ਚੰਡੀਗੜ- ਸੂਬੇ ਵਿੱਚ ਆਲੂਆਂ ਦੇ ਘੱਟ ਭਾਅ ਦੇ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਤੇ ਮਾਰਕਫੈਡ ਨੂੰ ਮੰਡੀ ‘ਚ ਦਖਲ ਦੇਣ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਵਧੀਆ ਭਾਅ ਦੇ ਕੇ ਮੌਜੂਦਾ ਸੰਕਟ ਵਿੱਚੋਂ ਕੱਢਿਆ ਜਾ ਸਕੇ।
ਮੌਜੂਦਾ ਸਥਿਤੀ ਦਾ ਜਾਇਜਾ ਲੈਣ ਲਈ ਅੱਜ ਦੁਪਹਿਰ ਆਪਣੇ ਨਿਵਾਸ ਸਥਾਨ ‘ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਲੂ ‘ਤੇ ਮਾਰਕੀਟ ਫੀਸ ਅਤੇ ਦਿਹਾਤੀ ਬੁਨਿਆਦੀ ਢਾਂਚਾ ਫੀਸ (ਆਰ ਡੀ ਐਫ) 2 ਫੀਸਦੀ ਤੋਂ ਘਟਾ ਕੇ 0.25 ਫੀਸਦੀ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਦੌਰਾਨ ਸ. ਬਾਦਲ ਨੇ ਤਰੁੰਤ ਪ੍ਰਭਾਵ ਤੋਂ ਆੜਤੀਆਂ ਵੱਲੋਂ ਲਈ ਜਾਂਦੀ ਆੜਤ ਦੀ ਦਰ 5 ਫੀਸਦੀ ਤੋਂ ਘਟਾ ਕੇ ਇੱਕ ਫੀਸਦੀ ਕਰਨ ਦੇ ਵੀ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਪੰਜਾਬ ਐਗਰੋ ਅਤੇ ਮਾਰਕਫੈਡ ਨੂੰ ਰੂਸ, ਦੁਬਈ, ਇਰਾਨ, ਸ੍ਰੀਲੰਕਾ ਅਤੇ ਹੋਰਨਾਂ ਦੇਸ਼ਾਂ ਨੂੰ ਆਲੂ ਦੀ ਬਰਾਮਦ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਆਖਿਆ ਜਿਸ ਲਈ ਸੂਬਾ ਸਰਕਾਰ ਭਾੜੇ ਵਿੱਚ ਸਬਸਿਡੀ ਦੇ ਸਕਦੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਆਲੂਆਂ ਦੇ ਮੰਡੀਕਰਨ ਲਈ ਖੇਤੀਬਾੜੀ ਵਿਭਾਗ ਨੂੰ ਵੀ ਮੁੱਖ ਮੰਤਰੀ ਨੇ ਯਤਨ ਕਰਨ ਲਈ ਆਖਿਆ ਤਾਂ ਜੋ ਆਲੂ ਉਤਪਾਦਕਾਂ ਨੂੰ ਚੋਖਾ ਭਾਅ ਮਿਲ ਸਕੇ।
ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਸੂਬੇ ਭਰ ਦੇ ਕੋਲਡ ਸਟੋਰਾਂ ਦੀ ਆਲੂਆਂ ਲਈ ਢੁਕਵੇਂ ਢੰਗ ਨਾਲ ਵਰਤੋਂ ਯਕੀਨੀ ਬਨਾਉਣ ਲਈ ਵੀ ਨਿਰਦੇਸ਼ ਦਿੱਤੇ। ਉਨ•ਾਂ ਨੇ ਕੋਲਡ ਸਟੋਰਾਂ ਵਿੱਚ ਆਲੂ ਰੱਖਣ ਸਬੰਧੀ ਉਣਤਾਈਆਂ ਨੂੰ ਨੱਥ ਪਾਉਣ ਲਈ ਆਖਿਆ।
ਇਸੇ ਦੌਰਾਨ ਹੀ ਹੋਰਨਾਂ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਸਕੂਲਾਂ ਦੇ ਦੁਪਹਿਰ ਦੇ ਖਾਣੇ ਅਤੇ ਜੇਲ•ਾਂ ਨੂੰ ਆਪਣੇ ਰਾਸ਼ਨ ਵਿੱਚ ਵੱਧ ਤੋਂ ਵੱਧ ਆਲੂ ਦੀ ਵਰਤੋਂ ਕਰਨ ਲਈ ਨਿਰਦੇਸ਼ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਜਿਸ ਨਾਲ ਸੂਬੇ ਵਿੱਚ ਆਲੂ ਦੀ ਵਿਕਰੀ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਐਮ.ਡੀ. ਪੰਜਾਬ ਐਗਰੋ ਸ੍ਰੀ ਕੇ.ਐਸ.ਪਨੂੰ, ਐਮ.ਡੀ. ਮਾਰਕਫੈਡ ਸ੍ਰੀ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਖੇਤੀਬਾੜੀ ਸ੍ਰੀ ਬੀ.ਐਸ.ਸਿੱਧੂ, ਡਾਇਰੈਕਟਰ ਬਾਗਬਾਨੀ ਸ੍ਰੀ ਗੁਰਕੰਵਲ ਸਿੰਘ, ਮੰਡੀ ਬੋਰਡ ਦੇ ਚੀਫ ਜਨਰਲ ਮੈਨੇਜਰ ਸ੍ਰੀ ਸਿਕੰਦਰ ਸਿੰਘ ਅਤੇ ਜੀ. ਐਮ. ਐਗਰੀ ਐਕਸਪੋਰਟ ਸ੍ਰੀ ਰਣਬੀਰ ਸਿੰਘ ਸ਼ਾਮਲ ਸਨ।