ਮੱਖੂ -ਭਾਰਤੀ ਕਿਸਾਨ ਯੂਨੀਅਨ (ਮਾਨ) ਦੀ ਮੀਟਿੰਗ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਜੱਲੇਵਾਲਾ ਅਤੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਵਾਰਸਵਾਲਾ ਦੀ ਅਗਵਾਈ ‘ਚ ਹੋਈ। ਇਸ ਮੀਟਿੰਗ ‘ਚ ਹਰਿਆਣਾ ਅਤੇ ਪੰਜਾਬ ‘ਚ ਸਤਲੁਜ ਯਮੁਨਾ ਲਿੰਕ ਨਹਿਰ ਪ੍ਰਤੀ ਚੱਲ ਰਹੀ ਖਿਚੋਂਤਾਣ ਦਰਮਿਆਨ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਪ੍ਰਤੀਕਰਮ ਦਿੰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਬੇਨਿਆਈਆਂ ਤੇ ਸਿਆਸੀ ਜ਼ੁਲਮਾਂ ਦਾ ਸ਼ਿਕਾਰ ਹੈ। ਇਸ ਲਈ ਇਸ ਸੰਵੇਦਨਸ਼ੀਲ ਮੁੱਦੇ ‘ਤੇ ਇਨੈਲੋ ਤੋਂ ਇਲਾਵਾ ਹੋਰ ਕਿਸੇ ਪਾਰਟੀ ਨੂੰ ਇਥੋਂ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਸੂਬੇ ‘ਚ ਬਿਲਕੁਲ ਪੈਰ ਨਹੀਂ ਰੱਖਣ ਦਿਆਂਗੇ।
ਉਨ੍ਹਾਂ ਆਖਿਆ ਕਿ ਕਿਸਾਨੀ ਲਾਹੇਵੰਦ ਧੰਦਾ ਨਾ ਹੋਣ ਕਾਰਨ ਕਰਜ਼ੇ ਦਾ ਝੰਬਿਆ ਅੰਨਦਾਤਾ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕਿਸਾਨ ਆਗੂਆਂ ਨੇ ਅਫਸੋਸ ਜ਼ਾਹਰ ਕੀਤਾ ਕਿ ਹੁਣ ਜਦੋਂ ਕਿ ਸੂਬੇ ‘ਚ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ ਤਾਂ ਕੁਝ ਸਿਆਸੀ ਆਗੂ ਜਾਣ ਬੁੱਝ ਕੇ ਅਜਿਹੀ ਨਫਰਤ ਭਰੀ ਬਿਆਨਬਾਜ਼ੀ ਕਿਉਂ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਵਾਰਸਵਾਲਾ ਨੇ ਕਿਹਾ ਕਿ ਮੰਡੀਆਂ ‘ਚ ਆਲੂ ਦੀ ਹੋ ਰਹੀ ਬੇਕਦਰੀ ਕਾਰਨ ਕਿਸਾਨ ਭਾਰੀ ਪ੍ਰੇਸ਼ਾਨ ਹਨ, ਕੇਂਦਰ ਸਰਕਾਰ ਆਲੂ ਨੂੰ ਨਿਰਯਾਤ ਕਰਨ ਦੇ ਉਪਰਾਲੇ ਕਰੇ ਤਾਂ ਜੋ ਕਿਸਾਨਾਂ ਨੂੰ ਉਚਿਤ ਭਾਅ ਮਿਲ ਸਕੇ।
ਇਸ ਤੋਂ ਇਲਾਵਾ ਮਾਰਕੀਟ ‘ਚ ਮੱਕੀ ਦੇ ਬੀਜ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਅਤੇ ਹੋਰ ਫ਼ਸਲਾਂ ਦੇ ਮਿਆਰੀ ਬੀਜ ਨਾ ਮਿਲਣ ਕਾਰਨ ਕਿਸਾਨਾਂ ‘ਚ ਹਾਹਾਕਾਰ ਮਚੀ ਹੋਈ ਹੈ ਪਰ ਪ੍ਰਸ਼ਾਸਨ ਕੁੰਭਕਰਨੀਂ ਨੀਂਦ ਸੁੱਤਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਫ਼ਸਲਾਂ ਦਾ ਮੰਡੀਕਰਨ ਯਕੀਨੀ ਬਣਾਵੇ ਤਾਂ ਜੋ ਆਰਥਿਕ ਤੌਰ ‘ਤੇ ਕਿਸਾਨ ਮਜ਼ਬੂਤ ਹੋ ਸਕਣ। ਮੀਟਿੰਗ ਦੌਰਾਨ ਹੀ ਸਰਵਸੰਮਤੀ ਨਾਲ ਜਥੇਬੰਦੀ ਵਿਰੋਧੀ ਕਾਰਵਾਈਆਂ ਦਾ ਦੋਸ਼ ਲਾ ਕਿ ਬਲਾਕ ਦੇ ਸਹਾਇਕ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਰਸੂਲਪੁਰ ਨੂੰ ਜਥੇਬੰਦੀ ‘ਚੋਂ ਕੱਢਣ ਦਾ ਵੀ ਲਿਖਤੀ ਫੈਸਲਾ ਕੀਤਾ ਗਿਆ।