ਸਰਜੀਕਲ ਸਟ੍ਰਾਈਕ ਦੌਰਾਨ ਇਸ ਤਰ੍ਹਾਂ ਭਾਰਤੀ ਜਵਾਨਾਂ ਨੇ ਉਡਾਏ ਦੁਸ਼ਮਣਾਂ ਦੇ ਛੱਕੇ

ਨਵੀਂ ਦਿੱਲੀ— 18 ਸਤੰਬਰ ਨੂੰ ਹੋਏ ਉੜੀ ਹਮਲੇ ਦੇ ਜਵਾਬ ‘ਚ 28-29 ਸਤੰਬਰ ਨੂੰ ਭਾਰਤੀ ਫੌਜ ਦੇ ਜਵਾਨਾਂ ਵਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਵੜ੍ਹ ਕੇ ਕੀਤੇ ਗਏ ਸਰਜੀਕਲ ਸਟ੍ਰਾਈਕ ਦੀ ਪੂਰੀ ਕਹਾਣੀ ਹੁਣ ਪੂਰੀ ਤਰ੍ਹਾਂ ਸਾਹਮਣੇ ਆ ਗਈ ਹੈ। 26 ਜਨਵਰੀ ਨੂੰ ਸਰਕਾਰ ਨੇ ਉਨ੍ਹਾਂ ਜਵਾਨਾਂ ਨੂੰ ਸਨਮਾਨਿਤ ਕੀਤਾ, ਜੋ ਇਸ ਮਿਸ਼ਨ ‘ਚ ਸ਼ਾਮਲ ਹਨ। ਸੂਤਰਾਂ ਮੁਤਾਬਕ, ਭਾਰਤੀ ਜਵਾਨ ਸਰਜੀਕਲ ਸਟ੍ਰਾਈਕ ਨੂੰ ਅੰਜ਼ਾਮ ਦੇਣ ਤੋਂ 48 ਘੰਟੇ ਪਹਿਲਾਂ ਹੀ ਐੱਲ. ਓ. ਸੀ. ਨੂੰ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ‘ਚ ਵੜ੍ਹ ਚੁੱਕੇ ਸਨ ਤੇ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ। ਪਾਕਿਸਤਾਨੀ ਸਰਹੱਦ ‘ਚ ਵੜ੍ਹਣ ਤੋਂ ਬਾਅਦ ਉਨ੍ਹਾਂ ਅੱਤਵਾਦੀਆਂ ਦੇ ਲਾਂਚਿੰਗ ਪੈਡਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਇਨ੍ਹਾਂ ਨੇ ਦਿੱਤਾ ਮਹੱਤਵਪੂਰਨ ਯੋਗਦਾਨ
ਸਰਜੀਕਲ ਸਟ੍ਰਾਈਕ ‘ਚ 19 ਪੈਰਾ ਕਮਾਂਡੋਜ਼ ਦਾ ਮਹੱਤਵਪੂਰਨ ਯੋਗਦਾਨ ਰਿਹਾ ਸੀ। ਜਾਰੀ ਕੀਤੇ ਗਏ ਦਸਤਾਵੇਜਾਂ ‘ਚ ਸਰਜੀਕਲ ਸਟ੍ਰਾਈਕ ਦੌਰਾਨ ਕੀਤੀ ਗਈ ਸਾਰੀ ਕਾਰਵਾਈ ਦਾ ਬਿਓਰਾ ਹੈ। ਇਨ੍ਹਾਂ ‘ਚ 19 ਪੈਰਾ ਕਮਾਂਡੋਜ਼ ‘ਚ ਪੈਰਾ ਰੈਜ਼ੀਮੈਂਟ ਦੇ ਚੌਥੀ ਤੇ ਨੌਵੀਂ ਬਟਾਲੀਅਨ ਦੇ ਇਕ ਕਰਨਲ, ਦੋ ਕੈਪਟਨ, ਪੰਜ ਮੇਜਰ, ਇਕ ਸੂਬੇਦਾਰ, ਦੋ ਨਾਇਬ ਸੂਬੇਦਾਰ, ਤਿੰਨ ਹਵਲਦਾਰ, ਇਕ ਲਾਂਸ ਨਾਇਕ ਤੇ ਚਾਰ ਪੈਰਾਟੂਪਰਜ਼ ਨੇ ਮਿਲ ਕੇ ਇਸ ਮਿਸ਼ਨ ਨੂੰ ਅੰਜ਼ਾਮ ਦਿੱਤਾ ਸੀ।
ਇਕ ਦਿਨ ਪਹਿਲਾਂ ਹੀ ਕਰ ਲਈ ਸੀ ਪਾਕਿ ‘ਚ ਐਂਟਰੀ
ਟੀਮ ‘ਚ ਸ਼ਾਮਲ ਰਹੇ ਨਾਇਬ ਸੂਬੇਦਾਰ ਵਿਜੇ ਕੁਮਾਰ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਐਂਟਰੀ ਕਰ ਚੁੱਕੇ ਸਨ। ਉਨ੍ਹਾਂ ਨੇ ਉੱਥੇ ਪਹੁੰਚ  ਕੇ ਅੱਤਵਾਦੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਤੇ ਸਰਜੀਕਲ ਸਟ੍ਰਾਈਕ ਦੌਰਾਨ ਅੱਤਵਾਦੀਆਂ ਦੇ ਲਾਂਚ ਪੈਡ ‘ਤੇ ਜੰਮ ਕੇ ਗੋਲੀਬਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕੀਤਾ। ਸਰਜੀਕਲ ਸਟ੍ਰਾਈਕ ‘ਚ ਭੇਜੀ ਗਈ ਟੀਮ ‘ਚ ਫੌਜ ਦੇ ਸ਼ਾਰਪ ਸ਼ੂਟਰ ਸ਼ਾਮਲ ਸਨ। ਉੱਥੇ ਹੀ ਪੂਰੇ ਮਿਸ਼ਨ ‘ਤੇ ਪੈਨੀ ਨਜ਼ਰ ਵੀ ਰੱਖੀ ਜਾ ਰਹੀ ਸੀ, ਜਿਸ ਲਈ ਮਾਨਵ ਰਹਿਤ ਜਹਾਜ਼ਾਂ ਦੀ ਵਰਤੋਂ ਕੀਤੀ ਗਈ।
28 ਤੇ 29 ਦਸੰਬਰ ਦੀ ਦਰਮਿਆਨੀ ਰਾਤ ਨੂੰ ਮੇਜਰ ਰੋਹਿਤ ਸੂਰੀ ਦੀ ਅਗਵਾਈ ‘ਚ 8 ਕਮਾਂਡੋਜ਼ ਦੀ ਇਕ ਟੀਮ ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ ਰਵਾਨਾ ਹੋਈ। ਮੇਜਰ ਸੂਰੀ ਦੀ ਟੀਮ ਨੇ ਪਹਿਲਾਂ ਇਲਾਕੇ ਦੀ ਰੇਕੀ ਕੀਤੀ। ਸੂਰੀ ਤੇ ਉਨ੍ਹਾਂ ਦੇ ਸਾਥੀ ਟਾਰਗੇਟ ਦੇ 50 ਮੀਟਰ ਦੇ ਦਾਇਰੇ ਦੇ ਅੰਦਰ ਤੱਕ ਪਹੁੰਚ ਗਏ ਤੇ ਉੱਥੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸੇ ਦੌਰਾਨ ਮੇਜਰ ਸੂਰੀ ਨੇ ਜੰਗਲਾਂ ‘ਚ ਹਲਚਲ ਦੇਖੀ, ਜਿੱਥੇ ਦੋ ਜਿਹਾਦੀ ਮੌਜੂਦ ਸਨ। ਉਨ੍ਹਾਂ ਨੇ ਆਪਣੀ ਸੈਫਟੀ ਦਾ ਪਰਵਾਹ ਨਾ ਕਰਦਿਆਂ ਉਨ੍ਹਾਂ ਨੂੰ ਨਜ਼ਦੀਕ ਜਾ ਕੇ ਢੇਰ ਕਰ ਦਿੱਤਾ।
ਇਕ ਜਵਾਨ ਹੋਇਆ ਸੀ ਜ਼ਖਮੀ
ਇਸ ਆਪਰੇਸ਼ਨ ਦੌਰਾਨ ਕਿਸੇ ਵੀ ਭਾਰਤੀ ਫੌਜੀ ਨੂੰ ਆਪਣੀ ਸ਼ਹਾਦਤ ਨਹੀਂ ਦੇਣੀ ਪਈ। ਹਾਲਾਂਕਿ, ਨਿਗਰਾਨੀ ਕਰਨ ਵਾਲੀ ਟੀਮ ਦਾ ਇਕ ਪੈਰਾਟੂਪਰ ਆਪਰੇਸ਼ਨ ਦੌਰਾਨ ਜ਼ਖਮੀ ਹੋ ਗਿਆ। ਉਸ ਨੇ ਦੇਖਿਆ ਕਿ ਦੋ ਅੱਤਵਾਦੀ ਹਮਲਾ ਕਰਨ ਵਾਲੀ ਇਕ ਟੀਮ ਵਲ ਵਧ ਰਹੇ ਹਨ। ਪੈਰਾਟੂਪਰ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਗਲਤੀ ਨਾਲ ਉਸ ਦਾ ਪੈਰ ਇਕ ਸੁਰੰਗ ‘ਚ ਪੈ ਗਿਆ ਤੇ ਉਹ ਜ਼ਖਮੀ ਹੋ ਗਿਆ। ਆਪਣੀ ਪਰਵਾਹ ਨਾ ਕਰਦਿਆਂ ਉਸ ਨੇ ਇਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ।
ਗਣਤੰਤਰ ਦਿਵਸ ਮੌਕੇ ਮਿਲਿਆ ਸਨਮਾਨ
26 ਜਨਵਰੀ ਗਣਤੰਤਰ ਦਿਵਸ ਮੌਕੇ ਸਰਜੀਕਲ ਸਟ੍ਰਾਈਕ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਫੌਜ ਦੀ ਵਿਸ਼ੇਸ਼ ਇਕਾਈ 4 ਤੇ 9 ਦੇ 19 ਫੌਜੀਆਂ ਨੂੰ ਕੀਰਤੀ ਚੱਕਰ ਸਮੇਤ ਵੀਰਤਾ ਪੁਰਸਕਾਰ ਨਾਲ ਨਵਾਜਿਆ ਗਿਆ, ਜਦਕਿ ਉਨ੍ਹਾਂ ਦੇ ਕਮਾਂਡਿੰਗ ਅਫ਼ਸਰਾਂ ਨੂੰ ਜੰਗ ਸੇਵਾ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਟੀਮ ਦੀ ਅਗਵਾਈ ਕਰਨ ਵਾਲੇ 4 ਪੈਰਾ ਦੇ ਮੇਜਰ ਰੋਹਿਤ ਸੂਰੀ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ, ਜੋ ਸ਼ਾਂਤੀ ਕਾਲ ਦੌਰਾਨ ਦੂਜਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਹੈ।

LEAVE A REPLY