ਉਸਦੇ ਸੁਪਨੇ ਵੱਡੇ ਸਨ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਹਿਤ ਉਸਨੇ ਵਪਾਰ ਸ਼ੁਰੂ ਕੀਤਾ ਪਰ ਬੁਰੀ ਤਰ੍ਹਾਂ ਅਸਫਲ ਹੋ ਗਿਆ। ਉਸ ਸਮੇਂ ਉਸਦੀ ਉਮਰ ਮਹਿਜ਼ 22 ਸਾਲਾਂ ਦੀ ਸੀ। 23 ਵਰ੍ਹਿਆਂ ਦੀ ਛੋਟੀ ਜਿਹੀ ਵੁਮਰ ਵਿੱਚ ਉਸਨੇ ਵਿਧਾਇਕ ਬਣਨ ਦੀ ਚਾਹਤ ਨਾਲ ਚੋਣ ਲੜੀ ਅਤੇ ਬੁਰੀ ਤਰ੍ਹਾਂ ਹਾਰ ਗਿਆ। 24 ਵਰ੍ਹਿਆਂ ਦਾ ਹੋਇਆ ਤਾਂ ਇਕ ਵਾਰ ਫਿਰ ਵਪਾਰ ਵਿੱਚ ਹੱਥ ਅਜ਼ਮਾਉਣਾ ਚਾਹਿਆ, ਫਿਰ ਫ਼ੇਲ੍ਹ ਹੋ ਗਿਆ। ਜਦੋਂ ਉਸਦੀ ਉਮਰ ਅਜੇ 26 ਸਾਲਾਂ ਦੀ ਹੀ ਸੀ ਕਿ ਕੁਦਰਤ ਵੱਲੋਂ ਉਸਨੂੰ ਇਕ ਹੋਰ ਝਟਕਾ ਲੱਗਿਆ ਕਿ ਉਸਦੀ ਮਹਿਬੂਬ ਕੁੜੀ ਦੁਨੀਆਂ ਤੋਂ ਚੱਲ ਵੱਸੀ। ਉਹ ਬੇਵੱਸ ਹੋ ਕੇ ਮਾਯੂਸ ਹੋ ਗਿਆ। ਡਿਪਰੈਸ਼ਨ ਕਾਰਨ ਉਸਨੁੰ ਕਈ ਮਹੀਨੇ ਹਸਪਤਾਲ ਵਿੱਚ ਕੱਟਣੇ ਪਏ। ਜਦੋਂ ਠੀਕ ਹੋਇਆ ਤਾਂ ਫਿਰ ਸਪੀਕਰ ਦੀ ਚੋਣ ਲੜਿਆ ਅਤੇ ਹਾਰ ਗਿਆ। ਇਹ ਚੋਣ ਹਾਰਨ ਸਮੇਂ ਉਸਦੀ ਉਮਰ 29 ਸਾਲ ਦੀ ਸੀ। 31 ਸਾਲਾਂ ਦੀ ਉਮਰ ਵਿੱਚ ਉਹ ਇਲੈਕਟਰ ਦੀ ਇਕ ਹੋਰ ਚੋਣ ਹਾਰ ਗਿਆ। 39 ਵਰ੍ਹਿਆਂ ਦੀ ਉਮਰ ਵਿੱਚ ਉਹ ਅਮਰੀਕੀ ਕਾਂਗਰਸ ਦੀ ਇਕ ਹੋਰ ਚੋਣ ਹਾਰ ਗਿਆ। ਅਸਫਲਤਾਵਾਂ ਉਸਨੂੰ ਨਾ ਤੋੜ ਸਕੀਆਂ ਅਤੇ ਨਾ ਹੀ ਰੋਕ ਸਕੀਆਂ। 46 ਵਰ੍ਹਿਆਂ ਦੀ ਉਮਰ ਵਿੱਚ ਉਹ ਇਕ ਵਾਰ ਫਿਰ ਸੈਨੇਟ ਦੀ ਚੋਣ ਹਾਰ ਗਿਆ। ਅਗਰ ਸੋਚਦੇ ਹੋਵੋ ਕਿ ਉਸਦੀਆਂ ਅਸਫਲਤਾਵਾਂ ਦਾ ਸਿਲਸਿਲਾ ਰੁਕ ਗਿਆ ਤਾਂ ਤੁਸੀਂ ਗਲਤ ਸੋਚ ਰਹੇ ਹੋਵੋਗੇ। 48 ਸਾਲਾਂ ਦੀ ਉਮਰ ਵਿੱਚ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਦੀ ਚੋਣ ਹਾਰ ਗਿਆ। ਫਿਰ ਦੋ ਸਾਲ ਬਾਅਦ ਅਮਰੀਕੀ ਸੈਨੇਟ ਦੀ ਚੋਣ ਫਿਰ ਹਾਰ ਗਿਆ। ਉਸਦੀਆਂ ਹਾਰਾਂ ਦਾ ਸਿਲਸਿਲਾ ਜਾਰੀ ਸੀ ਪਰ ਉਸਨੇ ਹਾਰ ਨਹੀਂ ਮੰਨੀ। ਉਸਨੂੰ ਪਤਾ ਸੀ ਕਿ ਜ਼ਿਆਦਾਤਰ ਮਹਾਨ ਲੋਕਾਂ ਨੇ ਆਪਣੀ ਸਭ ਤੋਂ ਵੱਡੀ ਸਫਲਤਾ ਆਪਣੀ ਸਭ ਤੋਂ ਵੱਡੀ ਅਸਫਲਤਾ ਦੇ ਇਕ ਕਦਮ ਅੱਗੇ ਹਾਸਲ ਕੀਤੀ ਹੈ ਅਤੇ ਸਫਲ ਹੋਣ ਲਈ ਸਫਲਤਾ ਦੀ ਇੱਛਾ ਅਸਫਲਤਾ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਉਹ ਵਾਰ-ਵਾਰ ਅਸਫਲ ਹੋਇਆ ਕਿਉਂਕਿ ਉਹ ਸਫਲ ਹੋਣਾ ਚਾਹੁੰਦਾ ਸੀ। ਆਖਿਰ ਉਹ 52 ਸਾਲ ਦੀ ਉਮਰ ਵਿੱਚ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਅਤੇ ਅਮਰੀਕਾ ਦਾ 16ਵਾਂ ਰਾਸ਼ਟਰਪਤੀ ਬਣਿਆ। ਹੁਣ ਤੱਕ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਬਰਾਹੀਮ ਲਿੰਕਨ ਦੀ ਕਹਾਣੀ ਸੁਣਾ ਰਿਹਾ ਸੀ, ਜਿਸ ਦੀ ਸਫਲਤਾ ਦੀ ਕਹਾਣੀ ਸਕਾਰਤਮਕ ਸੋਚ ਦੀ ਵੱਡੀ ਉਦਹਾਰਣ ਹੈ। ਲਿੰਕਨ ਦੀ ਇਸੇ ਸੋਚ ਕਾਰਨ ਦੁਨੀਆਂ ਉਸਨੂੰ ਮਹਾਨ ਮੰਨਦੀ ਹੈ। ਉਸ ਵਰਗੇ ਸਕਾਰਾਤਮਕ ਸੋਚ ਵਾਲੇ ਇਨਸਾਨ ਘੱਟ ਹੀ ਪੈਦਾ ਹੁੰਦੇ ਹਨ। ਜਦੋਂ ਉਸਦੀਆਂ ਹਾਰਾਂ ਦਾ ਸਿਲਸਿਲਾ ਜਾਰੀ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਉਸਨੂੰ ਕਿਹਾ ‘ਛੱਡ ਖਹਿੜਾ, ਜਿੱਤ ਤੇਰੀ ਕਿਸਮਤ ਵਿੱਚ ਨਹੀਂ।’
ਉਸਦਾ ਜਵਾਬ ਸੀ ‘ਪਹਿਲਾਂ ਤੁਸੀਂ ਕਬੂਲ ਕਰੋ ਕਿ ਆਮ ਇਨਸਾਨ ਨਹੀਂ ਹਾਂ। ਕਿਉਂਕਿ ਕਿਸੇ ਵੀ ਆਮ ਇਨਸਾਨ ਦੇ ਜੀਵਨ ਵਿੱਚ ਇੰਨੀਆਂ ਹਾਰਾਂ ਅਤੇ ਅਸਫਲਤਾਵਾਂ ਨਹੀਂ ਆ ਸਕਦੀਆਂ। ਮੈਂ ਕੋਈ ਵਿਸ਼ੇਸ਼ ਇਨਸਾਨ ਹਾਂ ਅਤੇ ਕੋਈ ਵੱਡੀ ਜਿੱਤ ਮੈਨੂੰ ਉਡੀਕ ਰਹੀ ਹੈ।”
ਸੱਚਮੁਚ ਹੀ ਸਕਾਰਾਤਮਕ ਸੋਚ ਦੇ ਧਨੀ ਲੋਕ ਆਮ ਇਨਸਾਨ ਨਹੀਂ ਹੁੰਦੇ। ਉਹ ਲਿੰਕਨ ਅਤੇ ਥਾਮਸ ਅਲਵਾ ਐਡੀਸ਼ਨ ਵਾਂਗ ਵਾਰ-ਵਾਰ ਹਾਰ ਕੇ ਜਿੱਤ ਨੂੰ ਚੁੰਮਦੇ ਹਨ। ਵਾਰ-ਵਾਰ ਅਸਫਲ ਹੋਣ ਕਾਰਨ ਉਨ੍ਹਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਉਂਦੀ। ਉਹ ਹਰ ਹਾਰ ਤੋਂ ਬਾਅਦ ਹੋਰ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਸਫਲਤਾ ਵੱਲ ਵਧਣ ਦੀ ਹਿੰਮਤ ਰੱਖਦੇ ਹਨ। ਅਜਿਹੇ ਲੋਕਾਂ ਬਾਰੇ ਹੀ ਕਿਸੇ ਸ਼ਾਇਰ ਨੇ ਕਿਹਾ ਹੈ:
ਦੂਰ ਤਕ ਕਾਂਟੇ ਬਿਛੇ ਥੇ, ਜ਼ਿੰਦਗੀ ਕੀ ਰਾਹ ਮੇ
ਢੂੰਡਨੇ ਵਾਲੋਂ ਨੇ ਦੇਖੋ, ਫਿਰ ਭੀ ਕਲੀਆਂ ਢੂੰਡ ਲੀ।
ਅਜਿਹੀ ਸਕਾਰਾਤਮਕ ਸੋਚ ਦੇ ਮਾਲਕ ਲੋਕਾਂ ਲਈ ਸ਼ਾਇਰ ਬਸ਼ੀਰ ਬਦਰ ਨੇ ਲਿਖਿਆ ਹੈ:
ਜਿਸ ਦਿਨ ਸੇ ਚਲਾ ਹੂੰ। ਮੇਰੀ ਮੰਜ਼ਿਲ ਪੇ ਨਜ਼ਰ ਹੈ
ਆਂਖੋ ਨੇ ਕਭੀ ਮੀਲ ਕਾ, ਪੱਥਰ ਨਹੀਂ ਦੇਖਾ। ਮੰਜ਼ਿਲ ‘ਤੇ ਨਜ਼ਰ ਰੱਖ ਕੇ ਸਫਰ ਜਾਰੀ ਰੱਖਣ ਵਾਲੇ ਅਨੇਕਾਂ ਵਿਅਕਤੀ ਮਿਲ ਜਾਂਦੇ ਹਨ। ਇਨ੍ਹਾਂ ਵਿਅਕਤੀਆਂ ਦੀ ਸ਼ਖਸੀਅਤ ਵਿੱਚ ਇਕ ਖਾਸ ਗੁਣ ਹੁੰਦਾ ਹੈ ਕਿ ਉਹ ਹਮੇਸ਼ਾ ਸਕਾਰਾਤਮਕ ਸੋਚ ਦੇ ਮਾਲਕ ਹੁੰਦੇ ਹਨ। ਜ਼ੀਰੋ ਤੋਂ ਹੀਰੋ ਬਣੇ ਅਤੇ ਜ਼ਿੰਦਗੀ ਦੇ ਰਾਹ ਵਿੱਚ ਵਿਛੇ ਕੰਡਿਆਂ ਦੀ ਪਰਵਾਹ ਨਾ ਕਰਨ ਵਾਲੇ ਇਕ ਹੋਰ ਸ਼ਖਸ ਦੀ ਕਥਾ ਸੁਣੋ। ਉਹ ਇਕ ਲੋਹਾਰ ਦਾ ਬੇਟਾ ਸੀ।
ਕਰਨ ਵਾਲਿਆਂ ਲਈ ਬਿਮਾਰੀ ਬਹੁਤ ਮਾੜੀ ਸ਼ੈਅ ਹੁੰਦੀ ਹੈ। ਬਿਮਾਰੀ ਨੇ ਗਰੀਬੀ ਨੂੰ ਦਾਅਵਤ ਦੇ ਦਿੱਤੀ ਸੀ। ਪਰਿਵਾਰ ਰੋਟੀ-ਪਾਣੀ ਤੋਂ ਮੁਥਾਜ ਹੋ ਗਿਆ ਸੀ। ਅਜਿਹੀ ਹਾਲਤ ਵਿੱਚ ਉਸ ਬੱਚੇ ਦਾ ਸਕੂਲ ਜਾਣਾ ਔਖਾ ਹੋ ਗਿਆ ਸੀ। 12 ਵਰ੍ਹਿਆਂ ਦੀ ਉਮਰ ਵਿੱਚ ਬੱਚੇ ਨੂੰ ਸਕੂਲ ਛੱਡਣਾ ਪਿਆ ਅਤੇ ਬਿਮਾਰ ਪਿਤਾ ਅਤੇ ਪਰਿਵਾਰ ਦੀ ਮਦਦ ਲਈ ਅਖਬਾਰਾਂ ਦੀ ਰੱਦੀ ਖਰੀਦਣ-ਵੇਚਣ ਦਾ ਧੰਦਾ ਕਰਨਾ ਪਿਆ। ਬੱਚੇ ਲਈ ਕੰਮ ਔਖਾ ਸੀ ਪਰ ਉਹ ਨਿਆਣਾ ਸਕਾਰਾਤਮਕ ਸੋਚ ਦਾ ਧਾਰਨੀ ਸੀ। ਪਰਿਵਾਰ ਉਤੇ ਆਏ ਕੁਦਰਤੀ ਸੰਕਟ ਨੂੰ ਬੜੀ ਹਿੰਮਤ ਅਤੇ ਹੌਸਲੇ ਨਾਲ ਜਰ ਰਿਹਾ ਸੀ। ਆਪਣੇ ਚਿਹਰੇ ‘ਤੇ ਮੁਸਕਾਨ ਲਈ ਉਹ ਬੱਚਾ ਸਖਤ ਮਿਹਨਤ ਕਰਦਾ ਦਿਖਾਈ ਦਿੰਦਾ ਸੀ। ਕਈ ਵਾਰ ਤਾਂ ਲੋਕ ਉਸਨੂੰ ਵੇਖ ਕੇ ਹੈਰਾਨ ਹੁੰਦੇ ਸਨ ਕਿ ਅਜਿਹੀ ਵਿਪਰੀਤ ਪ੍ਰਸਥਿਤੀਆਂ ਵਿੱਚ ਵੀ ਉਹ ਚੜ੍ਹਦੀਕਲਾ ਵਿੱਚ ਕਿਵੇਂ ਵਿੱਚਰ ਰਿਹਾ ਹੈ। ਉਹ ਆਪ ਹੀ ਨਹੀਂ ਸਗੋਂ ਆਪਣੇ ਸਾਥੀਆਂ ਨੂੰ ਵੀ ਸਕਾਰਾਤਮਕ ਬਣਾਉਣ ਦਾ ਯਤਨ ਕਰਦਾ ਹੈ। ਜਿਸ ਪੁਸਤਕ ਵਿਕਰੇਤਾ ਨੂੰ ਉਹ ਆਪਣੀ ਰੱਦੀ ਵੇਚਦਾ ਸੀ, ਉਹ ਇਕ ਦਿਨ ਪੁੱਛਣ ਲੱਗਾ ਕਿ ਅਜਿਹੀ ਔਖੀ ਘੜੀ ਵਿੱਚ ਵੀ ਤੂੰ ਕਿਵੇਂ ਮੁਸਕਰਾ ਲੈਂਦਾ ਹੈਂ। ਉਦਾਸੀ ਤੇਰੇ ਨੇੜੇ ਵੀ ਨਹੀਂ ਖੜ੍ਹਦੀ। ਉਸ ਬੱਚੇ ਨੇ ਹੱਸ ਕੇ ਜਵਾਬ ਦਿੱਤਾ: ”ਤੁਸੀਂ ਪੁੱਛ ਲਿਆ ਤਾਂ ਮੈਂ ਦੱਸ ਹੀ ਦਿੰਦਾ ਹਾਂ ਕਿ ਮੈਂ ਰਿਹੱਸਲ ਕਰ ਰਿਹਾ ਹਾਂ। ਮਹਾਨ ਵਿਅਕਤੀ ਬਣਨ ਦੀ। ਤੁਹਾਨੂੰ ਪਤਾ ਹੀ ਹੈ ਹਰ ਵੰਡੇ ਅਤੇ ਮਹਾਨ ਵਿਅਕਤੀ ਨੇ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਕੀਤਾ ਹੈ। ਮੈਂ ਮੁਸੀਬਤਾਂ ਦਾ ਮੁਕਾਬਲਾ ਹੱਸ ਕੇ ਕਰ ਰਿਹਾ ਹਾਂ ਅਤੇ ਵੱਡਾ ਆਦਮੀ ਬਣਾਂਗਾ ਤੇ ਮਹਾਨ ਕੰਮ ਕਰਾਂਗਾ।” ਉਸ ਬੱਚੇ ਨੇ ਹੱਸਦੇ ਹੋਏ ਜਵਾਬ ਦਿੱਤਾ।
ਬੱਚੇ ਦੇ ਅੰਦਾਜ਼ ਨੇ ਉਸ ਪੁਸਤਕ ਵਿਕਰੇਤਾ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸਨੇ ਬੱਚੇ ਨੂੰ ਪੇਸ਼ਕਸ਼ ਕੀਤੀ ਜੇ ਉਹ ਚਾਹੇ ਤਾਂ ਉਹ ਉਸਨੂੰ ਕਿਤਾਬਾਂ ਦੀਆ ਜਿਲਦਾਂ ਚੜ੍ਹਾਉਣ ਦਾ ਕੰਮ ਸਿਖਾ ਵੀ ਸਕਦਾ ਹੈ ਅਤੇ ਦਿਵਾ ਵੀ ਸਕਦਾ ਹੈ। ਇਸ ਤਰ੍ਹਾਂ ਤੇਰੀ ਆਮਦਨ ਦੁੱਗਣੀ ਹੋ ਜਾਵੇਗੀ। ਬੱਚੇ ਨੇ ਦੁਕਾਨਦਾਰ ਦੀ ਪੇਸ਼ਕਸ਼ ਨੂੰ ਕਬੂਲ ਕਰ ਲਿਆ ਅਤੇ ਬੁੱਕ ਬਾਈਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਬੱਚੇ ਨੂੰ ਜਿੱਥੇ ਆਮਦਨ ਹੋਣ ਲੱਗੀ, ਉਥੇ ਮੁਫਤ ਵਿੱਚ ਕਿਤਾਬਾਂ ਪੜ੍ਹਨ ਨੂੰ ਮਿਲਣ ਲੱਗੀਆਂ। ਜਦੋਂ ਕੋਈ ਸੱਚੇ ਦਿਲੋਂ ਕੁਝ ਹਾਸਲ ਕਰਨਾ ਚਾਹੁੰਦਾ ਹੁੰਦਾ ਹੈ ਤਾਂ ਕੁਦਰਤ ਉਸਨੂੰ ਆਪ ਰਸਤਾ ਦਿਖਾਉਣ ਲਈ ਅੱਗੇ ਆ ਜਾਂਦੀ ਹੈ। ਇੱਥੇ ਵੀ ਇਵੇਂ ਹੀ ਵਾਪਰਿਆ। ਬੱਚੇ ਨੂੰ ਵਿਗਿਆਨ ਦੀਆਂ ਕਿਤਾਬਾਂ ਦੀਟਾਂ ਜਿਲਦਾਂ ਬੰਨ੍ਹਣ ਦਾ ਕੰਮ ਮਿਲਿਆ। ਉਸਨੇ ਸਾਰੀਆਂ ਕਿਤਾਬਾਂ ਨਾ ਸਿਰਫ ਪੜ੍ਹ ਲਈਆ ਬਲਕਿ ਉਨ੍ਹਾਂ ‘ਤੇ ਅਮਲ ਕਰਦੇ ਹੋਏ ਖੋਜ ਸ਼ੁਰੂ ਕਰ ਦਿੱਤੀ ਅਤੇ ਉਹ ਪੁਰਾਣੀਆਂ ਤਾਰਾਂ ਅਤੇ ਬੋਤਲਾਂ ਆਦਿ ਦੀ ਮਦਦ ਨਾਲ ਜਰਨੇਟਰ ਦੀ ਖੋਜ ਕਰਨ ਵਿੱਚ ਕਾਮਯਾਬ ਹੋ ਗਿਆ। ਉਸ ਸਮੇਂ ਬਿਜਲੀ ਦੀ ਕਾਢ ਅਜੇ ਨਹੀਂ ਹੋਈ ਸੀ ਅਤੇ ਜਰਨੇਟਰ ਦੀ ਖੋਜ ਨੇ ਦੁਨੀਆਂ ਨੂੰ ਪ੍ਰਕਾਸ਼ ਹਾਸਲ ਕਰਨ ਦਾ ਇਕ ਵਧੀਆ ਮੌਕਾ ਦੇ ਦਿੱਤਾ।
ਜਰਨੇਟਰ ਦੀ ਖੋਜ ਤੋਂ ਬਾਅਦ ਬੱਚੇ ਦੇ ਆਤਮ ਵਿਸ਼ਵਾਸ ਵਿੱਚ ਹੋਰ ਵਾਧਾ ਹੋ ਗਿਆ। ਵਿਗਿਆਨੀਆਂ ਦੀ ਸੰਸਥਾ ਨੇ ਵੀ ਉਸਨੂੰ ਮਾਨਤਾ ਦੇ ਦਿੱਤੀ। ਇਕ ਦਿਨ ਰਾਇਲ ਇੰਸਟੀਚਿਊਟ ਵਿੱਚ ਉਸਨੂੰ ਪ੍ਰਸਿੱਧ ਵਿਗਿਆਨ ਸਰ ਹਮਫਰੀ ਹੇਲੀ ਦਾ ਭਾਸ਼ਣ ਸੁਣਨ ਦਾ ਮੌਕਾ ਮਿਲਿਆ। ਬੱਚੇ ਨੇ ਸਰ ਹੇਲੀ ਦੇ ਭਾਸ਼ਣ ਦੇ ਨੇਟਿਸ ਬਣਾ ਕੇ ਬਾਇੰਡ ਕਰਕੇ ਜਦੋਂ ਸਰ ਹੇਲੀ ਨੂੰ ਭੇਂਟ ਕੀਤੇ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਬੱਚੇ ਨੂੰ ਆਪਣਾ ਸਹਾਇਕ ਰੱਖ ਲਿਆ। ਇਹ ਬੱਚਾ ਵਿਗਿਆਨੀ ਬਣਨ ਲੱਗਾ ਅਤੇ ਹੇਲੀ ਨਾਲ ਵੱਖ-ਵੱਖ ਦੇਸ਼ਾਂ ਵਿੱਚ ਘੁੰਮਿਆ। ਇਸ ਬੱਚੇ ਤੋਂ ਵਿਗਿਆਨੀ ਬਣੇ ਖੋਜੀ ਨੇ ਚੁੰਬਕ ਨਾਲ ਬਿਜਲੀ ਪੈਦਾ ਕਰਨ ਦੀ ਵੀ ਖੋਜ ਕੀਤੀ। ਬਿਜਲੀ ਦੀ ਮੋਟਰ ਅਤੇ ਡਾਇਨਮੋ ਆਦਿ ਦੀਆਂ ਖੋਜਾਂ ਨੇ ਉਸ ਬੱਚੇ ਨੂੰ ਸੱਚਮੁਚ ਮਹਾਨ ਵਿਗਿਆਨੀ ਦਾ ਦਰਜਾ ਦਿੱਤਾ ਸੀ।
ਇਸ ਵਿਗਿਆਨੀ ਦਾ ਨਾਮ ਸੀ ਮਾਈਕਲ ਫਰਾਡੈ। ਮਾਈਕਲ ਫਰਾਡੈ ਦੀ ਸਫਲਤਾ ਦਾ ਰਾਜ਼ ਵੀ ਸਕਾਰਾਤਮਕ ਸੋਚ ਵਿੱਚ ਪਿਆ ਹੈ। ਜਦੋਂ ਤੁਸੀਂ ਸਕਾਰਾਤਮਕ ਸੋਚ ਦੇ ਧਾਰਨੀ ਹੋ ਜਾਂਦੇ ਹੋ ਤਾਂ ਹਰ ਮਾੜੇ ਚੰਗੇ ਹਾਲਾਤ ਵਿੱਚ ਚੰਗੇ ਸੋਚਦੇ ਹੋ। ਸਮਝ ਜਾਂਦੇ ਹੋ ਕਿ ਹਰ ਰਾਤ ਤੋਂ ਬਾਅਦ ਹਮੇਸ਼ਾ ਸਵੇਰਾ ਹੁੰਦਾ ਹੈ। ਜ਼ਿੰਦਗੀ ਵਿੱਚ ਹਮੇਸ਼ਾ ਰੋਸ਼ਨ ਵੇਖਣ ਵਾਲੀ ਅਤੇ ਵੱਡੀ ਸੁਪਨੇਸਾਜ਼ ਇਕ ਕੁੜੀ ਅਮਰੀਕਾ ਵਿੱਚ ਪੈਦਾ ਹੋਈ ਸੀ। ਇਹ ਕਹਾਣੀ ਝੁੱਗੀ ਵਿੱਚ ਰਹਿਣ ਵਾਲੀ ਗਰੀਬ ਕੁੜੀ ਦੀ ਹੈ, ਜਿਸਦਾ ਸੁਪਨਾ ਹਮੇਸ਼ਾ ਅਮੀਰ ਬਣਨ ਦਾ ਸੀ। ਮਾਪਿਆਂ ਦੇ ਘਰ ਉਸਨੇ ਤੰਗੀ-ਤੁਰਸ਼ੀ ਅਤੇ ਗਰੀਬੀ ਨੂੰ ਬਹੁਤ ਕਰੀਬ ਤੋਂ ਦੇਖਿਆ ਸੀ ਅਤੇ ਉਹ ਹਰ ਹਾਲਤ ਵਿੱਚ ਇਸ ਲਾਅਨਤ ਤੋਂ ਨਿਜ਼ਾਤ ਪਾਉਣਾ ਚਾਹੁੰਦੀ ਸੀ। ਭਾਵੇਂ ਗਰੀਬ ਸੀ, ਭਾਵੇਂ ਅਨਪੜ੍ਹ ਸੀ ਪਰ ਉਸਦੇ ਸੁਪਨੇ ਵੱਡੇ ਸਨ। ਹਰ ਵਕਤ ਉਹ ਨਵੇਂ ਰਾਹ ਤਲਾਸ਼ਦੀ ਰਹਿੰਦੀ ਸੀ। ਸ਼ਾਇਦ ਉਸਨੂੰ ਪਤਾ ਸੀ:
ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ,
ਜਿਨਕੇ ਸੁਪਨੋਂ ਮੇਂ ਜਾਨ ਹੋਤੀ ਹੈ।
ਪੰਖ ਸੇ ਕੁਛ ਨਹੀਂ ਹੋਤਾ,
ਹੌਸਲੋਂ ਸੇ ਉਡਾਨ ਹੋਤੀ ਹੈ।
ਸੱਚਮੁਚ ਹੀ ਉਸਦੇ ਹੌਸਲੇ ਉਚੀ ਉਡਾਣ ਲਈ ਤਿਆਰ ਸਨ। ਜਦੋਂ ਤੁਸੀਂ ਉਚਾ ਉਡਣਾ ਚਾਹੁੰਦੇ ਹੋ ਤਾਂ ਹਮੇਸ਼ਾ ਕੁਝ ਨਵਾਂ ਕਰਨ ਲਈ ਤਿਆਰ ਰਹਿਣਾ ਜ਼ਰੂਰੀ ਹੁੰਦਾ ਹੈ। ਉਸ ਕੁੜੀ ਨੇ ਵੀ ਇਸੇ ਤਰ੍ਹਾਂ ਦੀ ਇਕ ਯੋਜਨਾ ਬਣਾਈ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਬੜੇ ਨਿਵੇਕਲੇ ਮਿਜ਼ਾਜ਼ ਵਾਲੀ ਕੁੜੀ ਸੀ। ਉਸਨੇ ਔਰਤ ਦੇ ਮਨ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਸੀ। ਔਰਤ ਜਿੱਥੇ ਵੀ ਹੋਵੇ, ਜਿਹੋ ਜਿਹੀ ਮਰਜ਼ੀ ਹੋਵੇ, ਜਿਹੜੀ ਮਰਜ਼ੀ ਉਮਰ ਦੀ ਹੋਵੇ, ਉਹ ਖੂਬਸੂਰਤ ਬਣਨਾ ਚਾਹੁੰਦੀ ਹੈ ਤੇ ਰਹਿਣਾ ਚਾਹੁੰਦੀ ਹੈ। ਔਰਤ ਦੀ ਇਸ ਕਮਜ਼ੋਰੀ ਨੂੰ ਉਹ ਕੁੜੀ ਕੈਸ਼ ਕਰਾਉਣਾ ਚਾਹੁੰਦੀ ਸੀ। ਇਸ ਲਈ ਉਸਨੇ ਆਪਣੀ ਥੋੜ੍ਹੀ ਜਿਹੀ ਜਮ੍ਹਾ ਪੂੰਜੀ ਖਰਚ ਕੇ ਸਸਤੇ ਕਿਸਮ ਦੇ ਕਾਸਮੈਟਿਕ ਪਦਾਰਥ ਬਣਾਉਣੇ ਆਰੰਭ ਕੀਤੇ। ਇਹ ਸੁੰਦਰਤਾ ਵਧਾਉਣ ਵਾਲੇ ਪਦਾਰਥਾਂ ਨੂੰ ਵੇਚਣ ਦੀ ਸਮੱਸਿਆ ਉਸਦੇ ਸਾਹਮਦੇ ਸੀ। ਇਸ ਲਈ ਵੀ ਉਸਨੇ ਇਕ ਯੋਜਨਾ ਤਿਆਰ ਕਰ ਲਈ। ਉਸਨੇ ਆਪਣੇ ਇਨ੍ਹਾਂ ਉਤਪਾਦਾਂ ਨੂੰ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀਆਂ ਕੁੜੀਆਂ ਅਤੇ ਔਰਤਾਂ ਨੂੰ ਪ੍ਰਯੋਗ ਵਜੋਂ ਦੇਣਾ ਸ਼ੁਰੂ ਕਰ ਦਿੱਤਾ। ਉਸਦਾ ਕਹਿਣਾ ਸੀ, ”ਸੁੰਦਰ ਹੋਣਾ ਅਤੇ ਰਹਿਣਾ ਸਿਰਫ ਅਮੀਰ ਔਰਤਾਂ ਦਾ ਹੱਕ ਨਹੀਂ, ਤੁਸੀਂ ਵੀ ਸੁੰਦਰ ਬਣ ਕੇ ਰਹਿ ਸਕਦੇ ਹੋ।’ ਇਉਂ ਉਸਨੇ ਆਪਣੇ ਉਤਪਾਦ ਇਨ੍ਹਾਂ ਔਰਤਾਂ ਨੂੰ ਦੇਣੇ ਸ਼ੁਰੂ ਕੀਤੇ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਉਤਪਾਦਾਂ ਨੂੰ ਵੇਚਣ ਵਿੱਚ ਮੇਰੀ ਮਦਦ ਕਰੋ। ਉਸ ਕੁੜੀ ਨੂੰ ਪਤਾ ਸੀ ਕਿ ਇਹ ਲੋਕੀ ਝੁੱਗੀ-ਝੌਂਪੜੀ ਵਿੱਚ ਰਹਿੰਦੇ ਹੋਏ ਛੋਟੇ-ਮੋਟੇ ਕੰਮ ਕਰਦੇ ਹਨ। ਕੋਈ ਫ਼ੁਟਪਾਥ ਤੇ ਸਮਾਨ ਵੇਚਦਾ ਹੈ, ਕੋਈ ਰੇਹੜੀ ਲਾਉਂਦਾ ਹੈ, ਕੋਈ ਕਿਸੇ ਘਰ ਵਿੱਚ ਕੰਮ ਕਰਦਾ ਹੈ, ਕੋਈ ਕਬਾੜ ਵੇਚਦਾ-ਖਰੀਦਦਾ ਹੈ। ਸੋ, ਉਸਨੇ ਇਨ੍ਹਾਂ ਰਾਹੀਂ ਆਪਣੇ ਉਤਪਾਦ ਵੇਚਣੇ ਸ਼ੁਰੂ ਕਰ ਦਿੱਤੇ। ਵੇਖਦੇ6ਵੇਖਦੇ ਉਸਦੇ ਸੁੰਦਰਤਾ ਵਧਾਊ ਪਦਾਰਥ ਹਰ ਫ਼ੁਟਪਾਥ ਤੇ ਵਿਕਣ ਲੱਗੇ ਅਤੇ ਔਰਤਾਂ ਵਿੱਚ ਹਰਮਨ ਪਿਆਰੇ ਹੋਣ ਲੱਗੇ। ਇਉਂ ਉਸਦਾ ਕੰਮ ਤੇਜ਼ੀ ਨਾਲ ਅੱਗੇ ਵਧਣ ਲੱਗਾ। ਉਸਨੇ ਝੁੱਗੀ-ਝੌਂਪੜੀ ਦੀਆਂ ਹੋਰ ਔਰਤਾਂ ਨੂੰ ਵੀ ਕੰਮ ‘ਤੇ ਰੱਖ ਲਿਆ। ਵੇਖਦੇ-ਵੇਖਦੇ ਉਹ ਇਕ ਵੱਡੀ ਇੰਡਸਟਰੀ ਦੀ ਮਾਲਕ ਬਣ ਗਈ।
ਪਿਆਰੇ ਪਾਠਕੋ ਤੁਸੀਂ ਇਸ ਸਫਲ ਕੁੜੀ ਦਾ ਨਾਂ ਜਾਨਣ ਵਿੱਚ ਦਿਲਚਸਪੀ ਰੱਖਦੇ ਹੋਵੋਗੇ। ਇਹ ਕੁੜੀ ਸੀ ਐਸਟੀ ਜਾਡਰ, ਜਿਸਨੇ 1946 ਵਿੱਚ ਨਿਊਯਾਰਕ ਦੀ ਇਕ ਝੁੱਗੀ ਵਿੱਚ ਅਮੀਰ ਹੋਣ ਦਾ ਸੁਪਨਾ ਲਿਆ ਸੀ ਅਤੇ 1967 ਵਿੱਚ ਉਹ ਅਮਰੀਕਾ ਦੀਆਂ ਪਹਿਲੀਆਂ ਦਸ ਅਮੀਰ ਔਰਤਾਂ ਵਿੱਚੋਂ ਇਕ ਬਣ ਗਈ ਸੀ। ਸੂਤਰ ਸਪਸ਼ਟ ਹੈ ਕਿ ਇਕ ਸੁਪਨਾ ਲਓ ਅਤੇ ਉਸਨੂੰ ਪੂਰਾ ਕਰਨ ਲਈ ਜਨੂੰਨ ਦੀ ਹੱਦ ਤੱਕ ਮਿਹਨਤ ਕਰੋ, ਤੁਹਾਡਾ ਸੁਪਨਾ ਅਵੱਸ਼ ਸਾਕਾਰ ਹੋਵੇਗਾ।
ਇਬਰਾਹੀਮ ਲਿੰਕਨ, ਮਾਈਕਲ ਫਰਾਡੈ ਅਤੇ ਐਸਟੀ ਜਾਡਰ ਦੀਆਂ ਕਹਾਣੀਆਂ ਤੋਂ ਸਪਸ਼ਟ ਹੈ ਕਿ ਕਾਮਯਾਬੀ ਦੇ ਰਾਹ ‘ਤੇ ਚੱਲਣ ਲਈ ਹਮੇਸ਼ਾ ਸਕਾਰਾਤਮਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਆਰਥਿਕ ਤੌਰ ‘ਤੇ ਗਰੀਬ ਹੋਣ ਦੇ ਬਾਵਜੂਦ ਵੱਡੇ ਅਤੇ ਮਹਾਨ ਬਣਨ ਦੇ ਸੁਪਨੇ ਵੇਖਣ ਦੀ ਇਨ੍ਹਾਂ ਨੂੰ ਜਾਚ ਹੁੰਦੀ ਹੈ। ਹਾਰਾਂ, ਮੁਸੀਬਤਾਂ ਅਤੇ ਮੁਸ਼ਕਿਲਾਂ ਇਨ੍ਹਾਂ ਦੇ ਹੌਸਲੇ ਨਹੀਂ ਢਾਅ ਸਕਦੀਆਂ ਹਨ।
ਠਾਣ ਲੀਆ ਹੈ ਇਸ ਮੌਸਮ ਮੇਂ ਕੁਝ ਅਣਦੇਖਾ ਦੇਖੇਂਗੇ
ਤੁਮ ਖੇਮੇ ਮੇਂ ਛੁਪ ਜਾਓ, ਹਮ ਜੋਰ ਹਵਾ ਕਾ ਦੇਖੇਂਗੇ
ਸ਼ਾਇਰ ਰਾਸ਼ਿਦ ਅਨਵਰ ਰਾਸ਼ਿਦ ਦਾ ਉਕਤ ਸ਼ੇਅਰ ਅਜਿਹੇ ਹੀ ਕਾਮਯਾਬ ਲੋਕਾਂ ਨੂੰ ਸਮਰਪਿਤ ਹੈ, ਜਿਹਨਾਂ ਆਪਣੇ ਪੱਕੇ ਇਰਾਦਿਆਂ ਦੇ ਸਦਕੇ ਹਰ ਤਰ੍ਹਾਂ ਦੀਆਂ ਵਿਪਰੀਤ ਪ੍ਰਸਥਿਤੀਆਂ ਵਿੱਚ ਆਪਣੀ ਆਸ਼ਾ ਦੇ ਦੀਵਿਆਂ ਨੂੰ ਬੁਝਣ ਨਹੀਂ ਦਿੱਤਾ ਅਤੇ ਮੰਜ਼ਿਲ ‘ਤੇ ਪਹੁੰਚ ਕੇ ਹੀ ਦਮ ਲਿਆ।

LEAVE A REPLY