ਸਿਰਸਾ ਨੇ ਅਕਾਲੀ ਦਲ ਦੇ ਵਰਕਰਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ- ਹਾਲ ਹੀ ਵਿਚ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਵਾਰਡ ਨੰਬਰ 9, ਪੰਜਾਬੀ ਬਾਗ ਤੋਂ ਚੁਣੇ ਗਏ ਸ਼ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਦਾ ਪਾਰਟੀ ਉਮੀਦਵਾਰਾਂ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਦਿਵਾਉਣ ਲਈ ਧੰਨਵਾਦ ਕੀਤਾ ਹੈ।
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ ਸਿਰਸਾ ਨੇ ਕਿਹਾ ਕਿ ‘ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਵਾਸਤੇ ਮੈਂ ਅਕਾਲੀ ਦਲ ਦੇ ਸਾਰੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਉਹਨਾਂ ਅੱਗੇ ਕਿਹਾ ਕਿ ਇਹਨਾਂ ਸਾਰੇ ਵਰਕਰਾਂ ਨੇ ਚੋਣਾਂ ਨਾਲ ਸੰਬੰਧਿਤ ਜ਼ਿੰਮੇਵਾਰੀਆਂ ਜਿਵੇਂ ਵੋਟਰ ਸੂਚੀਆਂ ਬਣਾਉਣਾ, ਅਹਿਮ ਮੁੱਦਿਆਂ ਨੂੰ ਉਭਾਰਨਾ ਅਤੇ ਹਰ ਸਿੱਖ ਵੋਟਰ ਦੇ ਘਰ ਜਾ ਕੇ ਅਕਾਲੀ ਉਮੀਦਵਾਰਾਂ ਲਈ ਵੋਟਾਂ ਮੰਗਣਾ ਆਦਿ ਨੂੰ ਬਹੁਤ ਹੀ ਗੰਭੀਰਤਾ ਅਤੇ ਫੁਰਤੀ ਨਾਲ ਨਿਭਾਇਆ ਹੈ। ਇਸ ਦੇ ਨਾਲ ਹੀ ਇਹਨਾਂ ਵਰਕਰਾਂ ਨੇ ਵਿਰੋਧੀ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਕੂਡ਼-ਪ੍ਰਚਾਰ ਦਾ ਠੋਕਵਾਂ ਜੁਆਬ ਦੇਣ ਲਈ ਸੋਸ਼ਲ ਮੀਡੀਆ ਉੱਤੇ ਵੀ ਤਿੱਖੀ ਨਜ਼ਰ ਰੱਖੀ ਹੈ।
ਇਹਨਾਂ ਸਾਰੇ ਵਰਕਰਾਂ ਨੂੰ ਅਕਾਲੀ ਦਲ ਦੇ ਥੰਮ ਕਰਾਰ ਦਿੰਦਿਆਂ ਸ਼ ਸਿਰਸਾ ਨੇ ਕਿਹਾ ਕਿ ਇਹਨਾਂ ਵਰਕਰਾਂ ਦੇ ਬੇਮਿਸਾਲ ਸਹਿਯੋਗ, ਸਖ਼ਤ ਮਿਹਨਤ ਅਤੇ ਲਗਨ ਤੋਂ ਬਗੈਰ ਸਾਡੇ ਲਈ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਲਗਾਤਾਰ ਦੂਜੀ ਵਾਰ ਸ਼ਾਨਦਾਰ ਜਿੱਤ ਹਾਸਿਲ ਕਰਨਾ ਕਦੇ ਵੀ ਸੰਭਵ ਨਹੀਂ ਸੀ ਹੋਣਾ।