ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਰਜੀਕਲ ਸਟ੍ਰਾਇਕਾਂ ਬਾਰੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਹੋਣ ਵਾਲੀਆਂ ਅੱਤਵਾਦੀ ਘੁਸਪੈਠਾਂ ਤੋਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ‘ਚ ਨਾਕਾਮ ਰਹਿਣ ਨੂੰ ਲੈ ਕੇ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸੋਮਵਾਰ ਨੂੰ ਨਿੰਦਾ ਕੀਤੀ ਹੈ। ਇਸ ਲਡ਼ੀ ਹੇਠ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਾਧੂ ਪ੍ਰਚਾਰ ਦੇ ਬਾਵਜੂਦ ਸਪੱਸ਼ਟ ਤੌਰ ‘ਤੇ ਨੋਟਬੰਦੀ ਦਾ ਕਦਮ ਨਾ ਹੀ ਪਾਕਿਸਤਾਨ ਤੋਂ ਭਾਰਤ ਅੰਦਰ ਹੋਣ ਵਾਲੀ ਅੱਤਵਾਦੀਆਂ ਦੀ ਘੁਸਪੈਠ ਤੇ ਨਾ ਹੀ ਜਾਅਲੀ ਨੋਟਾਂ ਦੇ ਪ੍ਰਸਾਰ ਨੂੰ ਰੋਕਣ ‘ਚ ਕਾਮਯਾਬ ਰਹੀ ਹੈ।
ਇਥੇ ਜ਼ਾਰੀ ਇਕ ਬਿਆਨ ‘ਚ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਐਤਵਾਰ ਨੂੰ ਕਸ਼ਮੀਰ ‘ਚ ਹੋਏ ਟਕਰਾਅ ਤੇ ਪਾਕਿਸਤਾਨ ਤੋਂ ਬੰਗਲਾਦੇਸ਼ ਰਾਹੀਂ ਭਾਰਤ ਅੰਦਰ 2000 ਰੁਪਏ ਦੇ ਜਾਅਲੀ ਨੋਟਾਂ ਨੂੰ ਭੇਜਿਆ ਜਾਣਾ, ਇਹ ਸਾਬਤ ਕਰਨ ਲਈ ਕਾਫੀ ਹੈ ਕਿ ਨੋਟਬੰਦੀ ਦਾ ਗੈਰ ਸੰਗਠਿਤ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਦੇ ਉਲਟ ਅੱਤਵਾਦ ਉਪਰ ਰੋਕ ਲਗਾਉਣ ‘ਚ ਕੋਈ ਮਦੱਦ ਨਹੀਂ ਕਰ ਰਿਹਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਵਾਰ ਵਾਰ ਹੋਣ ਵਾਲੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਦੇਸ਼ ਤੇ ਇਸਦੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਾਸਤੇ ਮਜ਼ਬੂਤ ਅਤੇ ਸਖ਼ਤ ਕਦਮ ਚੁੱਕੇ ਜਾਣ ਦੀ ਲੋਡ਼ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਐਲਾਨ ਤੋਂ ਬਾਅਦ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਆਮ ਲੋਕਾਂ ਲਈ ਕਠਿਨ ਸਮੱਸਿਆਵਾਂ ਪੈਦਾ ਕਰ ਰਹੀ ਨੋਟਬੰਦੀ ਅੱਤਵਾਦ ਵਰਗੀ ਗੰਭੀਰ ਸਮੱਸਿਆ ਦਾ ਹੱਲ ਕੱਢਣ ‘ਚ ਅਸਫਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਪੱਕੇ ਤੌਰ ‘ਤੇ ਅੱਤਵਾਦ ਤੇ ਕਾਲੇ ਧੰਨ ਦਾ ਖਾਤਮਾ ਕਰਨ ਸਬੰਧੀ ਤੈਅ ਟੀਚਿਆਂ ਦੀ ਪੂਰਤੀ ਕਰਨ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਇਸ ਦਿਸ਼ਾ ‘ਚ, ਰਾਤ ਭਰ ਅੰਦਰ 86 ਪ੍ਰਤੀਸ਼ਤ ਪੁਰਾਣੀ ਕਰੰਸੀ ਦੀ ਇਕ ਭਾਰੀ ਰਕਮ ‘ਤੇ ਠਹਿਰਾਅ ਲਗਾ ਦੇਣ ਵਾਲੀ ਨੋਟਬੰਦੀ ਦੇ ਬਾਵਜੂਦ ਸਰਹੱਦ ਪਾਰ ਤੋਂ ਘੁਸਪੈਠ ਦਾ ਜ਼ਾਰੀ ਰਹਿਣਾ, ਇਹ ਮੰਨਣ ਲਈ ਕਾਫੀ ਹੈ ਕਿ ਹਾਲੇ ਵੀ ਕਾਲਾ ਧੰਨ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ‘ਤੇ, ਸੂਬਾ ਕਾਂਗਰਸ ਪ੍ਰਧਾਨ ਨੇ ਲਗਾਤਾਰ ਫਡ਼ੀ ਜਾ ਰਹੀ ਵੱਡੀ ਮਾਤਰਾ ‘ਚ ਨਜ਼ਾਇਜ ਕਰੰਸੀ ਦੀਆਂ ਖ਼ਬਰਾਂ ਦਾ ਜ਼ਿਕਰ ਕੀਤਾ ਹੇ।
ਕੈਪਟਨ ਅਮਰਿੰਦਰ ਨੇ ਲੋਕਾਂ ਉਪਰ ਨਕਦੀ ਸਬੰਧੀ ਸੀਮਾਵਾਂ ਜ਼ਾਰੀ ਰੱਖਣ ‘ਤੇ ਵੀ ਸਵਾਲ ਕੀਤਾ ਹੈ ਤੇ ਜਾਣਨਾ ਚਾਹਿਆ ਹੈ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਮਿਹਨਤ ਨਾਲ ਕਮਾਏ ਧੰਨ ਤੋਂ ਵਾਂਝਾ ਕਰਨਾ, ਅੱਤਵਾਦ ਤੇ ਕਾਲੇ ਧੰਨ ਉਪਰ ਲਗਾਮ ਲਗਾਉਣ ‘ਚ ਕਿਵੇਂ ਸਰਕਾਰ ਦੀ ਸਹਾਇਤਾ ਕਰ ਰਿਹਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਵੱਲੋਂ ਉਕਤ ਸਕੀਮ ਦੀ ਸਫਲਤਾ ਬਾਰੇ ਇਨ੍ਹਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਵਾਸਤੇ ਵਾਰ ਵਾਰ ਤੱਥ ਤੇ ਅੰਕਡ਼ੇ ਸਾਹਮਣੇ ਲਿਆਉਣ ਦੀ ਮੰਗ ਕਰਨ ਦੇ ਬਾਵਜੂਦ, ਮੋਦੀ ਨੋਟਬੰਦੀ ਕਾਰਨ ਸਰਕਾਰੀ ਮਾਲੀਏ ‘ਚ ਆਉਣ ਵਾਲੇ ਕੁੱਲ ਕਾਲੇ ਧੰਨ ਦਾ ਖੁਲਾਸਾ ਕਰਨ ‘ਚ ਨਾਕਾਮ ਰਹੇ ਹਨ। ਉਨ੍ਹਾਂ ਨੇ ਕਿਹਾ ਕ ਿਇਸ ਤੋਂ ਪਤਾ ਚੱਲਦਾ ਹੈ ਕਿ ਨੋਟਬੰਦੀ ਕੋਈ ਵੀ ਸਾਕਾਰਾਤਮਕ ਨਤੀਜ਼ਾ ਕੱਢਣ ‘ਚ ਨਾਕਾਮ ਰਹੀ ਹੈ।
ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਉਪਰ ਸੱਤਾ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਰਾਹੀਂ ਆਪਣੇ ਨੋਟਬੰਦੀ ਦੇ ਗੈਰ ਸੰਗਠਿਤ ਕਦਮ ਰਾਹੀਂ ਦੇਸ਼ ਨੂੰ ਪੂਰੀ ਤਰ੍ਹਾਂ ਅਵਿਵਸਥਾ ‘ਚ ਧਕੇਲਣ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਕਈ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਇਹ ਕਦਮ ਚੁੱਕੇ ਜਾਣ ਨੂੰ 90 ਤੋਂ ਵੱਧ ਦਿਨ ਨਿਕਲ ਜਾਣ ਤੋਂ ਬਾਅਦ ਵੀ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਇਸ ਕਦਮ ਦੀ ਜ਼ਰੂਰਤ ਉਪਰ ਸਵਾਲ ਕੀਤਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਆਪਣੀਆਂ ਨੌਕਰੀਆਂ ਖੋਹ ਚੁੱਕੇ ਹਨ, ਛੋਟੇ ਬਿਜਨੇਸਾਂ ਨੂੰ ਬੰਦ ਹੋਣਾ ਪਿਆ ਹੈ ਅਤੇ ਨਿਵੇਸ਼ ਰੁੱਕ ਗਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕ ਮੋਦੀ ਨੂੰ ਇਹ ਕਦਮ ਚੁੱਕਣ ਤੋਂ ਪਹਿਲਾਂ ਇਸਦੇ ਫਾਇਦਿਆਂ ਤੇ ਨੁਕਸਾਨਾਂ ਬਾਰੇ ਅੰਦਾਜ਼ਾ ਲਗਾਉਣਾ ਚਾਹੀਦਾ ਸੀ ਜਾਂ ਘੱਟੋਂ ਘੱਟ ਐਲਾਨ ਤੋਂ ਕੁਝ ਦਿਨਾਂ ਤੇ ਹਫਤਿਆਂ ਤੋਂ ਬਾਅਦ ਇਸਦੇ ਪ੍ਰਭਾਵ ਕਾਰਨ ਪੈਦਾ ਹੋਏ ਸੰਕਟ ਉਪਰ ਧਿਆਨ ਦੇਣਾ ਚਾਹੀਦਾ ਸੀ।
ਜਿਸ ‘ਤੇ, ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਘਮੰਡ ਛੱਡ ਕੇ, ਨੋਟਬੰਦੀ ਨਾਲ ਪ੍ਰਭਾਵਿਤ ਦੇਸ਼ ਦੇ ਲੋਕਾਂ ਦੇ ਦੁੱਖਾਂ ਨੂੰ ਘੱਟ ਕਰਨ ਵਾਸਤੇ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਛੋਟੇ ਛੋਟੇ ਮੁੱਦਿਆਂ ਉਪਰ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ, ਉਨ੍ਹਾਂ ਦੀ ਨਾਸਮਝੀ ਵਾਲੀ ਨੀਤੀ ਕਾਰਨ ਪੈਦਾ ਹੋਈ ਸਥਿਤੀ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਸਦਾ ਹੱਲ ਕੱਢਣ ਦੀ ਦਿਸ਼ਾ ‘ਚ ਉਪਾਅ ਲੱਭਣੇ ਚਾਹੀਦੇ ਹਨ।