ਚੰਡੀਗੜ੍ਹ : ਪੰਜਾਬ ਦੇ ਸਰਹੱਦੀ ਜ਼ਿਲਿਆਂ ‘ਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਅਤੇ ਬਰਾਮਦਗੀ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਸਾਹਮਣੇ ਆਉਂਦੀਆਂ ਸਨ, ਹੁਣ ਇਨ੍ਹਾਂ ਜ਼ਿਲਿਆਂ ‘ਚ ਨਸ਼ਿਆਂ ਕਾਰਨ ਮਰਨ ਵਾਲੇ ਨਵਜੰਮੇ ਬੱਚਿਆਂ ਦਾ ਆਂਕੜਾ ਵੀ ਸਭ ਤੋਂ ਉੱਪਰ ਚਲਾ ਗਿਆ ਹੈ, ਜਿਨ੍ਹਾਂ ਦੀ ਉਮਰ 28 ਦਿਨਾਂ ਤੋਂ ਇਕ ਸਾਲ ਦੇ ਵਿਚਕਾਰ ਹੁੰਦੀ ਹੈ। ਇਨ੍ਹਾਂ ‘ਚੋਂ ਕਈ ਮਾਮਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ‘ਚ ਮੌਤ ਦਾ ਕਾਰਨ ਅਸਪੱਸ਼ਟ ਹੁੰਦਾ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਰਿਕਾਰਡ ਮੁਤਾਬਕ ਸਰਹੱਦੀ ਇਲਾਕਿਆਂ ‘ਚ ਨਸ਼ਿਆਂ ਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੀਡੀਆ ਸਾਇੰਸਿਜ਼ ਅਤੇ ਦਿੱਲੀ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਵਲੋਂ ਪਿਛਲੇ ਸਾਲ ਪੰਜਾਬ ‘ਚ ਡੱਰਗ ਦੀ ਸਮੱਸਿਆ ‘ਤੇ ਇਕ ਸਰਵੇ ਕੀਤਾ ਗਿਆ। ਇਸ ਸਰਵੇ ਮੁਤਾਬਕ 2.77 ਕਰੋੜ ਦੀ ਆਬਾਦੀ ‘ਚੋਂ 2.3 ਲੱਖ ਲੋਕ ਨਸ਼ਿਆਂ ‘ਤੇ ਨਿਰਭਰ ਹਨ, ਜਦੋਂ ਕਿ 8.6 ਲੱਖ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ 1,23,414 ਲੋਕ ਹੈਰੋਇਨ ਮਤਲਬ ਕਿ ਚਿੱਟੇ ਦੇ ਸਹਾਰੇ ਜਿਊਂਦੇ ਹਨ। ਤਾਜ਼ਾ ਆਂਕੜਿਆਂ ਮੁਤਾਬਕ ਪਿਛਲੇ ਸਾਲ ਇਨ੍ਹਾਂ ਨਸ਼ਿਆਂ ਕਾਰਨ ਹੀ ਅੰਮ੍ਰਿਤਸਰ ‘ਚ 973, ਗੁਰਦਾਸਪੁਰ ‘ਚ 356 ਅਤੇ ਤਰਨਤਾਰਨ ‘ਚ 331 ਨਵਜੰਮੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਹੈ। ਇਹ ਤਿੰਨੇ ਸ਼ਹਿਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ, ਜਿੱਥੋਂ ਭਾਰਤ ‘ਚ ਹੈਰੋਇਨ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੂਰੇ ਸੂਬੇ ‘ਚ ਪਿਛਲੀ ਅਪ੍ਰੈਲ ਤੋਂ ਦਸੰਬਰ ਮਹੀਨੇ ਦੌਰਾਨ 3,978 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 2330 ਮੁੰਡੇ ਅਤੇ 1648 ਕੁੜੀਆਂ ਸ਼ਾਮਲ ਹਨ। ਪਿਛਲੇ ਸਾਲ ਜਨਮ ਦੀ ਕੁੱਲ ਰਜਿਸਟਰੇਸ਼ਨ 40459 ਕੀਤੀ ਗਈ, ਜਿਸ ਦਾ ਮਤਲਬ ਹੈ ਕਿ 10 ਨਵਜੰਮੇ ਬੱਚਿਆਂ ‘ਚੋਂ ਇਕ ਬੱਚਾ ਪਿਛਲੇ ਸਾਲ ਮੌਤ ਦੇ ਮੂੰਹ ‘ਚ ਚਲਾ ਗਿਆ।