣ ਲਈ ਸੱਦਿਆ ਬਈ ਤੇਰੇ ਗੁਆਂਢ ਮੇਜਰ ਵਕੀਲ ਕੇ ਕੀ ਹੋ ਗਿਆ ਬਲ਼ਾ ਲੜਦੇ ਰਹਿੰਦੇ ਐ ਕੁੱਕੜਾਂ ਆਂਗੂੰ। ਆਹ ਜਿੱਦਣ ਦਾ ਮੁੰਡਾ ਵਿਆਹਿਆ ਵਕੀਲ ਨੇ ਪਤੰਦਰਾਂ ਨੇ ਘਰ ਪਰੈਮਰੀ ਸਕੂਲ ਈ ਬਣਾ ਛੱਡਿਆ। ਸਾਰਾ ਦਿਨ ਕਿਚ ਕਿਚ ਹੋਈ ਜਾਂਦੀ ਰਹਿੰਦੀ ਐ।”
ਸੀਤਾ ਮਰਾਸੀ ਬਾਬੇ ਸੂਬਾ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਫ਼ੇਰ ਤਾਂ ਬਾਬਾ ਦਾਜ ਦੂਜ ਦਾ ਚੱਕਰ ਹੋਊ। ਬਹੂ ਦਾਜ ਘੱਟ ਲਿਆਈ ਹੋਣੀ ਐ, ਵਕੀਲਣੀ ਨੂੰਹ ਨੂੰ ਭੁੱਖੀ ਕੁਕੜੀ ਆਂਗੂੰ ਸਾਰਾ ਦਿਨ ਕੁੜ ਕੁੜ ਕਰੀ ਜਾਂਦੀ ਹੋਊ। ਆਹ ਗੱਲ ਹੋਣੀ ਐ ਫ਼ਿਰ।”
ਮੁਖਤਿਆਰਾ ਮੈਂਬਰ ਦਾਜ ਦੀ ਗੱਲ ਸੁਣ ਕੇ ਕਹਿੰਦਾ, ”ਦਾਜ ਦੀ ਗੱਲ ਤਾਂ ਨ੍ਹੀ ਹੋਣੀ, ਗੱਲ ਤਾਂ ਕੋਈ ਹੋਰ ਹੋਊ। ਦਾਜ ਨਾਲ ਤਾਂ ਅਗਲਿਆਂ ਕਮਲੇ ਵਕੀਲ ਦਾ ਇਉਂ ਘਰ ਭਰ ‘ਤਾ ਜਿਮੇਂ ਕਿਸੇ ਵੱਡੇ ਸੇਠ ਦਾ ਗਦਾਮ ਸਮਾਨ ਨਾਲ ਮੂੰਹ ਤਕ ਭਰਿਆ ਪਿਆ ਹੁੰਦਾ।”
ਨਾਥਾ ਅਮਲੀ ਟਿੱਚਰ ‘ਚ ਹੱਸ ਕੇ ਕਹਿੰਦਾ, ”ਕਿਤੇ ਨੂੰਹ ਵੀ ਵਕੀਲਾਂ ਦੇ ਟੱਬਰ ਆਂਗੂੰ ਬਾਹਲ਼ੀ ਸਿਆਣੀ ਨਾ ਆ ਗੀ ਹੋਵੇ ਤਾਂ ਕਰ ਕੇ ਘਰ ‘ਚ ਕੁੜ ਕੁੜ ਹੁੰਦੀ ਐ। ਕਹਿੰਦੀ ਹੋਊ ਬਈ ਮੇਰੇ ਪਿਉ ਨੇ ਐਨਾ ਸਮਾਨ ਦਿੱਤਾ ਮੈਂ ਈ ਬਾਹਲ਼ੀ ਸਿਆਣੀ ਆਂ।”
ਬਾਬ ਸੂਬਾ ਸਿਉਂ ਨਾਲ ਬੈਠੇ ਸੂਬੇਦਾਰ ਰਤਨ ਸਿਉਂ ਨੂੰ ਕਹਿੰਦਾ, ”ਤੂੰ ਦੱਸ ਰਤਨ ਸਿਆਂ ਕੀ ਕਹਾਣੀ ਐ ਵਕੀਲਾਂ ਦੀ। ਤੇਰਾ ਵੀ ਕਹਿੰਦੇ ਖਾਸਾ ਆਉਣਾ ਜਾਣਾ ਵਕੀਲਾਂ ਦੇ ਘਰੇ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਆਹ ਨਾਥੇ ਨੂੰ ਵੀ ਪਤਾ ਈ ਐ। ਵਕੀਲਣੀ ਨੂੰ ਉੱਚੀ ਉੱਚੀ ਬੋਲਦੀ ਨੂੰ ਤਾਂ ਅਮਲੀਉ ਈ ਚੁੱਪ ਕਰਾਉਣ ਗਿਆ ਸੀ।”
ਮਾਹਲਾ ਨੰਬਰਦਾਰ ਸੂਬੇਦਾਰ ਦੀ ਗੱਲ ਸੁਣ ਕੇ ਕਹਿੰਦਾ, ”ਇਹਦੇ ਅਮਲੀ ਦੇ ਕੀ ਡੰਗਰ ਡਰਦੇ ਸੀ ਵਕੀਲਾਂ ਦੇ ਰੌਲ਼ੇ ਤੋਂ?”
ਬਾਬਾ ਸੂਬਾ ਸਿਉਂ ਰਤਨ ਸਿਉਂ ਸੂਬੇਦਾਰ ਤੋਂ ਅਮਲੀ ਨਾਂਅ ਸੁਣ ਕੇ ਨਾਥੇ ਅਮਲੀ ਵੱਲ ਨੂੰ ਹੋਇਆ, ”ਤੂੰ ਦੱਸ ਨਾਥਾ ਸਿਆਂ ਕੀ ਗੱਲ ਐ ਵਕੀਲਾਂ ਦੇ ਘਰੇ। ਮੁੰਡਾ ਵਿਆਹੁਣ ਤੋਂ ਮਗਰੋਂ ਈ ਕੰਜਰ ਕਲੇਸ ਕਿਉਂ ਪਾਈ ਬੈਠਾ ਸਾਰਾ ਟੱਬਰ?”
ਨਾਥਾ ਅਮਲੀ ਬਾਬੇ ਨੂੰ ਭੁੱਖੀ ਬਾਂਦਰੀ ਵਾਂਗੂੰ ਹਰਖ ਕੇ ਪੈ ਗਿਆ, ”ਆਪਾਂ ਕੀ ਲੈਣਾ ਬਾਬਾ ਕਿਸੇ ਦੀ ਕਬੀਲਦਾਰੀ ਤੋਂ। ਕੋਈ ਲੜੇ ਕੋਈ ਖਪੇ। ਨਾਲੇ ਤੈਨੂੰ ਪਤਾ ਤਾਂ ਹੈ ਬਾਬਾ ਬਈ ਵਕੀਲ ਤਾਂ ਪਹਿਲਾਂ ਈ ਸਿਰੇ ਦਾ ਕਮਲੈ। ਹੁਣ ਨੂੰਹ ਸਿਧਰੀ ਆ ਗੀ। ਆਹ ਮਖਤਿਆਰੇ ਬਿੰਬਰ ਦੇ ਕਹਿਣ ਆਂਗੂੰ ਤਾਹੀਂ ਤਾਂ ਅਗਲਿਆਂ ਨੇ ਸਮਾਨ ਬਾਹਲ਼ਾ ਦਿੱਤਾ ਬਈ ਕੁੜੀ ਦਾ ਸਿਧਰਪੁਣਾ ਕੱਜਿਆ ਜਾਵੇ। ਇਹ ਤਾਂ ਉਹ ਗੱਲ ਹੋ ਗੀ ‘ਅਕੇ ਸੱਪ ਨੂੰ ਸੱਪ ਲੜੇ ਤੇ ਜਹਿਰ ਕੀਹਨੂੰ ਚੜ੍ਹੇ।’ ਵਕੀਲ ਵਕੀਲਣੀ ਕਹਿੰਦੇ ਹੋਣਗੇ ਬਈ ਅਸੀਉਂ ਈ ਸਾਰੇ ਪਿੰਡ ਤੋਂ ਸਿਆਣੇ ਆਂ ਤੇ ਨੂੰਹ ਕਹਿੰਦੀ ਹੋਊ ਬਈ ਮੈਂ ਸਾਰਿਆਂ ਤੋਂ ਸਿਆਣੀ ਆਂ। ਹੈ ਦੋਹੇ ਧਿਰਾਂ ਈ ਸਿਰੇ ਦੀਆਂ ਕਮਲੀਆਂ।”
ਸੀਤਾ ਮਰਾਸੀ ਅਮਲੀ ਵਲੋਂ ਬੰਨ੍ਹਿਆਂ ਭੂਮਿਕਾ ਸੁਣ ਕੇ ਅਮਲੀ ਨੂੰ ਟੁੱਟ ਕੇ ਪੈ ਗਿਆ, ”ਤੂੰ ਹੁਣ ਕੁਸ ਸਣਾਏਂਗਾ ਵੀ ਕੁ ਗਪਾਨ ਮੋਚਨੇ ਦੇ ਮੇਲੇ ‘ਤੇ ਲੱਗੇ ਕਵੀਸ਼ਰਾਂ ਆਂਗੂੰ ਗੱਲਾਂ ਬਾਤਾਂ ਨਾਲ ਈ ਸਾਰੇਂਗਾ?”
ਜੱਗੇ ਕਾਮਰੇਡ ਨੇ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਪੁੱਛਿਆ, ”ਸੀਤਾ ਸਿਆਂ ਕਵੀਸ਼ਰਾਂ ਦੀ ਕਿਮੇਂ ਐ ਗੱਲ?”
ਮਰਾਸੀ ਕਹਿੰਦਾ, ”ਗਪਾਲ ਮੋਚਨੇ ਦੇ ਮੇਲੇ ‘ਤੇ ਕਵੀਸ਼ਰ ਹੋ ਬਾਹਲੇ ਜਾਂਦੇ ਐ, ਬਹੁਤਿਆਂ ਨੂੰ ਤਾਂ ਗਾਉਣਾ ਈ ਨ੍ਹੀ ਆਉਂਦਾ ਹੁੰਦਾ। ਉਹ ਪਤਾ ਕੀ ਕਰਦੇ ਐ? ਐਧਰ ਊਧਰ ਦੀਆਂ ਮਾਰ ਕੇ ਚਾਰ ਗੱਪੜੀਆਂ ਦਿਹਾੜੀ ਬਣਾ ਕੇ ਤੁਰਦੇ ਲੱਗਦੇ ਐ। ਉਹੀ ਗੱਲ ਅਮਲੀ ਦੀ ਐ। ਗੱਲ ਨੂੰ ਸਿਰੇ ਨ੍ਹੀ ਲਾਉਂਦਾ, ਗਿੱਲਾ ਪੀਹਣ ਪਾ ਕੇ ਬਹਿ ਜਾਂਦਾ ਬਈ ਤੂੰ ਫ਼ਟਾ ਫ਼ਟ ਗੱਲ ਦੱਸ ਕੇ ਮੁੱਕਦੀ ਕਰ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਬਾਬਾ ਸੂਬਾ ਸਿਉਂ ਮਰਾਸੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਮੀਰ ਓਏ। ਹੁਣ ਨਾ ਗੱਲ ਦੇ ਵਿੱਚ ਬੋਲੀਂ। ਹਾਂ ਬਈ ਨਾਥਾ ਸਿਆਂ ਦੱਸ ਫ਼ਿਰ ਮੇਜਰ ਵਕੀਲ ਦੇ ਘਰ ਦੀ।”
ਅਮਲੀ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ। ਇੱਕ ਤਾਂ ਵਕੀਲ ਕਾ ਸਾਰਾ ਟੱਬਰ ਪਹਿਲਾਂ ਈ ਕਮਲਾ। ਦੂਜੀ ਨੂੰਹ ਸਿਧਰੀ ਆ ਗੀ। ਗੱਲ ਇਉਂ ਹੋਈ। ਕਈ ਦਿਨ ਤਾਂ ਵਕੀਲਣੀ ਨੇ ਨੂੰਹ ਨੂੰ ਨਮੀਂ ਨਮੀਂ ਕਰ ਕੇ ਕੰਮ ਈ ਨਾ ਲਾਇਆ, ਜਿੱਦੇਂ ਪਹਿਲੇ ਦਿਨ ਕੰਮ ਲਾਇਆ, ਓੱਦੇਂ ਈ ਮਾਂ ਦੀ ਧੀ ਨੇ ਚਾੜ੍ਹਤਾ ਚੰਦ। ਵਕੀਲਣੀ ਕਿਤੇ ਨੂੰਹ ਨੂੰ ਕਹਿੰਦੀ ‘ਆਪਾਂ ਦੋਹੇਂ ਈਂ ਘਰੇ ਆਂ, ਦੋ ਗਲਾਸ ਪਾਣੀ ਦੇ ਗੈਂਸ ‘ਤੇ ਧਰ ਚਾਹ ਬਣਾਈਏ। ਤੂੰ ਛੋਟੇ ਗਲਾਸ ਪਾਣੀ ਦੇ ਭਰ ਕੇ ਧਰ, ਚਾਹ ਮਿੱਠਾ ਮੈਂ ਪਾਉਨੀ ਆਂ। ਨੂੰਹ ਮਾਂ ਦੀ ਧੀ ਨੇ ਬਾਬਾ ਕੰਚ ਦੇ ਦੋ ਗਲਾਸ ਪਾਣੀ ਦੇ ਭਰ ਕੇ ਬਿਨਾਂ ਗੈਸ ਮਚਾਏ ਇੱਕ ਓੱਧਰਲੇ ਪਾਸੇ ਆਲੇ ਚੁੱਲ੍ਹੇ ‘ਤੇ ਧਰ ‘ਤਾ ਇੱਕ ਓਧਰਲੇ ‘ਤੇ। ਆਪ ਪਾਸੇ ਹੋ ਬਹਿ ਕੇ ਸੋਚਣ ਲੱਗ ਪੀ ਬਈ ਕੰਚ ਦੇ ਗਲਾਸਾਂ ‘ਚ ਇਉਂ ਚਾਹ ਕਿਮੇਂ ਬਣੂ। ਜਦੋਂ ਵਕੀਲਣੀ ਨੇ ਵੇਖਿਆ ਬਈ ਇਹ ਤਾਂ ਗੈਂਸੀ ਚੁੱਲ੍ਹੇ ‘ਤੇ ਗਲਾਸਾਂ ‘ਚ ਪਾਣੀ ਪਾ ਕੇ ਅੱਡ ਅੱਡ ਕਰ ਕੇ ਧਰੀ ਬੈਠੀ ਐ ਸਿਧਰੀ, ਤਾਂ ਵਕੀਲਣੀ ਨੇ ਚੱਕ ‘ਤੀ ਗਾਲਾਂ ਆਲੀ ਸ਼ਪੀਟ। ਤਹਿ ਲਾ ‘ਤੀ ਨੂੰਹ ਦੀ। ਹੁਣ ਵਕੀਲਣੀ ਓਸੇ ਗੱਲ ਨੂੰ ਫ਼ੜੀ ਬੈਠੀ ਐ ਦਸਾਂ ਦਿਨਾਂ ਦੀ ਬਈ ਇਹਨੂੰ ਕੰਮ ਦੰਦੇ ਦਾ ਚੱਜ ਈ ਨ੍ਹੀ। ਆਹ ਰੌਲ਼ਾ ਪਿਆ ਵਿਆ ਘਰੇ। ਵਕੀਲਣੀ ਆਂਹਦੀ ਇਹਨੇ ਦੱਸਿਆ ਕਿਉਂ ਨ੍ਹੀ ਬਈ ਮੈਨੂੰ ਚਾਹ ਮਨ੍ਹੀ ਬਣਾਉਣੀ ਆਉਂਦੀ।”
ਚੰਦ ਠੇਡਾ ਹੱਸ ਕੇ ਕਹਿੰਦਾ, ”ਇਹਦੇ ‘ਚ ਲੜਣ ਆਲੀ ਕਿਹੜੀ ਗੱਲ ਐ ਬਈ। ਜਿੱਥੇ ਅੱਗੇ ਘਰੇ ਐਨੇ ਕਮਲ਼ੇ ਜਭਦੇ ਫ਼ਿਰਦੇ ਐ ਓੱਥੇ ਜੇ ਇੱਕ ਹੋਰ ਆ ਗਿਆ ਤਾਂ ਭੋਰਾ ਰੌਣਕ ਈ ਹੋਈ ਐ ਘਰੇ, ਕੋਈ ਘਾਟ ਆਲੀ ਗੱਲ ਤਾਂ ਨ੍ਹੀ ਹੋਈ। ਨਾਲੇ ਵਕੀਲ ਕਿਹੜਾ ਬਾਹਲਾ ਸਿਆਣਾ। ਉਹ ਤਾਂ ਆਪ ਸਿਰੇ ਦਾ ਕਮਲ਼ੈ।”
ਬਾਬਾ ਸੂਬਾ ਸਿਉਂ ਚੰਦ ਨੂੰ ਕਹਿੰਦਾ, ”ਚੰਦ ਸਿਆਂ ਹੁਣ ਤੂੰ ਵੀ ਦੱਸ ਦੇ ਵਕੀਲ ਦੀ ਕੋਈ।”
ਚੰਦ ਕਹਿੰਦਾ, ”ਕੇਰਾਂ ਵਕੀਲ ਕੋਲੇ ਚਾਰ ਪੰਜ ਬੰਦੇ ਕਿਸੇ ਕੇਸ ਦੀ ਬਾਬਤ ਆ ਗੇ। ਉਨ੍ਹਾਂ ਨੇ ਵਕੀਲ ਨੂੰ ਆਵਦੇ ਸਾਰੇ ਕਾਤਕ ਪੜ੍ਹਾ ਕੇ ਪੁੱਛਿਆ, ਕਿੰਨੀ ਫ਼ੀਸ ਲਮੋਂਗੇ ਵਕੀਲ ਸਾਹਬ ਇਹ ਕੇਸ ਜਿੱਤਣ ਲਈ? ਅਕੇ ਵਕੀਲ ਕਹਿੰਦਾ ਸਾਢੇ ਪੰਜ ਸੌ ਲਊਂ’। ਉਨ੍ਹਾਂ ਬੰਦਿਆਂ ਨੇ ਸੋਚਿਆ ਬਈ ਐਨਾ ਸਸਤਾ ਵਕੀਲ ਕੇਸ ਕਿਮੇਂ ਜਿੱਤ ਕੇ ਦੇਊ। ਜਿੰਨੀ ਇਹਨੇ ਆਵਦੀ ਫ਼ੀਸ ਮੰਗੀ ਐ ਓਨੀ ਫ਼ੀਸ ਤਾਂ ਵਕੀਲਾਂ ਦੇ ਮੁਨਸ਼ੀਓ ਈ ਲੈ ਲੈਂਦੇ ਐ। ਉਨ੍ਹਾਂ ‘ਚੋਂ ਇੱਕ ਨੇ ਦੂਜਿਆਂ ਨੂੰ ਰੈਅ ਦਿੱਤੀ ਬਈ ਜੇ ਕੇਸ ਜਿੱਤਣਾ ਤਾਂ ਮਹਿੰਗਾ ਵਕੀਲ ਕਰੀਏ। ਉਨ੍ਹਾਂ ਬੰਦਿਆਂ ਨੇ ਆਵਦੇ ਕਾਤਕ ਕਿਸੇ ਹੋਰ ਵਕੀਲ ਨੂੰ ਦਖਾ ਕੇ ਫ਼ੀਸ ਪੁੱਛੀ ਤਾਂ ਉਹ ਵਕੀਲ ਕਹਿੰਦਾ ਪੰਜਾਹ ਹਜਾਰ ਲਊਂ। ਉਨ੍ਹਾਂ ਬੰਦਿਆਂ ਨੇ ਭਾਈ ਪੰਜਾਹ ਹਜਾਰ ਆਲਾ ਵਕੀਲ ਕਰ ਲਿਆ। ਤੀਜੀ ਖਣੀ ਚੌਥੀ ਪੇਸ਼ੀ ‘ਤੇ ਫ਼ੈਸਲਾ ਹੋ ਗਿਆ। ਉਹ ਬੰਦੇ ਕੇਸ ਹਰ ਗੇ। ਜਦੋਂ ਉਹ ਬੰਦੇ ਕੇਸ ਹਰ ਕੇ ਜੱਜ ਦੀ ਕਚਹਿਰੀ ‘ਚੋਂ ਬਾਹਰ ਨਿਕਲ ਰਹੇ ਸੀ ਤਾਂ ਇਧਰੋਂ ਕਿਤੇ ਇਹ ਆਪਣੇ ਮੇਜਰ ਸਿਉਂ ਜੀ ਵਕੀਲ ਜਾ ਪਹੁੰਚੇ। ਇਹਨੇ ਆਪਣੇ ਆਲੇ ਕਮਲੇ ਵਕੀਲ ਨੇ ਉਨ੍ਹਾਂ ਨੂੰ ਪੁੱਛਿਆ ਕੀ ਹੋਇਆ ਬਈ ਸੋਡੇ ਕੇਸ ਦਾ? ਉਹ ਬੰਦੇ ਕਹਿੰਦੇ ‘ਕੇਸ ਤਾਂ ਅਸੀਂ ਹਰ ਗੇ। ਆਪਣੇ ਆਲੇ ਕਮਲੇ ਨੇ ਫ਼ੇਰ ਪੁੱਛਿਆ ਕਿੰਨੀ ਫ਼ੀਸ ਲਈ ਐ ਵਕੀਲ ਨੇ? ਉਹ ਕਹਿੰਦੇ ਪੰਜਾਹ ਹਜਾਰ। ਇਹ ਮੇਜਰ ਵਕੀਲ ਨੇ ਉਨ੍ਹਾਂ ਨੂੰ ਹਰਾਨੀ ਨਾਲ ਪੁੱਛਿਆ ਪੰਜਾਹ ਹਜਾਰ ਦੇ ਕੇ ਵੀ ਹਰ ਗੇ? ਉਹ ਕਹਿੰਦੇ ਹਾਂ ਜੀ। ਇਹ ਉਨ੍ਹਾਂ ਨੂੰ ਕਹਿੰਦਾ ਇਹੀ ਕੰਮ ਮੈਂ ਸੋਡਾ ਸਾਢੇ ਪੰਜ ਸੌ ‘ਚ ਕਰ ਦੇਣਾ ਸੀ। ਤੁਸੀਂ ਤਾਂ ਐਮੇਂ ਈਂ ਪੰਜਾਹ ਹਜਾਰ ਖੂਹ ‘ਚ ਪਾ ‘ਤਾ। ਉਨ੍ਹਾਂ ਬੰਦਿਆਂ ਨੇ ਭਾਈ ਇਹਨੂੰ ਕਮਲੇ ਵਕੀਲ ਨੂੰ ਜੱਜ ਦੀ ਕਚਹਿਰੀ ਮੂਹਰੇ ਈ ਢਾਹ ਲਿਆ। ਕੁੱਟ ਕੁੱਟ ਕੇ ਲਾਂਗੜੇ ਗਧੇ ਅਰਗਾ ਕਰ ‘ਤਾ। ਇੱਕ ਤਾਂ ਉਨ੍ਹਾਂ ਨੂੰ ਕੇਸ ਹਰ ਜਾਣ ਦਾ ਮਸੋਸ ਸੀ, ਦੂਜਾ ਇਹਨੇ ਪਤੰਦਰ ਨੇ ਮੱਚਦੀ ‘ਤੇ ਤੇਲ ਪਾਉਣ ਆਲੀ ਗੱਲ ਕਰ ‘ਤੀ। ਉਨ੍ਹਾਂ ਨੇ ਮਾਰ ਮਾਰ ਹੂਰੇ ਠੱਕੇ ਦੀ ਮਾਰੀ ਬੱਕਰੀ ਅਰਗਾ ਕਰ ‘ਤਾ। ਆਹ ਗੱਲ ਇਹਦੇ ਨਾਲ ਹੋਈ ਸੀ। ਇਹ ਤਾਂ ਬਾਬਾ ਸਾਰਾ ਟੱਬਰ ਈ ਕਮਲਿਆਂ ਦਾ ਲਾਣੈ।”
ਸੰਤੋਖੇ ਬੁੜ੍ਹੇ ਕਾ ਭਜਨ ਕਹਿੰਦਾ, ”ਓਧਰਲੇ ਗੁਆੜ ਆਲੇ ਤਾਂ ਇਨ੍ਹਾਂ ਦੇ ਟੱਬਰ ਨੂੰ ਕਮਲਿਆਂ ਦਾ ਲਾਣਾ ਈ ਕਹਿੰਦੇ ਐ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਜੱਗਾ ਫ਼ੌਜੀ ਸੱਥ ‘ਚ ਆ ਕੇ ਬਾਬੇ ਸੂਬਾ ਸਿਉਂ ਨੂੰ ਕਹਿੰਦਾ, ”ਬਾਬਾ ਜੀ! ਸੋਨੂੰ ਤੇ ਬਿੰਬਰ ਮਖਤਿਆਰ ਸਿਉਂ ਨੂੰ ਵਕੀਲਾਂ ਨੇ ਘਰੇ ਸੱਦਿਆ। ਵਕੀਲ ਦੇ ਮੁੰਡੇ ਦੇ ਸਹੁਰੇ ਆਏ ਐ ਕੋਈ ਗੱਲਬਾਤ ਕਰਨੀ ਐ ਉਨ੍ਹਾਂ ਨੇ।”
ਫ਼ੌਜੀ ਤੋਂ ਸੁਨੇਹਾ ਸੁਣ ਕੇ ਨਾਥਾ ਅਮਲੀ ਕਹਿੰਦਾ, ”ਨੂੰਹ ਨਾਲ ਲੜਾਈ ਦਾ ਈ ਰੌਲਾ ਬਾਬਾ।”
ਸੁਨੇਹਾ ਸੁਣਦੇ ਸਾਰ ਜਿਉਂ ਹੀ ਬਾਬਾ ਸੂਬਾ ਸਿਉਂ ਤੇ ਮੁਖਤਿਆਰਾ ਮੈਂਬਰ ਸੱਥ ‘ਚੋਂ ਉੱਠ ਕੇ ਮੇਜਰ ਵਕੀਲ ਦੇ ਘਰ ਨੂੰ ਤੁਰੇ ਤਾਂ ਬਾਕੀ ਦੀ ਸੱਥ ਵਾਲੇ ਵੀ ਆਪੋ ਆਪਣੇ ਘਰਾਂ ਨੂੰ ਤੁਰ ਪਏ।