ਮਿਰਜਾਪੁਰ : ਉਤਰ ਪ੍ਰਦੇਸ਼ ਵਿਚ ਚੋਣ ਰੈਲੀਆਂ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਿਰਜਾਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ| ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਸਪਾ ਅਤੇ ਬਸਪਾ ਤੋਂ ਮੁਕਤੀ ਦਾ ਉਤਸਵ ਯੂ.ਪੀ ਚੋਣਾਂ ਹਨ|
ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਅਲਿਖੇਸ਼ ਯਾਦਵ ਉਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਉਹ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦਾ ਹੈ| ਉਨ੍ਹਾਂ ਕਿਹਾ ਕਿ ਸਪਾ, ਬਸਪਾ ਅਤੇ ਕਾਂਗਰਸ ਨੇ ਬੀਤੇ ਸਮੇਂ ਦੌਰਾਨ ਜਿੰਨਾ ਸੂਬੇ ਨੂੰ ਲੁੱਟਿਆ ਹੈ, ਜਨਤਾ ਚੋਣਾਂ ਵਿਚ ਉਸ ਦਾ ਹਿਸਾਬ ਲਵੇਗੀ|
ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪੰਜ ਪੜਾਵਾਂ ਅਧੀਨ ਵੋਟਾਂ ਪੈ ਚੁੱਕੀਆਂ ਹਨ ਅਤੇ ਭਲਕੇ 4 ਮਾਰਚ ਨੂੰ ਸੂਬੇ ਵਿਚ ਛੇਵੇਂ ਗੇੜ ਲਈ ਮਤਦਾਨ ਹੋਵੇਗਾ| ਇਨ੍ਹਾਂ ਚੋਣਾਂ ਲਈ ਜਿਥੇ ਪ੍ਰਧਾਨ ਮੰਤਰੀ ਭਾਜਪਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ, ਉਥੇ ਅਖਿਲੇਸ਼ ਯਾਦਵ ਅਤੇ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਸਪਾ-ਕਾਂਗਰਸ ਗਠਜੋੜ ਲਈ ਅਤੇ ਮਾਇਆਵਤੀ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਲਈ ਜ਼ੋਰਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ| ਵੋਟਰ ਆਪਣਾ ਭਰੋਸਾ ਕਿਹੜੀ ਪਾਰਟੀ ਉਤੇ ਜਤਾਉਂਦੇ ਹਨ, ਇਸ ਦਾ ਫੈਸਲਾ ਆਉਣ ਵਾਲੀ 11 ਮਾਰਚ ਨੂੰ ਹੋ ਜਾਵੇਗਾ|