ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਕਣਕ ਦੀ ਖਰੀਦ ਸੰਬੰਧੀ ਤਿਆਰੀਆਂ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਬੇਨਤੀ

ਚੰਡੀਗਡ਼ ਪੰਜਾਬ ਦੀ ਕਾਰਜਕਾਰੀ ਅਕਾਲੀ-ਭਾਜਪਾ ਸਰਕਾਰ ਦੀਆਂ ਕਣਕ ਖਰੀਦ ਪ੍ਰਤੀ ਤਿਆਰੀਆਂ ਨਾ ਹੋਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਆਮ ਆਦਮੀ ਪਾਰਟੀ ਨੇ ਰਾਜ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸੰਬੰਧੀ ਤਿਆਰੀਆਂ ਉਤੇ ਚਰਚਾ ਕਰਨ ਲਈ ਰਾਜਪਾਲ ਨੂੰ ਸਰਬ ਪਾਰਟੀ ਮੀਟਿੰਗ ਸੱਦਣ ਦੀ ਗੁਜਾਰਿਸ਼ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ, ਮੈਨੀਫੇਸਟੋ ਕਮੇਟੀ ਦੇ ਮੁੱਖੀ ਕੰਵਰ ਸੰਧੂ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੈਪਟਨ ਜੀਐਸ ਕੰਗ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਹੁਣ ਤੱਕ ਕਣਕ ਖਰੀਦ ਲਈ ਕੀਤੇ ਕਾਰਜਾਂ ਅਤੇ ਰਿਜਰਵ ਬੈਂਕ ਆਫ ਇੰਡੀਆਂ ਤੋਂ ਕਣਕ ਖਰੀਦ ਲਈ ਕੈਸ਼ ਕਰੈਡਿਟ ਲੀਮਿਟ ਪ੍ਰਾਪਤ ਕਰਨ ਲਈ ਕੀਤੇ ਕਾਰਜਾਂ ਦੀ ਸਮੂਚੀ ਜਾਣਕਾਰੀ ਦੱਸਣੀ ਚਾਹੀਦੀ ਹੈ।
ਆਪ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ ਅਤੇ ਕਰੀਬ 1 ਹਫਤਾ ਨਵੀਂ ਸਰਕਾਰ ਨੂੰ ਕੰਮ ਸ਼ੁਰੂ ਕਰਨ ਵਿਚ ਲੱਗੇਗਾ। ਜਿਸ ਕਾਰਣ ਕਣਕ ਖਰੀਦ ਦੇ ਪ੍ਰਬੰਧਾਂ ਲਈ ਬਹੁਤ ਘੱਟ ਸਮਾਂ ਬਚੇਗਾ। ਉਨਾਂ ਕਿਹਾ ਕਿ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਕਣਕ ਖਰੀਦ ਲਈ ਉਚੇਚੇ ਪ੍ਰਬੰਧ ਕਰਨਾ ਅਤਿਅੰਤ ਜਰੂਰੀ ਹੈ। ਇਸ ਲਈ ਸਰਕਾਰ ਨੂੰ ਸੀਸੀਐਲ ਲੀਮਿਟ ਬਾਰੇ ਗੰਭੀਰਤਾ ਨਾਲ ਕਾਰਜ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਕਿਸਾਨ ਕਣਕ ਖਰੀਦ ਦੌਰਾਨ ਖਜੱਲ-ਖੁਆਰ ਨਾ ਹੋਣ।
ਆਗੂਆਂ ਨੇ ਕਿਹਾ ਕਿ ਪਿਛਲੇ ਸੀਜਨ ਦੌਰਾਨ ਕਿਸਾਨਾਂ ਨੂੰ ਆਪਣੀ ਕਣਕ ਵੇਚਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉ ਜੋ ਕੇਂਦਰ ਸਰਕਾਰ ਨੇ ਸੀਸੀਐਲ ਜਾਰੀ ਨਹੀਂ ਕੀਤਾ ਸੀ। ਇਥੋਂ ਤੱਕ ਕੇ ਖੁਦ ਮੁੱਖ ਮੰਤਰੀ ਨੂੰ ਦਿੱਲੀ ਜਾ ਕੇ ਸੀਸੀਐਲ ਜਾਰੀ ਕਰਨ ਲਈ ਤਰਲੇ ਕਰਨੇ ਪਏ ਸਨ ਕਿਉ ਜੋ ਆਰਬੀਆਈ ਨੇ 20 ਹਜਾਰ ਕਰੋਡ਼ ਦੇ ਅਨਾਜ ਘੋਟਾਲੇ ਕਾਰਨ ਅਕਾਲੀ ਭਾਜਪਾ ਸਰਕਾਰ ਨੇ ਫੰਡ ਦੇਣ ਤੋਂ ਮੰਨਾ ਕਰ ਦਿੱਤਾ ਸੀ।
‘‘ਰਾਜਪਾਲ ਲਈ ਇਹ ਉਤਮ ਸਮਾਂ ਹੈ ਕਿ ਉਹ ਖੁਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਸੀਐਲ ਸਹੀ ਸਮੇਂ ਤੇ ਜਾਰੀ ਕਰਵਾਉਣ ਲਈ ਯਤਨ ਕਰਨ ਤਾਂ ਜੋ ਪਹਿਲਾਂ ਹੀ ਮੰਦੀ ਦੇ ਸ਼ਿਕਾਰ ਕਿਸਾਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ’’ ਆਗੂਆਂ ਨੇ ਕਿਹਾ।
ਆਪ ਆਗੂਆਂ ਨੇ ਭਰੋਸਾ ਦਿਵਾਇਆ ਕਿ ਪਾਰਟੀ ਕਣਕ ਦੀ ਸੁਚਾਰੂ ਢੰਗ ਨਾਲ ਖਰੀਦ ਲਈ ਵਚਨਬੱਧ ਹੈ ਅਤੇ ਕਿਸਾਨਾਂ ਦੀ ਫਸਲ 24 ਘੰਟੇ ਦੇ ਵਿਚ ਚੁੱਕ ਕੇ 72 ਘੰਟਿਆਂ ਵਿਚ ਉਨਾਂ ਨੂੰ ਫਸਲ ਦੀ ਅਦਾਇਗੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਆਪ ਪਹਿਲਾਂ ਹੀ ਮਾਨਯੋਗ ਗਵਰਨਰ ਨੂੰ ਮਿਲਣ ਲਈ ਉਨਾਂ ਪਾਸੋਂ ਸਮਾਂ ਮੰਗ ਚੁੱਕੀ ਹੈ।