ਪੰਜਾਬ ਐਸ.ਸੀ. ਕਮਿਸ਼ਨ ਨੇ ਦਲਿਤ ਪਰਿਵਾਰ ‘ਤੇ ਹਮਲੇ ਦਾ ਲਿਆ ਸੂ-ਮੋਟੋ ਨੋਟਿਸ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬੀਤੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਪਿੰਡ ਦੇ ਸਾਬਕਾ ਸਰਪੰਚ ਵਲੋਂ ਇੱਕ 32 ਸਾਲਾ ਦਲਿਤ ਨੌਜਵਾਨ ਸੁਰਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਅਤੇ ਪਰਿਵਾਰ ‘ਤੇ ਹਮਲਾ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਤਰਨਤਾਰਨ ਅਤੇ ਡਾਇਰੈਕਟਰ, ਬਿਊਰੋ ਆਫ ਇੰਨਫਰਮੇਸ਼ਨ, ਪੰਜਾਬ, ਚੰਡੀਗੜ੍ਹ ਨੂੰ ਤਲਬ ਕਰ ਲਿਆ ਹੈ।
ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ‘ਚ ਵਿਧਾਨ ਸਭਾ ਚੋਣਾਂ ਦੇ ਦਿਨਾਂ ਦੌਰਾਨ ਇੱਕ ਦਲਿਤ ਪਰਿਵਾਰ ‘ਤੇ ਹੋਇਆ ਹਮਲਾ ਮੰਦਭਾਗਾ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਮਿਲੀ ਹੈ ਕਿ ਮੁਲਜਮਾਂ ਵਿਰੁੱਧ ਦਰਜ ਕੀਤੀ ਗਈ ਐਫ.ਆਈ.ਆਰ. ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਅੱਤਿਆਚਾਰ ਨਿਵਾਰਣ ਐਕਟ-1989 ਦੇ ਉਪਬੰਧ ਸ਼ਾਮਲ ਨਹੀਂ ਕੀਤੇ ਗਏ।
ਸ੍ਰੀ ਬਾਘਾ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਦੌਰਾਨ ਸਾਰੇ ਹਥਿਆਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਮ੍ਹਾਂ ਕਰਵਾ ਲਏ ਜਾਂਦੇ ਹਨ ਅਤੇ ਦੋਸ਼ੀਆਂ ਨੇ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ, ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ 28 ਫਰਵਰੀ ਨੂੰ ਐਸ.ਐਸ.ਪੀ. ਤਰਨਤਾਰਨ ਅਤੇ ਡਾਇਰੈਕਟਰ, ਬਿਊਰੋ ਆਫ ਇੰਨਫਰਮੇਸ਼ਨ, ਪੰਜਾਬ, ਚੰਡੀਗੜ੍ਹ ਨੂੰ ਮਾਮਲੇ ਸਬੰਧੀ ਸਮੁੱਚੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

LEAVE A REPLY