ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਮਲੋਟ ਵਿਖੇ ਵੋਟ ਗਿਣਤੀ ਕੇਂਦਰਾਂ ਦਾ ਲਿਆ ਜਾਇਜ਼ਾ

ਮਲੋਟ  : ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ. ਈ. ਓ) ਵੀ. ਕੇ. ਸਿੰਘ ਇੱਥੇ ਵੋਟਾਂ ਦੀ ਗਿਣਤੀ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁੱਜੇ। ਇਸ ਤੋਂ ਪਹਿਲਾਂ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਸੀ. ਈ. ਓ ਨੇ ਪ੍ਰਸ਼ਾਸ਼ਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਲਈ ਸਮੁੱਚੇ ਪ੍ਰਬੰਧ ਕੀਤੇ ਗਏ ਹਨ ਅਤੇ ਵੋਟਾਂ ਦੀ ਗਿਣਤੀ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਇਸ ਦੌਰਾਨ ਇਕ ਪੱਤਰਕਾਰ ਨੇ ਕਿਹਾ ਕਿ ਵੋਟ ਗਿਣਤੀ ਕੇਂਦਰਾਂ ‘ਤੇ ਪੱਤਰਕਾਰਾਂ ਨੂੰ ਮੋਬਾਇਲ ਨਹੀਂ ਲਿਜਾਣ ਦਿੱਤੇ ਜਾਂਦੇ, ਜਦੋਂ ਕਿ ਲੀਡਰਾਂ ਨੂੰ ਮੋਬਾਇਲ ਲਿਜਾਣ ਤੋਂ ਰੋਕਿਆ ਨਹੀਂ ਜਾਂਦਾ, ਜਿਸ ‘ਤੇ ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਆਬਜ਼ਰਵਰ ਤੋਂ ਸਿਵਾਏ ਕਿਸੇ ਨੂੰ ਵੀ ਵੋਟ ਗਿਣਤੀ ਕੇਂਦਰਾਂ ‘ਤੇ ਮੋਬਾਇਲ ਲਿਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਵਲੋਂ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ, ਜਿੱਥੇ ਕਿ ਮਲੋਟ ਅਤੇ ਲੰਬੀ ਵਿਧਾਨ ਸਭਾ ਖੇਤਰ ਦੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਰੱਖਿਆ ਗਿਆ ਹੈ।