ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਲਗਾਤਾਰ ਦੂਜੀ ਵਾਰ ਜਿੱਤ ਪ੍ਰਾਪਤ ਕਰੇਗੀ : ਮਨਜਿੰਦਰ ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵਾਰਡ ਨੰ.9 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਮਨਜਿੰਦਰ ਸਿੰਘ ਸਿਰਸਾ ਸਲਾਹਕਾਰ ਉੱਪ ਮੁੱਖ ਮੰਤਰੀ ਪੰਜਾਬ ਨੇ ਪੰਜਾਬੀ ਬਾਗ਼ ਦੇ ਗੁਰਦੁਆਰਾ ਟਿਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।  ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੂੰ ਉਸ ਮੌਕੇ ਬਲ ਮਿਲਿਆ ਜਦੋਂ ਇਤਿਹਾਸਿਕ ਗੁਰਦੁਆਰਾ ਟਿਕਾਣਾ ਸਾਹਿਬ ਦੇ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਸ. ਸਿਰਸਾ ਦੀ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ ਕਿ ਸ. ਸਿਰਸਾ ਨੂੰ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਜਾਵੇ।  ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਸਿੰਘ ਕੋਲੋਂ ਵੀ ਸ. ਮਨਜਿੰਦਰ ਸਿੰਘ ਸਿਰਸਾ ਨੇ ਆਸ਼ੀਰਵਾਦ ਪ੍ਰਾਪਤ ਕੀਤਾ।  ਜ਼ਿਕਰਯੋਗ ਹੈ ਕਿ ਪੰਜਾਬੀ ਬਾਗ਼ ਦੇ ਗੁਰਦੁਆਰਾ ਟਿਕਾਣਾ ਸਾਹਿਬ ਨਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜੁਡ਼ੀਆਂ ਹੋਈਆਂ ਹਨ।  ਇਸ ਮੌਕੇ ਸਿਰਸਾ ਜੀ ਨੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ, ਸਿੱਖ ਮਰਿਆਦਾ ਤੇ ਪ੍ਰੰਪਰਾ, ਇਤਿਹਾਸ ਤੇ ਵਿਰਾਸਤ ਦੀ ਸੇਵਾ ਸੰਭਾਲ ਦੇ ਨਾਲ-ਨਾਲ ਸਿੱਖ ਨੌਜਵਾਨਾਂ ਦਾ ਉੱਜਲਾ ਭਵਿੱਖ ਬਣਾਉਣ ਲਈ ਵਿੱਦਿਅਕ ਖੇਤਰ ‘ਚ ਆਰੰਭੇ ਹੋਏ ਸੁਧਾਰਾਂ ‘ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।  ਉਹਨਾਂ ਕਿਹਾ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਜੋ 4 ਸਾਲਾਂ ਪਹਿਲਾਂ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਾਂ  ਰਾਹੀਂ ਸਿੱਖ ਕੌਮ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਸੀ ਉਸ ਲਈ ਉਹਨਾਂ ਨੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਈ ਹੈ।  ਦਿੱਲੀ ਦੇ ਸਿੱਖਾਂ ਵਿੱਚ ਨਾਨਕਸ਼ਾਹੀ ਕੈਲੰਡਰ ਅਤੇ ਦਸਮ ਗ੍ਰੰਥ ਦੀ ਬਾਣੀ ਨੂੰ ਲੈ ਕੇ ਪੈਦਾ ਕੀਤੇ ਹੋਏ ਵਿਵਾਦਿਤ ਮੁੱਦਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਰਪ੍ਰਸਤੀ ਹੇਠ ਸੁਲਝਾ ਕੇ ਕੌਮ ‘ਚ ਏਕਤਾ ਤੇ ਭਾਈਚਾਰਕ ਸਾਂਝ ਪੈਦਾ ਕੀਤੀ।  ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਦਿੱਲੀ ‘ਚ ਸਿੱਖ ਇਤਿਹਾਸ ਦੇ ਪ੍ਰਸਿੱਧ ਦਿਹਾਡ਼ੇ ‘ਦਿੱਲੀ ਫ਼ਤਹਿ ਦਿਵਸ’, ਸ਼ਹੀਦੀ ਦਿਹਾਡ਼ਾ ਬਾਬਾ ਬੰਦਾ ਸਿੰਘ ਬਹਾਦਰ, ਇਸਤਰੀ ਸੰਮੇਲਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਇੰਡੀਆ ਗੇਟ ਦੇ ਮੈਦਾਨ ਵਿੱਚ ਪਹਿਲੀ ਵਾਰ ਗੁਰਮਤਿ ਸਮਾਗਮ ਆਯੋਜਿਤ ਕਰਕੇ ਸਿੱਖਾਂ ਦੀ ਨਵੀਂ ਨੌਜਵਾਨ ਪੀਡ਼੍ਹੀ ਨੂੰ ਸਿੱਖ ਇਤਿਹਾਸ ਨਾਲ ਜੋਡ਼ਿਆ ਗਿਆ।  ਦਿੱਲੀ ਦੀਆਂ ਸਿੱਖ ਵਿੱਦਿਅਕ ਸੰਸਥਾਵਾਂ ਨੂੰ ਕੇਂਦਰ ਸਰਕਾਰ ਤੋਂ ਘੱਟ ਗਿਣਤੀ ਦਾ ਦਰਜ ਦਿਵਾਉਣ ਲਈ ਅਦਾਲਤ ਰਾਹੀਂ ਕਾਨੂੰਨੀ ਜਿੱਤ ਪ੍ਰਾਪਤ ਕੀਤੀ। ਇਸ ਕਾਨੂੰਨੀ ਜਿੱਤ ਸਦਕਾ ਹੀ ਅੱਜ ਦਿੱਲੀ ਦੀਆਂ ਸਿੱਖ ਵਿੱਦਿਅਕ ਸੰਸਥਾਵਾਂ ‘ਚ 50 ਫ਼ੀਸਦੀ ਸੀਟਾਂ ਵਿਦਿਆਰਥੀਆਂ ਲਈ ਰਾਖਵੀਆਂ ਹਨ  ਅਤੇ ਉਹਨਾਂ ਨੂੰ ਪਿਛਲੇ 4 ਸਾਲਾਂ ‘ਚ ਘੱਟ ਗਿਣਤੀ ਸਕੀਮ ਅਧੀਨ 129 ਕਰੋਡ਼ ਤੋਂ ਵੱਧ ਰਕਮ ਦੇ ਵਜ਼ੀਫੇ ਦਿਵਾਏ ਗਏ।  ਮੁਲਾਜ਼ਮਾਂ ਨਾਲ 4 ਸਾਲ ਪਹਿਲਾਂ ਕੀਤੇ ਹੋਏ ਵਾਅਦੇ ਪੂਰੇ ਕਰਦੇ ਹੋਏ 6ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਕੇ ਯਕੀਨੀ ਬਣਾਇਆ ਗਿਆ ਕਿ ਮਹੀਨੇ ਦੀ ਪਹਿਲੀ ਤਾਰੀਕ ਨੂੰ ਹਰ ਮੁਲਾਜ਼ਮ ਨੂੰ ਤਨਖ਼ਾਹ ਮਿਲੇ।  ਵਿੱਦਿਅਕ ਸੰਥਾਵਾਂ ਦੇ ਆਰਥਿਕ ਪ੍ਰਬੰਧਾਂ ਨੂੰ ਸੁਧਾਰਨ ਲਈ ਸਕੂਲਾਂ ਦੇ ਵਿੱਤੀ ਖਾਤਿਆਂ ਦਾ ਕੇਂਦਰੀਕਰਨ ਕੀਤਾ ਗਿਆ।  ਉਹਨਾਂ ਕਿਹਾ ਅਜਿਹਾ ਕਰਨ ਨਾਲ ਘਾਟੇ ਵਿੱਚ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਨੂੰ ਵਿੱਤੀ ਲਾਭ ਹੋਣ ਲੱਗਾ ਜਿਸ ਸਦਕਾ ਘਾਟੇ ਵਾਲੀਆਂ ਸੰਸਥਾਵਾਂ ਵੀ ਹੁਣ ਆਰਥਿਕ ਪੱਖੋਂ ਮਜ਼ਬੂਤ ਹੋ ਚੁੱਕੀਆਂ ਹਨ।  ਸ. ਸਿਰਸਾ ਨੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਗੁਰਦੁਆਰਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਟੀਮ ਨੂੰ ਦੂਸਰੀ ਵਾਰ ਜਿੱਤ ਪ੍ਰਾਪਤ ਹੋਵੇਗੀ।
ਇਸ ਮੌਕੇ ਸਿਰਸਾ ਦੀ ਮਾਤਾ ਸਰਦਾਰਨੀ ਮਨਜੀਤ ਕੌਰ, ਬੀਬੀ ਸਤਵਿੰਦਰ ਕੌਰ ਸਿਰਸਾ ਕੌਂਸਲਰ ਪੰਜਾਬੀ ਬਾਗ਼, ਗੁਰਵਿੰਦਰਪਾਲ ਸਿੰਘ ਰਾਜੂ, ਮਨਵੀਰ ਸਿੰਘ ਸਾਹਨੀ, ਇੰਦਰਪਾਲ ਸਿੰਘ ਵਧਾਵਨ ਅਤੇ ਸਤਿੰਦਰ ਸਿੰਘ ਵਧਾਵਨ ਆਦਿ ਵੀ ਹਾਜ਼ਿਰ ਸਨ।

LEAVE A REPLY