ਧਾਰਮਿਕ ਹਸਤੀਆਂ ਸਿਆਸਤ ਦੀ ਥਾਂ ਧਰਮ ਪ੍ਰਚਾਰ ਨੂੰ ਦੇਣ ਪਹਿਲ : ਜਥੇਦਾਰ ਜ਼ੀਰਾ

ਚੰਡੀਗੜ੍ਹ -ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ। ਸਵ: ਮੁੱਖ ਮੰਤਰੀ ਬੇਅੰਤ ਸਿੰਘ ਨੇ ਗੁਰੂ ਤੇਗ ਬਹਾਦੁਰ ਮਾਰਗ ਬਣਾਇਆ। ਸਵ: ਹਰਚਰਨ ਸਿੰਘ ਬਰਾੜ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸ਼ਹਿਰਾਂ ਨੂੰ ਜ਼ਿਲ੍ਹੇ ਬਣਾਇਆ ਅਤੇ ਇਤਿਹਾਸਕ ਕੰਮ ਵੀ ਕੀਤੇ ਪਰ ਕਦੀ ਧਰਮ ਪ੍ਰਚਾਰ ਜਾਂ ਧਾਰਮਿਕ ਹਸਤੀਆਂ ਨੂੰ ਵੋਟਾਂ ਲਈ ਨਹੀਂ ਵਰਤਿਆ। ਕਾਂਗਰਸ ਪਾਰਟੀ ਨੇ ਸਿੱਖ ਪ੍ਰਧਾਨ ਮੰਤਰੀ, ਸਿੱਖ ਰਾਸ਼ਟਰਪਤੀ ਅਤੇ ਸਿੱਖ ਜਰਨੈਲ ਨੂੰ ਫੌਜ ਮੁਖੀ ਬਣਾਉਣ ਤੋਂ ਇਲਾਵਾ ਕੌਮ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖਕੇ ਸਿੱਖਾਂ ਨੂੰ ਸਤਿਕਾਰਤ ਅਹੁਦੇ ਦਿੱਤੇ। ਇਸ ਦੇ ਉਲਟ ਪਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਨੇ ਹਮੇਸ਼ਾਂ ਧਰਮ ਨੂੰ ਕਥਿਤ ਤੌਰ ‘ਤੇ ਸਿਆਸੀ ਫਾਇਦੇ ਲਈ ਹੀ ਇਸਤੇਮਾਲ ਕੀਤਾ। ਜਿੰਨਾ ਨੁਕਸਾਨ ਧਰਮ ਤੇ ਸਿੱਖੀ ਦਾ ਬਾਦਲਾਂ ਨੇ ਕੀਤਾ ਐਨਾ ਮੁਗਲਾਂ ਨੇ ਵੀ ਨਹੀਂ ਸੀ ਕੀਤਾ। ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਕਰਦਿਆਂ ਆਖਿਆ ਕਿ ਬਾਦਲ ਨੇ ਕਥਿਤ ਤੌਰ ‘ਤੇ ਸੰਘ ਦਾ ਵਰਕਰ ਹੋਣ ਕਰਕੇ ਸਿੱਖ ਸੰਤਾਂ ਨੂੰ ਆਰਐੱਸਐੱਸ ਦੇ ਥੱਲੇ ਲਗਾ ਦਿੱਤਾ। ਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਗੇ ਕੰਮਾਂ ਦਾ ਐਲਾਨ ਕੀਤਾ ਹੈ ਤਾਂ ਉਹ ਇਨ੍ਹਾਂ ਨੂੰ ਅਮਲੀ ਜਾਮਾ ਵੀ ਪਹਿਨਾਉਣ। ਸਿੱਖ ਸੰਤਾਂ ਦਾ ਸਨਮਾਨ ਕਰਨ ਨੂੰ ਉਨ੍ਹਾਂ ਸੰਘ ਦੀ ਚਾਲ ਦੱਸਦਿਆਂ ਸੰਤਾਂ ਮਹਾਂਪੁਰਖਾਂ ਨੂੰ ਅਪੀਲ ਕੀਤੀ ਕਿ ਜੋ ਸਨਮਾਨ ਸਿੱਖੀ ਦੀ ਸੇਵਾ ਕਰਕੇ ਪ੍ਰਾਪਤ ਹੈ ਉਹ ਸਿਆਸੀ ਸਰਕਾਰਾਂ ਨਹੀਂ ਦੇ ਸਕਦੀਆਂ।  ਜਥੇਦਾਰ ਜ਼ੀਰਾ ਨੇ ਕਿਹਾ ਕਿ ਵੋਟਾਂ ਪੈ ਚੁੱਕੀਆਂ ਹਨ ਸੋ ਹੁਣ ” ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ” ਅਨੁਸਾਰ ਸਿੱਖ ਧਾਰਮਿਕ ਹਸਤੀਆਂ ਕਿਸੇ ਪਾਰਟੀ ਦੀਆਂ ਕਥਿਤ ਸਿਆਸੀ ਪਿੱਛਲੱਗੂ ਬਨਣ ਦੀ ਥਾਂ ਸਿੱਖੀ ਤੇ ਸਿੱਖਾਂ ਦੇ ਭਲੇ ਲਈ ਕੇਵਲ ਧਰਮ ਪ੍ਰਚਾਰ ਨੂੰ ਹੀ ਪਹਿਲ ਦੇਣ।

LEAVE A REPLY