ਪਿੱਛਲੇ ਹਫ਼ਤੇ ਦੋ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜਿਨ੍ਹਾਂ ਕਾਰਨ ਚੀਨ ਅਤੇ ਉੱਤਰੀ ਕੋਰੀਆ ਦੇ ਆਪਸੀ ਸਬੰਧ ਵਿਗੜਨ ਦੇ ਆਸਾਰ ਕਾਫ਼ੀ ਵੱਧ ਗਏ। ਉੱਤਰੀ ਕੋਰੀਆ ਵਲੋਂ ਲੰਬੀ ਦੂਰੀ ਵਾਲੀ ਇੱਕ ਬੈਲਿਸਟਿਕ ਮਿਜ਼ਾਇਲ ਟੈੱਸਟ ਕੀਤੀ ਗਈ ਅਤੇ ਓਥੋਂ ਦੇ ਰਾਸ਼ਟਰਪਤੀ ਕਿਮ ਜੌਂਗ-ਨੈਮ ਦੇ ਏਜੰਟਾਂ ਨੇ ਉਸ ਦੇ ਮਤਰਏ ਭਰਾ ਕਿਮ ਜੌਂਗ-ਉਨ ਦੀ ਮਲੇਸ਼:ੀਆ ਦੇ ਕੋਆਲਾਲੰਪੁਰ ਹਵਾਈ ਅੱਡੇ ‘ਤੇ ਹੱਤਿਆ ਕਰ ਦਿੱਤੀ। ਇਨ੍ਹਾਂ ਦੋਹਾਂ ਘਟਨਾਵਾਂ ਨੇ ਚੀਨ ਦੀ ਵਿਦੇਸ਼ ਨੀਤੀ ਨੂੰ ਲੈ ਕੇ ਉਸ ਲਈ ਕਾਫ਼ੀ ਪੇਚੀਦਗੀਆਂ ਖੜ੍ਹੀਆਂ ਕਰ ਦਿੱਤੀਆਂ। ਉੱਤਰੀ ਕੋਰੀਆ ਵਲੋਂ ਪਿੱਛਲੇ ਹਫ਼ਤੇ ਕੀਤਾ ਗਿਆ ਬੈਲਿਸਟਿਕ ਮਿਜ਼ਾਇਲ ਟੈੱਸਟ ਚੀਨ ਦੀ ਲੀਡਰਸ਼ਿਪ ਲਈ ਇਨ੍ਹਾਂ ਕਾਰਨਾਂ ਕਾਰਨ ਹਜ਼ਮ ਕਰਨਾ ਔਖਾ ਹੈ:
1. ਇਹ ਟੈੱਸਟ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਉਨ੍ਹਾਂ ਪ੍ਰਸਤਾਵਾਂ ਦੀ ਖ਼ਿਲਾਫ਼ਵਰਜ਼ੀ ਕਰਦਾ ਹੈ ਜਿਨ੍ਹਾਂ ਦੀ ਚੀਨ ਨੇ ਵੀ ਹਮਾਇਤ ਕੀਤੀ ਹੋਈ ਹੈ। ਇਸ ਤੋਂ ਇਲਾਵਾ, ਉੱਤਰੀ ਕੋਰੀਆ ਦੇ ਇਹ ਟੈੱਸਟ ਉਸ ਸਾਰੇ ਖਿੱਤੇ ਦੀ ਸਿਆਸੀ ਸਥਿਰਤਾ ਲਈ ਖ਼ਤਰਾ ਪੈਦਾ ਕਰਦਾ ਹੈ ਅਤੇ ਸਾਨੂੰ ਸਭ ਨੂੰ ਇਹ ਪਤਾ ਹੀ ਹੈ ਕਿ ਉਸ ਖਿੱਤੇ ਦੀ ਸਥਿਰਤਾ ਲਈ ਖ਼ੁਦ ਚੀਨ ਤੋਂ ਇਲਾਵਾ ਕੋਈ ਹੋਰ ਮੁਲਕ ਖ਼ਤਰਾ ਪੈਦਾ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਇਹ ਚੀਨ ਵਲੋਂ ਕਦੇ ਬਰਦਾਸ਼ਤ ਨਹੀਂ ਕੀਤਾ ਜਾਂਦਾ।
2. ਜਦੋਂ ਕਿ ਟੈੱਸਟ ਕੀਤੀ ਗਈ ਮਿਜ਼ਾਇਲ ਦੇ ਪ੍ਰਮੁੱਖ ਨਿਸ਼ਾਨੇ ਜਾਪਾਨ, ਦੱਖਣੀ ਕੋਰੀਆ ਅਤੇ ਸੰਯੁਕਤ ਰਾਜ ਅਮਰੀਕਾ ਹੀ ਹਨ, ਪਰ ਜੇਕਰ ਕਦੇ ਉੱਤਰੀ ਕੋਰੀਆ ਦੇ ਸਿਰਫ਼ਿਰੇ ਨੰਨ੍ਹੇ ਬਾਦਸ਼ਾਹ ਕਿਮ ਜੌਂਗ-ਉਨ ਨੂੰ ਚੀਨ ਤੋਂ ਕਿਸੇ ਕਿਸਮ ਦੇ ਖ਼ਤਰੇ ਦਾ ਅਹਿਸਾਸ ਹੋਇਆ ਤਾਂ ਇਸ ਮਿਜ਼ਾਇਲ ਦੀ ਵਰਤੋਂ ਚੀਨ ਵਿਚਲੇ ਟੀਚਿਆਂ ‘ਤੇ ਵੀ ਕੀਤੀ ਜਾ ਸਕਦੀ ਹੈ।
3. ਚੀਨ ਕਾਫ਼ੀ ਲੰਬੇ ਅਰਸੇ ਤੋਂ ਦੱਖਣੀ ਕੋਰੀਆ ਦੀ ਟਰਮੀਨਲ ਹਾਈ ਐਲਟੀਚਿਊਡ ਏਰੀਆ ਡਿਫ਼ੈਂਸ (THAAD) ਜਾਂ ਥਾਡ ਮਿਜ਼ਾਇਲ ਲਗਾਏ ਜਾਣ ਦੀ ਮੰਗ ‘ਤੇ ਇਹ ਕਹਿ ਕੇ ਇਤਰਾਜ਼ ਕਰਦਾ ਆਇਆ ਹੈ ਕਿ ਇਸ ਸੁਰੱਖਿਆ ਕਵਚ ਦੀ ਉਸ ਖਿੱਤੇ ਵਿੱਚ ਕੋਈ ਲੋੜ ਨਹੀਂ ਸਗੋਂ ਇਹ ਚੀਨ ਦੀ ਸੁਰੱਖਿਆ ਲਈ ਖ਼ਤਰਾ ਹੈ। ਹੁਣ ਉੱਤਰੀ ਕੋਰੀਆ ਵਲੋਂ ਆਪਣੀ ਬੈਲਿਸਟਿਕ ਮਿਜ਼ਾਇਲ ਟੈੱਸਟ ਕੀਤੇ ਜਾਣ ਤੋਂ ਬਾਅਦ ਦੱਖਣੀ ਕੋਰੀਆ ਦੀ ਇਸ ਡਿਫ਼ੈਂਸ ਸਿਸਟਮ ਨੂੰ ਲਗਾਉਣ ਦੀ ਮੰਗ ਨੂੰ ਹੋਰ ਬਲ ਮਿਲੇਗਾ।
ਸ਼ਨੀਵਾਰ ਨੂੰ ਚੀਨ ਦਾ ਇਹ ਐਲਾਨ ਕਿ ਉਹ ਉੱਤਰੀ ਕੋਰੀਆ ਵਲੋਂ ਆਉਣ ਵਾਲੀਆਂ ਕੋਇਲੇ ਦੀਆਂ ਸਾਰੀਆਂ ਸ਼ਿਪਮੈਂਟਾਂ ਸਸਪੈਂਡ ਕਰ ਰਿਹਾ ਹੈ ਹੈਰਾਨ ਕਰਨ ਵਾਲਾ ਤਾਂ ਜ਼ਰੂਰ ਸੀ, ਪਰ ਉਸ ਦਾ ਇਹ ਕਦਮ ਅਚਣਚੇਤੀ ਹਰਗਿਜ਼ ਨਹੀਂ ਕਿਹਾ ਜਾ ਸਕਦਾ। ਪਿੱਛਲੇ ਹਫ਼ਤੇ ਸੋਮਵਾਰ ਨੂੰ, ਬੈਲਿਸਟਿਕ ਮਿਜ਼ਾਇਲ ਟੈੱਸਟ ਕਰਨ ਤੋਂ ਠੀਕ ਇੱਕ ਦਿਨ ਮਗਰੋਂ, ਚੀਨ ਨੇ ਉੱਤਰੀ ਕੋਰੀਆ ਦੇ ਇੱਕ ਜਹਾਜ਼ ਨੂੰ 16,295 ਟੰਨ ਦੀ ਕੋਇਲੇ ਦੀ ਸ਼ਿਪਮੈਂਟ ਆਪਣੀ ਬੰਦਰਗਾਹ ‘ਤੇ ਉਤਾਰਨ ਤੋਂ ਮਨ੍ਹਾ ਕਰ ਕੇ ਵਾਪਿਸ ਤੋਰ ਦਿੱਤਾ ਸੀ। ਇਸ ਸ਼ਿਪਮੈਂਟ ਦੀ ਕੁੱਲ ਕੀਮਤ ਇੱਕ ਮਿਲੀਅਨ ਅਮਰੀਕੀ ਡੌਲਰ ਦੱਸੀ ਜਾਂਦੀ ਹੈ। ਵੈਸੇ ਚੀਨ ਦਾ ਕਹਿਣਾ ਹੈ ਕਿ ਇਹ ਸ਼ਿਪਮੈਂਟ ਉੱਤਰੀ ਕੋਰੀਆ ਵਲੋਂ ਕੀਤੇ ਗਏ ਬੈਲਿਸਟਿਕ ਟੈੱਸਟ ਕਾਰਨ ਸਸਪੈਂਡ ਨਹੀਂ ਕੀਤੀ ਗਈ ਸਗੋਂ ਉਸ ਜਹਾਜ਼ ਦੇ ਕੋਇਲੇ ਵਿੱਚ ਪਾਰੇ ਦੀ ਮਾਤਰਾ ਪ੍ਰਵਾਨਿਤ ਮਿਕਦਾਰ ਤੋਂ ਵੱਧ ਹੋਣ ਕਾਰਨ ਉਸ ਨੂੰ ਆਪਣਾ ਕੋਇਲਾ ਚੀਨ ਵਿੱਚ ਨਹੀਂ ਉਤਾਰਨ ਦਿੱਤਾ ਗਿਆ।
ਚੀਨ ਦਾ ਇਹ ਐਲਾਨ ਉੱਤਰੀ ਕੋਰੀਆ ਲਈ ਇੱਕ ਵੱਡਾ ਆਰਥਿਕ ਸੰਕਟ ਖੜ੍ਹਾ ਕਰ ਸਕਦਾ ਹੈ। ਵਿਦੇਸ਼ਾ ਤੋਂ ਸਾਮਾਨ ਦੀ ਆਮਦ ਦਾ ਪ੍ਰਵਾਹ ਕਾਇਮ ਰੱਖਣ ਲਈ ਉੱਤਰੀ ਕੋਰੀਆ ਨੂੰ ਵਿਦੇਸ਼ੀ ਕਰੰਸੀ ਦੇ ਆਪਣੇ ਰੀਜ਼ਰਵ ਵਧਾਉਣ ਦੀ ਲੋੜ ਪਵੇਗੀ। ਵਿਦੇਸ਼ੀ ਕਰੰਸੀ ਰੀਜ਼ਰਵ ਵਧਾਉਣ ਲਈ, ਇਹ ਜ਼ਰੂਰੀ ਹੈ ਕਿ ਉੱਤਰੀ ਕੋਰੀਆ ਆਪਣੀਆਂ ਵਸਤਾਂ ਦੀ ਦਰਾਮਦ ਜਾਂ ਨਿਰਯਾਤ ਕਰਦਾ ਰਹੇ। ਉਸ ਦਾ 90 ਪ੍ਰਤੀਸ਼ਤ ਸਾਮਾਨ ਚੀਨ ਨੂੰ ਨਿਰਯਾਤ ਕੀਤਾ ਜਾਂਦਾ ਹੈ, ਅਤੇ ਇਸ ਵਿੱਚੋਂ ਬਹੁਤਾ ਨਿਰਯਾਤ ਕੋਇਲੇ ਦੇ ਰੂਪ ਵਿੱਚ ਹੀ ਹੁੰਦਾ ਹੈ। ਚੀਨ ਵਲੋਂ ਉੱਤਰੀ ਕੋਰੀਆਂ ਤੋਂ ਕਿਸੇ ਕਿਸਮ ਦਾ ਵੀ ਕੋਇਲਾ ਆਯਾਤ ਨਾ ਕਰਨ ਦੇ ਐਲਾਨ ਤੋਂ ਬਾਅਦ ਹੁਣ ਉਸ ਕੋਲ ਵੇਚਣ ਨੂੰ ਬਹੁਤਾ ਕੁਝ ਨਹੀਂ ਰਹਿ ਜਾਂਦਾ।
ਚੀਨ ਦਾ ਇਹ ਖ਼ਿਆਲ ਹੈ ਕਿ ਉੱਤਰੀ ਕੋਰੀਆ ਦੀ ਨਿਰਯਾਤ ਕਰਨ ਦੀ ਕਾਬਲੀਅਤ ਨੂੰ ਘਟਾਉਣ ਤੋਂ ਬਾਅਦ ਉਹ ਉਨ੍ਹਾਂ ਉਪਕਰਣਾਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦਾ ਜਿਨ੍ਹਾਂ ਦੀ ਬੈਲਿਸਟਿਕ ਮਿਜ਼ਾਇਲ ਤੇ ਨਿਊਕਲੀਅਰ ਹਥਿਆਰ ਬਣਾਉਣ ਲਈ ਉਸ ਨੂੰ ਲੋੜ ਪਵੇਗੀ। ਇਸ ਵਕਤ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਟੀਚਾ ਕਿੰਨਾ ਕੁ ਵਿਹਾਰਕ ਹੈ ਕਿਉਂਕਿ ਕਿਮ ਜੌਂਗ-ਉਨ ਨੇ ਅਤੀਤ ਵਿੱਚ ਵੀ ਇਹ ਦਿਖਾਇਆ ਹੈ ਕਿ ਉਹ ਆਪਣੇ ਨਿਊਕਲੀਅਰ ਪ੍ਰੋਗਰਾਮ ਦਾ ਖ਼ਾਤਮਾ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਇਸ ਨੂੰ ਚਾਲੂ ਰੱਖਣ ਲਈ ਉਹ ਆਪਣੇ ਲੋਕਾਂ ਦੀ ਬਲੀ ਦੇਣ ਤੋਂ ਵੀ ਗ਼ੁਰੇਜ਼ ਨਹੀਂ ਕਰੇਗਾ। ਚੀਨ ਦਾ ਇਰਾਦਾ ਕੁਝ ਵੀ ਹੋਵੇ, ਕਿਮ ਆਪਣੀ ਜਨਤਾ ਨੂੰ ਭੁੱਖਿਆਂ ਮਾਰੇਗਾ, ਟੌਰਚਰ ਕਰੇਗਾ, ਜੇਲ੍ਹੀਂ ਡੱਕੇਗਾ ਅਤੇ ਲੋੜ ਪੈਣ ‘ਤੇ ਜਾਨੋਂ ਮਾਰਨ ਤੋਂ ਵੀ ਨਹੀਂ ਕਤਰਾਏਗਾ ਜੇਕਰ ਉਸ ਦੇ ਨਿਊਕਲੀਅਰ ਪ੍ਰਗਰਾਮ ਵਿੱਚ ਕਿਸੇ ਕਿਸਮ ਦਾ ਖ਼ਲਲ ਪੈਂਦਾ ਹੋਵੇ।
ਚੀਨ ਨੇ ਪਿੱਛਲੇ ਸਾਲ ਉੱਤਰੀ ਕੋਰੀਆ ਦੇ ਕੋਇਲਾ ਨਿਰਯਾਤ ‘ਤੇ ਅੰਸ਼ਿਕ ਪਾਬੰਦੀ ਲਗਾਈ ਸੀ, ਪਰ ਉਸ ਤੋਂ ਇੱਕ ਚੋਰ ਮੋਰੀ ਅਜਿਹੀ ਛੱਡੀ ਗਈ ਜਿਸ ਤਹਿਤ ਉਹ ਆਪਣਾ ਥੋੜ੍ਹਾ ਕੋਇਲਾ ਨਿਰਯਾਤ ਕਰ ਸਕਦਾ ਸੀ ਬਸ਼ਰਤੇ ਉਸ ਨਿਰਯਾਤ ਦਾ ਸਿੱਧਾ ਫ਼ਾਇਦਾ ਉੱਤਰੀ ਕੋਰੀਆ ਦੇ ਲੋਕਾਂ ਨੂੰ ਹੁੰਦਾ ਹੋਵੇ। ਇਸ ਤਰ੍ਹਾਂ, ਚੀਨ ਦੀ ਅੰਸ਼ਿਕ ਪਾਬੰਦੀ ਇੱਕ ਮਖ਼ੌਲ ਬਣ ਕੇ ਰਹਿ ਗਈ ਕਿਉਂਕਿ ਉੱਤਰੀ ਕੋਰੀਆ ਨੇ ਇਸ ਨੁਕਤੇ ਦਾ ਫ਼ਾਇਦਾ ਉਠਾਉਂਦਿਆਂ ਆਪਣੇ ਕੋਇਲੇ ਦੀ ਨਿਰਯਾਤ 12-14 ਪ੍ਰਤੀਸ਼ਤ ਵਧਾ ਦਿੱਤੀ ਜੋ ਕਿ ਚੀਨ ਲਈ ਕਾਫ਼ੀ ਜ਼ਿਆਦਾ ਸ਼ਰਮਿੰਦਗੀ ਦਾ ਕਾਰਨ ਬਣੀ।
ਚੀਨ ਆਪਣੇ ਗਵਾਂਢੀ ਰਾਸ਼ਟਰਾਂ ਉੱਪਰ ਖਿੱਤੇ ਦਾ ਤਵਾਜ਼ਨ ਵਿਗਾੜਨ ਦਾ ਦੋਸ਼ ਲਗਾਉਣ ਦੇ ਬਹਾਨੇ ਉਨ੍ਹਾਂ ਦੀ ਨਿੰਦਾ ਕਰਨ ਦਾ ਆਦੀ ਹੋ ਚੁੱਕਾ ਹੈ। ਹਾਲਾਂਕਿ, ਉਹ ਆਪ ਦੂਸਰੇ ਮੁਲਕਾਂ ਦੇ ਇਲਾਕਿਆਂ ‘ਤੇ ਧੱਕੇ ਨਾਲ ਕਬਜ਼ੇ ਕਰ ਕੇ, ਸਾਊਥ ਚਾਈਨਾ ਸੀਅ (ਪ੍ਰਸ਼ਾਂਤ ਮਹਾਂਸਾਗਰ ਦਾ ਉਹ ਹਿੱਸਾ ਜਿਹੜਾ ਤਾਇਵਾਨ, ਚੀਨ, ਫ਼ਿਲੀਪੀਨਜ਼, ਕੰਬੋਡੀਆ, ਆਦਿ ਦਰਮਿਆਨ ਪੈਂਦਾ ਹੈ) ਵਿੱਚ ਆਪਣੇ ਗ਼ੈਰਕਾਨੂੰਨੀ ਫ਼ੌਜੀ ਬੇਸ ਸਥਾਪਿਤ ਕਰ ਕੇ ਅਤੇ ਈਸਟ ਚਾਈਨਾ ਸੀਅ ਵਿੱਚ ਪੈਂਦੇ ਜਾਪਾਨ ਨੂੰ ਧਮਕਾ ਕੇ ਲਗਾਤਾਰ ਉਸ ਖਿੱਤੇ ਦੀ ਆਬੋ-ਹਵਾ ਦੂਸ਼ਿਤ ਕਰ ਰਿਹਾ ਹੈ। ਪਰ ਹੁਣ ਉੱਤਰੀ ਕੋਰੀਆ ਨੇ ਆਪਣੀ ਬੈਲਿਸਟਿਕ ਮਿਜ਼ਾਇਲ ਟੈੱਸਟ ਕਰਨ ਦੀ ਹੁੱਜਤ ਕਰ ਕੇ ਚੀਨ ਦੀ ਸਿਆਸੀ ਰਣਨੀਤੀ ਵਿੱਚ ਬੇਤਰਤੀਬੀ ਫ਼ੈਲਾ ਦਿੱਤੀ ਹੈ।
ਚੀਨ ਵਿੱਚ ਉੱਤਰੀ ਕੋਰੀਆ ਨੂੰ ਆਰਥਿਕ ਪੱਖੋਂ ਉਸ ਦੇ ਗੋਡਿਆਂ ਭਾਰ ਲਿਆਉਣ ਦੀ ਕਾਬਲੀਅਤ ਹੈ, ਪਰ ਚੀਨ ਤੇ ਕਿਮ ਜੌਂਗ-ਉਨ ਨੂੰ ਇਸ ਗੱਲ ਦਾ ਪੂਰਾ ਪੂਰਾ ਅਹਿਸਾਸ ਹੈ ਕਿ ਅਜਿਹਾ ਕਰਨਾ ਰਣਨੀਤਕ ਪੱਖੋਂ ਦੋਹਾਂ ਮੁਲਕਾਂ ਲਈ ਕਾਫ਼ੀ ਖ਼ਤਰਨਾਕ ਸਾਬਿਤ ਹੋ ਸਕਦੈ। ਪਿਯੋਨਗਿਆਂਗ, ਉੱਤਰੀ ਕੋਰੀਆ ਦੀ ਰਾਜਧਾਨੀ, ਵਿੱਚ ਰਾਜਪਲਟਾ ਕਿਸੇ ਅਜਿਹੇ ਵਿਅਕਤੀ ਨੂੰ ਸੱਤਾ ਨਸ਼ੀਨ ਕਰਵਾ ਸਕਦਾ ਹੈ ਜੋ ਉੱਤਰੀ-ਦੱਖਣੀ ਕੋਰੀਆ ਦਰਮਿਆਨ ਸ਼ਾਂਤਮਈ ਪੁਨਰ-ਮਿਲਾਪ ਦੇਖਣ ਦਾ ਇੱਛੁਕ ਹੋਵੇ। ਉੱਤਰ ਅਤੇ ਦੱਖਣ ਦੇ ਇਸ ਮਿਲਾਪ ਦੀ ਸੰਭਾਵਨਾ ਇਸ ਵਕਤ ਕਾਫ਼ੀ ਪ੍ਰਬਲ ਵੀ ਹੈ ਕਿਉਂਕਿ ਦੂਸਰੇ ਵਿਸ਼ਵ ਯੁੱਧ ਅਤੇ ਕੋਰੀਅਨ ਜੰਗ ਦੇ ਮੁੱਕਣ ਤੋਂ ਬਾਅਦ ਉੱਥੇ ਹੁਣ ਤਕ ਤਿੰਨ ਜਾਂ ਚਾਰ ਪੀੜ੍ਹੀਆਂ ਜਵਾਨ ਹੋ ਚੁੱਕੀਆਂ ਹਨ।
ਇਸ ਤੋਂ ਵੀ ਭੈੜਾ ਸੀਨੈਰੀਓ ਇਹ ਹੋਵੇਗਾ ਕਿ ਕਿਮ ਜੌਂਗ-ਉਨ ਗੁੱਸਾ ਖਾ ਕੇ ਆਪਣੀ ਬਦਲਾ ਲਊ ਕਾਰਵਾਈ ਵਿੱਚ ਚੀਨ ਜਾਂ ਦੱਖਣੀ ਕੋਰੀਆ (ਜਾਂ ਜਾਪਾਨ ਜਾਂ ਅਮਰੀਕਾ) ਨੂੰ ਨਿਸ਼ਾਨਾ ਬਣਾਉਣ ਦਾ ਫ਼ੈਸਲਾ ਕਰ ਲਵੇ ਜਿਸ ਨਾਲ ਪੂਰੇ ਕੋਰੀਅਨ ਉੱਪ ਮਹਾਂਦੀਪ ਵਿੱਚ ਜੰਗ ਸ਼ੁਰੂ ਹੋ ਜਾਵੇ ਜਿਸ ਵਿੱਚ ਚੀਨੀ ਫ਼ੌਜ ਨੂੰ ਵੀ ਕੁੱਦਣਾ ਪਵੇ ਅਤੇ ਨਤੀਜੇ ਵਜੋਂ ਉੱਤਰੀ ਕੋਰੀਆ ਤੋਂ ਲੱਖਾਂ ਦੀ ਗਿਣਤੀ ਵਿੱਚ ਰੈਫ਼ਿਊਜੀ ਚੀਨ ਵਿੱਚ ਘੁੱਸਣੇ ਸ਼ੁਰੂ ਹੋ ਜਾਣ।
ਸਾਡੇ ਕਹਿਣ ਤੋਂ ਮੁਰਾਦ ਇਹ ਹੈ ਕਿ ਚੀਨ ਕੋਲ ਚੋਣਾਂ ਬਹੁਤ ਤੇਜ਼ੀ ਨਾਲ ਘੱਟ ਰਹੀਆਂ ਹਨ। ਕਿਮ ਜੌਂਗ-ਉਨ ਨੂੰ ਬੈਲਿਸਟਿਕ ਮਿਜ਼ਾਇਲ ਅਤੇ ਨਿਊਕਲੀਅਰ ਹਥਿਆਰ ਵਿਕਸਿਤ ਕਰਨ ਦੇਣਾ ਖ਼ੁਦ ਚੀਨ ਲਈ ਖ਼ਤਰਨਾਕ ਹੈ, ਪਰ ਉਸ ਵਿਕਾਸ ਨੂੰ ਆਰਥਿਕ ਪਾਬੰਦੀਆਂ ਲਗਾ ਕੇ ਰੋਕਣ ਦੀ ਕੋਸ਼ਿਸ਼ ਕਰਨਾ ਵੀ ਇੱਕ ਬੇਹੱਦ ਖ਼ਤਰਨਾਕ ਕਦਮ ਸਾਬਿਤ ਹੋ ਸਕਦੈ। ਤੁਸੀਂ ਕੇਵਲ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਹੀ ਕਰ ਸਕਦੇ ਹੋ ਕਿ ਇਸ ਤੋਂ ਬਾਅਦ ਹੁਣ ਚੀਨ ਦਾ ਅਗਲਾ ਕਦਮ ਕੀ ਹੋਵੇਗਾ – ਸ਼ਾਇਦ ਉੱਤਰੀ ਕੋਰੀਆ ਦੇ ਅੰਦਰੂਨੀ ਟੀਚਿਆਂ ‘ਤੇ ਫ਼ੌਜੀ ਹਮਲਾ ਜਾਂ ਕਿਸੇ ਕਿਸਮ ਦੀ ਕਮਾਂਡੋ ਰੇਡ। ਪਰ ਇਹ ਇੱਕ ਹੋਰ ਅਜਿਹਾ ਖੇਤਰ ਹੈ ਜਿੱਥੇ ਚੀਨ ਦੀਆਂ ਚੋਣਾਂ ਤਾਇਵਾਨ ਅਤੇ ਹੌਂਗਕੌਂਗ ਵਾਂਗ ਲਗਾਤਾਰ ਘੱਟਦੀਆਂ ਜਾ ਰਹੀਆਂ ਹਨ। ਜੇਕਰ ਉਸ ਨੇ ਛੇਤੀ ਹੀ ਕੁਝ ਨਾ ਕੀਤਾ ਤਾਂ ਉਹ ਵੇਲਾ ਵੀ ਦੂਰ ਨਹੀਂ ਜਦੋਂ ਉਸ ਨੂੰ ਕਾਹਲੀ ਵਿੱਚ ਕੋਈ ਹਮਾਕਤ ਹੀ ਨਾ ਕਰਨੀ ਪੈ ਜਾਵੇ।
ਕਿਮ ਜੌਂਗ-ਉਨ ਦੇ ਮਤਰਏ ਭਰਾ ਦੀ ਮਲੇਸ਼ੀਆ ਵਿੱਚ ਹੱਤਿਆ ਤੋਂ ਬਾਅਦ ਚੀਨ ਤੇ ਉੱਤਰੀ ਕੋਰੀਆ ਦਰਮਿਆਨ ਤਨਾਅ
ਕਿਮ ਜੌਂਗ-ਨੈਮ, ਜੋ ਕਿ ਕਿਮ ਜੌਂਗ-ਉਨ ਦਾ ਮਤਰੇਆ ਭਰਾ ਸੀ, ਦੇ ਕਤਲ ਦੇ ਸਬੰਧ ਵਿੱਚ ਮਲੇਸ਼ੀਅਨ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦਰਅਲਸ, ਇਨ੍ਹਾਂ ਦੋਹਾਂ ਉੱਤਰੀ ਕੋਰੀਅਨ ਭਰਾਵਾਂ ਦਾ ਪਿਤਾ ਇੱਕੋ ਵਿਅਕਤੀ ਸੀ ਪਰ ਮਾਵਾਂ ਵੱਖ ਵੱਖ ਸਨ। ਇਹ ਦੋਹੇਂ ਸੌਤੇਲੇ ਭਰਾ ਉੱਤਰੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਕਿਮ ਜੌਂਗ ਦੂਜੇ ਦੇ ਪੁੱਤਰ ਸਨ।
ਕੋਆਲਾ ਲਮਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪ੍ਰਾਪਤ ਇੱਕ CCTV ਕੈਮਰੇ ਦੀ ਫ਼ੁੱਟੇਜ ਮੁਤਾਬਿਕ ਕਾਤਲ ਇੱਕ 28 ਸਾਲਾ ਵਿਅਤਨਾਮੀ ਔਰਤ ਦੋਆਨ ਥੀ ਹੁਔਂਗ ਸੀ। ਉਸ ਨੇ ਕਥਿਤ ਤੌਰ ‘ਤੇ ਕਿਮ ਜੌਂਗ-ਨੈਮ ਦਾ ਚਿਹਰਾ ਇੱਕ ਅਜਿਹੇ ਰੂਮਾਲ ਨਾਲ ਢੱਕ ਦਿੱਤਾ ਜਿਸ ਨੂੰ ਜ਼ਹਿਰ ਚੜ੍ਹਾਈ ਹੋਈ ਸੀ ਅਤੇ ਚਿਹਰੇ ਨਾਲ ਉਸ ਨੂੰ ਛੂਹਾਉਣ ਤੋਂ ਕੁਝ ਮਿੰਟਾਂ ਬਾਅਦ ਹੀ ਜੌਂਗ-ਨੈਮ ਦਮ ਤੋੜ ਗਿਆ। ਮਲੇਸ਼ੀਅਨ ਪੁਲਿਸ ਵਲੋਂ ਕਾਬੂ ਕੀਤੇ ਜਾਣ ਤੋਂ ਪਹਿਲਾਂ ਕਾਤਲ ਮਹਿਲਾ ਨੇ ਕਈ ਵਾਰ ਆਪਣਾ ਹੁਲੀਆ ਵੀ ਬਦਲਿਆ। ਬੁੱਧਵਾਰ ਨੂੰ, ਉਸ ਨੇ ਇੱਕ ਸਫ਼ੈਦ ਰੰਗ ਦੀ ਟੀਸ਼ਰਟ ਪਹਿਨੀ ਹੋਈ ਸੀ ਜਿਸ ਉੱਪਰ ”LOL” ਭਾਵ ਲਾਫ਼ਿੰਗ ਆਊਟ ਲਾਊਡ, ਲਿਖਿਆ ਹੋਇਆ ਸੀ। ਉਸ ਦੇ ਨਾਲ ਫ਼ੜੀ ਗਈ ਇੱਕ ਦੂਸਰੀ ਔਰਤ ਨੇ ਤਹਿਕੀਕਾਤੀ ਅਫ਼ਸਰਾਂ ਨੂੰ ਦੱਸਿਆ ਕਿ ਉਨ੍ਹਾਂ ਦੋਹਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਤੋਂ ਇਹ ਕਾਰਾ ਕਰਵਾਇਆ ਗਿਆ। ਉਸ ਔਰਤ ਅਨੁਸਾਰ, ਉਨ੍ਹਾਂ ਦੋਹਾਂ ਨੂੰ ਇਸ ਭੁਲੇਖੇ ਵਿੱਚ ਰੱਖਿਆ ਗਿਆ ਕਿ ਉਹ ਜੋ ਵੀ ਕਰ ਰਹੀਆਂ ਸਨ ਉਹ ਇੱਕ ਰੀਐਲਿਟੀ ਟੀ.ਵੀ. ਲਈ ਕੀਤਾ ਜਾ ਰਿਹਾ ਲਾਈਵ ਸ਼ੋਅ ਸੀ।
ਮਲੇਸ਼ੀਅਨ ਪੁਲਿਸ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਇੰਡੋਨੇਸ਼ੀਅਨ ਪੁਲਿਸ ਚੀਫ਼ ਟੀਟੋ ਕਾਰਨੇਵੀਅਨ ਨੇ ਦੱਸਿਆ ਕਿ 25 ਸਾਲਾ ਸਿਤੀ ਆਇਸਾ ਨੂੰ ਕੁਝ ਲੋਕਾਂ ਨੇ ਉੱਤਰੀ ਅਮਰੀਕੀ ਮਜ਼੍ਹਾਈਆ ਟੀ.ਵੀ. ਸ਼ੋਅ ‘ਜਸਟ ਫ਼ੌਰ ਲਾਫ਼ਜ਼’ ਦੀ ਤਰਜ਼ ‘ਤੇ ਛੁਪੇ ਹੋਏ ਕੈਮਰਿਆਂ ਸਾਹਮਣੇ ਪੈਸਿਆਂ ਖ਼ਾਤਿਰ ਇੱਕ ਲਾਈਵ ਸ਼ੋਅ ਕਰਨ ਦੀ ਬੇਨਤੀ ਕੀਤੀ। ਸੀਤੀ ਨੇ ਦੱਸਿਆ ਕਿ ਉਸ ਨੇ ਇੱਕ ਹੋਰ ਔਰਤ ਨਾਲ ਰਲ ਕੇ ਛੁਪੇ ਹੋਏ ਕੈਮਰਿਆਂ ਸਾਹਮਣੇ ਸੜਕ ਉੱਪਰ ਲੋਕਾਂ ਨਾਲ ਕਈ ਤਰ੍ਹਾਂ ਦੇ ਮਜ਼੍ਹਾਈਆ ਸਟੰਟ ਕੀਤੇ ਜਿਨ੍ਹਾਂ ਵਿੱਚ ਮਰਦਾਂ ਨੂੰ ਰੋਕ ਕੇ ਅੱਖਾਂ ਬੰਦ ਕਰਨ ਲਈ ਰਾਜ਼ੀ ਕਰਨਾ ਅਤੇ ਫ਼ਿਰ ਉਨ੍ਹਾਂ ਦੇ ਚਿਹਰੇ ‘ਤੇ ਪਾਣੀ ਛਿੜਕ ਕੇ ਦੌੜ ਜਾਣਾ ਸ਼ਾਮਿਲ ਸੀ।
”ਉਨ੍ਹਾਂ ਦੋਹਾਂ ਔਰਤਾਂ ਨੇ ਇਹ ਐਕਸ਼ਨ ਕੋਈ ਤਿੰਨ ਜਾਂ ਚਾਰ ਵਾਰ ਤਾਂ ਪਾਣੀ ਨਾਲ ਹੀ ਕੀਤਾ ਅਤੇ ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਕੁਝ ਡੌਲਰ ਵੀ ਦਿੱਤੇ ਗਏ, ਪਰ ਜਦੋਂ ਉਨ੍ਹਾਂ ਔਰਤਾਂ ਦੇ ਆਖ਼ਰੀ ਨਿਸ਼ਾਨੇ ਕਿਮ ਜੌਂਗ-ਨੈਮ ਦੇ ਕਤਲ ਦੀ ਵਾਰੀ ਆਈ ਤਾਂ ਪਾਣੀ ਦੀ ਜਗ੍ਹਾ ਇੱਕ ਅਤਿ ਖ਼ਤਰਨਾਕ ਜ਼ਹਿਰੀਲੇ ਪਦਾਰਥ ਨੇ ਲੈ ਲਈ,” ਕਾਰਨੇਵੀਅਨ ਨੇ ਪੱਤਰਕਾਰਾਂ ਨੂੰ ਦੱਸਿਆ।
ਇਹ ਹਾਲੇ ਤਕ ਸਾਬਿਤ ਕੀਤਾ ਜਾਣਾ ਬਾਕੀ ਹੈ ਕਿ ਇਸ ਹੱਤਿਆ ਦਾ ਅਸਲੀ ਜ਼ਿੰਮੇਵਾਰ ਉੱਤਰੀ ਕੋਰੀਆ ਹੀ ਹੈ ਕਿਉਂਕਿ ਦੁਨੀਆਂ ਵਿੱਚ ਕਈ ਹੋਰ ਅਜਿਹੇ ਮੁਲਕ, ਅਦਾਰੇ ਜਾਂ ਵਿਅਕਤੀ ਹੋ ਸਕਦੇ ਹਨ ਜਿਹੜੇ ਜੌਂਗ-ਨੈਮ ਨੂੰ ਮ੍ਰਿਤ ਦੇਖਣਾ ਚਾਹੁੰਦੇ ਹੋਣ। ਉਹ ਇੱਕ ਪਲੇਅਬੁਆਏ ਸੀ, ਅਤੇ ਇਹ ਵੀ ਸੋਚਿਆ ਜਾ ਸਕਦਾ ਹੈ ਕਿ ਉਸ ਦੀ ਕਿਸੇ ਸਾਬਕਾ ਗਰਲਫ਼ਰੈਂਡ ਨੇ ਹੀ ਉਸ ਦੀ ਹੱਤਿਆ ਦੀ ਸੁਪਾਰੀ ਦੇ ਦਿੱਤੀ ਹੋਵੇ। ਪਰ ਮੇਰੀਆਂ ਇਨ੍ਹਾਂ ਸਾਰੀਆਂ ਦਲੀਲਾਂ ਦੇ ਬਾਵਜੂਦ ਬਹੁਤੇ ਮਾਹਿਰਾਂ ਦਾ ਇਹੋ ਮੰਨਣੈ ਕਿ ਕਿਮ ਜੌਂਗ-ਨੈਮ ਦੀ ਹੱਤਿਆ ਉਸ ਦੇ ਸੌਤੇਲੇ ਭਰਾ ਅਤੇ ਉੱਤਰੀ ਕੋਰੀਆ ਦੇ ਜ਼ਿੱਦੀ ਬਾਲ-ਡਿਕਟੇਟਰ ਕਿਮ ਜੌਂਗ-ਉਨ ਨੇ ਹੀ ਕਰਵਾਈ ਹੈ।
ਜੇਕਰ ਇਸ ਹੱਤਿਆ ਪਿੱਛੇ ਵੀ ਜੌਂਗ-ਉਨ ਦਾ ਹੀ ਹੱਥ ਹੋਇਆ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਏਗੀ ਕਿ ਉਸ ਨੇ ਆਪਣੇ ਕਿਸੇ ਰਿਸ਼ਤੇਦਾਰ ਦਾ ਕਤਲ ਕੀਤਾ ਜਾਂ ਕਰਵਾਇਆ ਹੋਵੇ। ਜਦੋਂ ਹਾਲੇ ਸਾਲ 2014 ਚੜ੍ਹਨਾ ਹੀ ਸੀ, ਨਵੇਂ ਵਰ੍ਹੇ ਦੀ ਉਸ ਰਾਤ ਜੌਂਗ-ਉਨ ਨੇ ਐਲਾਨ ਕੀਤਾ ਕਿ ਉਸ ਨੇ ਆਪਣੇ ਚਾਚੇ ਅਤੇ ਕਦੇ ਸਰਪ੍ਰਸਤ ਰਹੇ ਜੈਂਗ ਸੌਂਗ-ਥਾਇਕ ਨੂੰ ਮਰਵਾ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਉਹ ”ਪਾੜੇ ਪਾਉਣ ਵਾਲਾ ਗੰਦ ਸੀ।” ਉਸ ਵੇਲੇ ਦੀਆਂ ਕੁਝ ਅਪੁਸ਼ਟ ਰਿਪੋਰਟਾਂ ਅਨਸੁਾਰ, ਜੌਂਗ-ਉਨ ਨੇ ਕਈ ਦਿਨਾਂ ਤੋਂ ਭੁੱਖੇ ਰੱਖੇ ਆਪਣੇ ਸ਼ਿਕਾਰੀ ਕੁੱਤਿਆਂ ਤੋਂ ਆਪਣੇ ਚਾਚੇ ਨੂੰ ਨੁਚਵਾਉਣ ਲਈ ਉਨ੍ਹਾਂ ਅੱਗੇ ਜਿਊਂਦਾ ਸੁੱਟ ਦਿੱਤਾ ਸੀ। ਬੇਸ਼ੱਕ ਜੌਂਗ-ਨੈਮ ਦੀ ਹੱਤਿਆ ਕੁੱਤਿਆਂ ਦਾ ਭੋਜਨ ਬਣਾ ਕੇ ਤਾਂ ਨਹੀਂ ਕੀਤੀ ਗਈ, ਪਰ ਜੌਂਗ-ਨੈਮ ਦੀ ਜੌਂਗ-ਉਨ ਦੇ ਹੱਥੋਂ ਹੋਈ ਹੱਤਿਆ ਤੋਂ ਬਾਅਦ ਸਾਨੂੰ ਇਹ ਤਾਂ ਪਤਾ ਹੀ ਹੈ ਕਿ ਉੱਤਰੀ ਕੋਰੀਆ ਦੇ ਸ਼ਾਹੀ ਖ਼ਾਨਦਾਨ ਵਿੱਚ ਪਰਿਵਾਰਕ ਮੈਂਬਰਾਂ ਦੀਆਂ ਹੱਤਿਆਵਾਂ ਕੋਈ ਨਵੀਂ ਗੱਲ ਨਹੀਂ।
ਚੀਨ ਨਾਲ ਚੰਗੇ ਸਬੰਧ ਬਣਾੳਣ ਲਈ ਮਲੇਸ਼ੀਆ ਕਈ ਵਾਰ ਆਪਣੀ ਵਿੱਤੋਂ ਬਾਹਰ ਜਾ ਕੇ ਵੀ ਕੋਸ਼ਿਸ਼ਾਂ ਕਰਦਾ ਹੈ, ਪਰ ਕਿਮ ਜੌਂਗ-ਨੈਮ ਦੀ ਕੁਆਲਾ ਲਮਪੁਰ ਹਵਾਈ ਅੱਡੇ ‘ਤੇ ਹੋਈ ਹੱਤਿਆ, ਬੇਸ਼ੱਕ ਉਹ ਉੱਤਰੀ ਕੋਰੀਆ ਦੇ ਹੁਕਮਾਂ ‘ਤੇ ਹੋਈ ਹੋਵੇ ਜਾਂ ਨਾ, ਦੋਹਾਂ ਮੁਲਕਾਂ ਦੇ ਆਪਸੀ ਸਬੰਧਾਂ ਨੂੰ ਤਨਾਅਗ੍ਰਸਤ ਜ਼ਰੂਰ ਕਰ ਗਈ।
ਉੱਤਰੀ ਕੋਰੀਆ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਫ਼ੌਰਨ ਉਸ ਦੇ ਹਵਾਲੇ ਕਰ ਦਿੱਤਾ ਜਾਵੇ। ਮਲੇਸ਼ੀਆ ਨੇ ਜਵਾਬ ਵਿੱਚ ਕਿਹਾ ਹੈ ਕਿ ਹੱਤਿਆ ਮਲੇਸ਼ੀਅਨ ਧਰਤੀ ‘ਤੇ ਹੋਈ ਹੈ ਇਸ ਲਈ ਪਹਿਲਾਂ ਮ੍ਰਿਤਕ ਦੇਹ ‘ਤੇ ਢੇਰ ਸਾਰੀਆਂ ਔਟੌਪਸੀਆਂ ਕੀਤੀਆਂ ਜਾਣਗੀਆਂ। ਨਾਲੇ, ਮਲੇਸ਼ੀਆ ਉਸ  ਵੇਲੇ ਤਕ ਮ੍ਰਿਤਕ ਸ਼ਰੀਰ ਉੱਤਰੀ ਕੋਰੀਆ ਹਵਾਲੇ ਨਹੀਂ ਕਰ ਸਕਦਾ ਜਦੋਂ ਤਕ ਜੌਂਗ-ਉਨ ਦੇ DNA ਦੀ ਟੈੱਸਟਿੰਗ ਨਹੀਂ ਹੋ ਜਾਂਦੀ। ਇਸ ਟੈੱਸਟ ਲਈ ਮਲੇਸ਼ੀਆ ਨੂੰ ਪਹਿਲਾਂ ਉੱਤਰੀ ਕੋਰੀਆ ਦੇ ਬਾਲ-ਤਨਾਸ਼ਾਹ ਦੇ DNA ਦਾ ਸੈਂਪਲ ਚਾਹੀਦਾ ਹੋਵੇਗਾ ਅਤੇ ਇਨ੍ਹਾਂ ਸੈਂਪਲਾਂ ਦੇ ਨਤੀਜੇ ਮਿਲਾਉਣ ਤੋਂ ਬਾਅਦ ਹੀ ਭਰਾ-ਭਰਾ ਦਾ ਸਬੰਧ ਸਥਾਪਿਤ ਹੋ ਸਕੇਗਾ।
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਇਸ ਸਿੱਟੇ ‘ਤੇ ਪਹੁੰਚਣਾ ਬਹੁਤ ਆਸਾਨ ਹੈ ਕਿ ਦੋਹੇਂ ਸਾਈਡਾਂ ਕੁਝ ਨਾ ਕੁਝ ਜ਼ਰੂਰ ਲੁਕੋ ਰਹੀਆਂ ਹਨ, ਅਤੇ ਇਸ ਕਹਾਣੀ ‘ਤੇ ਹਾਲੇ ਹੋਰ ਖ਼ੁਲਾਸੇ ਹੋਣੇ ਬਾਕੀ ਹਨ। ਕਿਮ ਜੌਂਗ-ਨੈਮ ਦੀ ਹੱਤਿਆ ਨੇ ਚੀਨ ਅਤੇ ਉੱਤਰੀ ਕੋਰੀਆ ਦੇ ਆਪਸੀ ਸਬੰਧਾਂ ਵਿੱਚ ਹੋਰ ਕੜਵਾਹਟ ਲੈ ਆਉਂਦੀ ਹੈ ਜੋ ਕਿ ਬੈਲਿਸਟਿਕ ਮਿਜ਼ਾਇਲ ਟੈੱਸਟ ਤੋਂ ਬਾਅਦ ਤੋਂ ਹੀ ਨਿਘਾਰ ਵੱਲ ਜਾ ਰਹੇ ਸਨ। ਜੌਂਗ-ਨੈਮ ਨੂੰ 2001 ਵਿੱਚ ਉੱਤਰੀ ਕੋਰੀਆ ਤੋਂ ਉਸ ਵਕਤ ਜਲਾਵਤਨ ਕਰ ਦਿੱਤਾ ਗਿਆ ਸੀ ਜਦੋਂ ਉਸ ਨੂੰ ਇੱਕ ਜਾਅਲੀ ਪਾਸਪੋਰਟ ‘ਤੇ ਸਫ਼ਰ ਕਰਦੇ ਹੋਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਵਕਤ ਤੋਂ ਹੀ ਜੌਂਗ-ਨੈਮ ਚੀਨੀ ਸੁਰੱਖਿਆ ਹੇਠ ਮਕਾਓ, ਚੀਨ ਵਿੱਚ ਰਹਿ ਰਿਹਾ ਸੀ। ਬੁੱਧਵਾਰ ਨੂੰ, ਉਹ ਕੋਆਲਾ ਲਮਪੁਰ ਹਵਾਈ ਅੱਡੇ ਤੋਂ ਜਹਾਜ਼ ਫ਼ੜ ਕੇ ਆਪਣੇ ਘਰ ਮਕਾਓ ਜਾਣ ਦੀ ਤਿਆਰੀ ਵਿੱਚ ਹੀ ਸੀ। ਜੇਕਰ ਕਿਮ ਜੌਂਗ-ਨੈਮ ਦੀ ਹੱਤਿਆ ਸੱਚਮੁੱਚ ਉੱਤਰੀ ਕੋਰੀਆ ਨੇ ਕਰਵਾਈ ਹੈ ਤਾਂ ਇਹ ਚੀਨ ਲਈ ਅੰਤਰਰਾਸ਼ਟਰੀ ਮੰਚ ‘ਤੇ ਸ਼ਰਮਿੰਦਗੀ ਦਾ ਬਾਇਸ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਚੁਣੌਤੀ ਵੀ।

LEAVE A REPLY