ਤਰਨਤਾਰਨ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਾਣੀ ਵਾਲੀ ਬੱਸ ਹੁਣ ਮਾਰਚ ਮਹੀਨੇ ਦੇ ਪਹਿਲੇ ਹਫਤੇ ਹਰੀਕੇ ਝੀਲ ‘ਚ ਉਤਰੇਗੀ। ਇਸ ਬੱਸ ਨੂੰ ਇਕ ਹਫਤੇ ਤੋਂ ਹਰੀਕੇ ਪੱਤਣ ਹੈੱਡ ‘ਤੇ ਬਣਾਏ ਗਏ ਗੈਰਾਜ਼ ‘ਚ ਬੰਦ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਐਤਵਾਰ ਸ਼ਾਮ ਨੂੰ ਬਾਹਰ ਕੱਢਿਆ ਗਿਆ। ਅਮਰੀਕਾ ‘ਚ ਤਿਆਰ ਕੀਤੀ ਗਈ ਇਸ ਹਰੀਕੇ ਕਰੂਜ਼ ਨੂੰ ਦੇਖਣ ਵਾਲਿਆਂ ਦੀ ਤਾਂਤਾ ਲੱਗ ਗਿਆ। ਸਹੀ ਅਰਥਾਂ ‘ਚ ਮਾਰਚ ਮਹੀਨੇ ਦੇ ਪਹਿਲੇ ਹਫਤੇ ਇਸ ਬੱਸ ਨੂੰ ਪਾਣੀ ‘ਚ ਉਤਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ 12 ਦਸੰਬਰ, 2016 ਨੂੰ ਸੁਖਬੀਰ ਬਾਦਲ ਨੇ ਹਰੀਕੇ ਹੈੱਡ ਵਰਕਰਸ ‘ਤੇ ਕਰੂਜ਼ ਬੱਸ ਨੂੰ ਹਰੀ ਝੰਡੀ ਦੇ ਕੇ ਖੁਦ ਉਸ ਦੀ ਸਵਾਰੀ ਕੀਤੀ ਸੀ। ਉਸ ਸਮੇਂ ਸਰਕਾਰ ਨੇ ਕਿਸੇ ਨੂੰ ਨਹੀਂ ਦੱਸਿਆ ਸੀ ਕਿ ਇਹ ਸਿਰਫ ਇਕ ਟ੍ਰਾਇਲ ਬੱਸ ਹੈ। ਗੋਆ ‘ਚ ਤਿਆਰ ਕਰਵਾਈ ਗਈ ਉਸ ਪੀਲੇ ਰੰਗ ਦੀ ਬੱਸ ਨੂੰ ਇਕ ਦਿਨ ਬਾਅਦ ਹੀ ਗੈਰਾਜ਼ ‘ਚ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਹਰੀਕੇ ਹੈੱਡ ਵਰਕਸ ‘ਚ ਬੱਸ ਚਲਾਉਣ ਲਈ ਪਾਣੀ ਘੱਟ ਹੈ, ਹਾਲਾਂਕਿ ਉਸ ਬੱਸ ਦੇ ਟ੍ਰਾਇਲ ਲਈ ਹਰੀਕੇ ਹੈੱਡ ਵਰਕਸ ‘ਚ ਪਾਣੀ ਨਹਿਰੀ ਵਿਭਾਗ ਤੋਂ ਪੁਆਇਆ ਗਿਆ ਸੀ ਅਤੇ ਬਾਅਦ ‘ਚ ਉਸ ਪਾਣੀ ਨੂੰ ਛੱਡਣ ਕਾਰਨ ਫਿਰੋਜ਼ਪੁਰ ਜ਼ਿਲੇ ਦੇ ਕਿਸਾਨਾਂ ਦੀ ਫਸਲ ਵੀ ਬਰਬਾਦ ਹੋ ਗਈ ਸੀ।