ਦਿੱਲੀ ਦੀ ਤਿਹਾੜ ਜੇਲ ‘ਚ ਪਹੁੰਚਿਆ ਸ਼ਹਾਬੁਦੀਨ

ਨਵੀਂ ਦਿੱਲੀ— ਰਾਜਦ ਦੇ ਵਿਵਾਦਿਤ ਨੇਤਾ ਸ਼ਹਾਬੁਦੀਨ ਨੂੰ ਅੱਜ ਭਾਵ ਐਤਾਵਰ ਸਵੇਰ ਨੂੰ ਸਖਤ ਸੁਰੱਖਿਆ ਨਾਲ ਦਿੱਲੀ ਦੀ ਤਿਹਾੜ ਜੇਲ ਲਿਆਇਆ ਗਿਆ ਹੈ ਅਤੇ ਜੇਲ ਨੰਬਰ 2 ‘ਚ ਰੱਖਿਆ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਬਿਹਾਰ ਪੁਲਸ ਦੀ ਇਕ ਟੀਮ ਸੰਪੂਰਨ ਕ੍ਰਾਂਤੀ ਐਕਸਪ੍ਰੈਸ ਤੋਂ ਸ਼ਹਾਬੁਦੀਨ ਨੂੰ ਪਟਨਾ ਤੋਂ ਦਿੱਲੀ ਲੈ ਕੇ ਆਈ। ਟਰੇਨ ਅੱਜ ਸਵੇਰ ਨੂੰ 8:30 ਵਜੇ ਰਾਸ਼ਟਰੀ ਰਾਜਧਾਨੀ ਪਹੁੰਚੀ। ਇਸ ਤੋਂ ਪਹਿਲਾ ਉਸ ਨੂੰ ਸੀਵਾਨ ਜੇਲ ਤੋਂ ਸਖਤ ਸੁਰੱਖਿਆ ਨਾਲ ਪਟਨਾ ਲਿਆਇਆ ਗਿਆ ਸੀ। ਪੁਲਸ ਟੀਮ ਸ਼ਹਾਬੁਦੀਨ ਨੂੰ ਲੈ ਕੇ ਲਗਭਗ 8:30 ਵਜੇ ਤਿਹਾੜ ਜੇਲ ਪਹੁੰਚੀ, ਜਿਥੇ ਉਸ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਜੇਲ ਨੰਬਰ 2 ‘ਚ ਰੱਖਿਆ ਗਿਆ। ਇਸ ਜੇਲ ‘ਚ ਗੈਂਗਸਟਰ ਛੋਟਾ ਰਾਜਨ ਨੂੰ ਵੀ ਰੱਖਿਆ ਗਿਆ ਹੈ। ਤਿਹਾੜ ਜੇਲ ਦੇ ਡੀ.ਜੀ. ਸੁਧੀਰ ਯਾਦਵ ਨੇ ਕਿਹਾ, ‘ਸ਼ਹਾਬੁਦੀਨ ਨੂੰ ਸਵੇਰ ਨੂੰ ਲਗਭਗ 8:30 ਵਜੇ ਇਥੇ ਲਿਆਇਆ ਗਿਆ। 2 ਡਾਕਟਰਾਂ ਨੇ ਉਸ ਦੀ ਡਾਕਟਰੀ ਜਾਂਚ ਕੀਤੀ, ਜਿਸ ਤੋਂ ਬਾਅਦ ਉਸ ਨੂੰ ਜੇਲ ਨੰਬਰ 2 ‘ਚ ਰੱਖਿਆ ਗਿਆ, ਜਿਸ ‘ਚ ਦੋਸ਼ੀਆਂ ਨੂੰ ਰੱਖਿਆ ਜਾਂਦਾ ਹੈ।’ ਅਧਿਕਾਰੀਆਂ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸ਼ਹਾਬੁਦੀਨ ਦੇ ਤਿਹਾੜ ਜੇਲ ‘ਚ ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਤਾਮਿਲਨਾਡ ਵਿਸ਼ੇਸ਼ ਪੁਲਸ ਬਲ ਦੇ ਜਵਾਨਾਂ ਨੂੰ ਲਗਾਇਆ ਗਿਆ ਹੈ। ਸੁਪਰੀਮ ਕੋਰਟ ਨੇ 15 ਫਰਵਰੀ ਨੂੰ ਲਗਭਗ 45 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਮੁਹੰਮਦ ਸ਼ਹਾਬੁਦੀਨ ਨੂੰ ਬਿਹਾਰ ਦੀ ਸੀਵਾਨ ਜੇਲ ਤੋਂ ਇਕ ਹਫਤੇ ਦੇ ਅੰਦਰ ਤਿਹਾੜ ਜੇਲ ਲਿਆਉਣ ਦਾ ਹੁਕਮ ਦਿੱਤਾ ਸੀ। 2 ਵੱਖ-ਵੱਖ ਘਟਨਾਵਾਂ ‘ਚ ਆਪਣੇ ਤਿੰਨ ਪੁੱਤਰ ਗੁਆ ਚੁੱਕੇ ਚੰਦਰਕੇਸ਼ਵਰ ਪ੍ਰਸਾਦ ਊਰਫ ਚੰਦਾ ਬਾਬੂ ਅਤੇ ਆਸ਼ਾ ਰੰਜਨ ਨੇ ਪਟੀਸ਼ਨ ਦਰਜ ਕਰ ਕੇ ਰਾਜਦ ਨੇਤਾ ਨੂੰ ਤਿਹਾੜ ਜੇਲ ‘ਚ ਰੱਖਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ ਸੀ। ਆਸ਼ਾ ਪੱਤਰਕਾਰ ਰਾਜਦੇਵ ਰੰਜਨ ਦੀ ਪਤਨੀ ਹੈ, ਜਿਨ੍ਹਾਂ ਦੀ ਸੀਵਾਨ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ਹਾਬੁਦੀਨ ਨੂੰ ਸੰਪੂਰਨ ਕ੍ਰਾਂਤੀ ਐਕਸਪ੍ਰੈਸ ਦੇ ਐਸ-2 ਡੱਬੇ ‘ਚ ਪਟਨਾ ਤੋਂ ਦਿੱਲੀ ਲਿਆਇਆ ਗਿਆ।

LEAVE A REPLY