ਛੋਟੇਪੁਰ ਦੀ ਸੁਸ਼ਮਾ ਸਵਰਾਜ ਨੂੰ ਅਪੀਲ , ਬਠਿੰਡਾ ‘ਚ ਪਾਸਪੋਰਟ ਦਫਤਰ ਖੋਲ੍ਹਣ ਦੀ ਕੀਤੀ ਮੰਗ

ਬਠਿੰਡਾ  – ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਬਠਿੰਡਾ ਵਿਚ ਪਾਸਪੋਰਟ ਦਫਤਰ ਖੋਲ੍ਹਿਆ ਜਾਵੇ। ਉਨ੍ਹਾਂ ਤਰਕ ਦਿੱਤਾ ਕਿ ਬਠਿੰਡਾ ਵਿਚ ਘਰੇਲੂ ਹਵਾਈ ਅੱਡਾ ਖੁੱਲ੍ਹ ਚੁੱਕਾ ਹੈ ਜਦਕਿ ਪਾਸਪੋਰਟ ਲਈ ਲੋਕਾਂ ਨੂੰ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ ਤੇ ਅੰਬਾਲਾ ਧੱਕੇ ਖਾਣੇ ਪੈਂਦੇ ਹਨ। ਬਠਿੰਡਾ ਮਾਲਵਾ ਦਾ ਕੇਂਦਰ ਹੈ, ਜਿਸ ਨਾਲ ਫਿਰੋਜ਼ਪੁਰ, ਮੁਕਤਸਰ, ਮੋਗਾ, ਮਾਨਸਾ, ਫਰੀਦਕੋਟ, ਬਰਨਾਲਾ, ਰਾਮਪੁਰਾ, ਮੌੜ, ਡੱਬਵਾਲੀ ਆਦਿ ਸ਼ਹਿਰਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਅਜੇ ਤੱਕ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਘੱਟ ਤੋਂ ਘੱਟ 250 ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ। ਜੇਕਰ ਇਥੇ ਪਾਸਪੋਰਟ ਦਫਤਰ ਖੋਲ੍ਹਿਆ ਜਾਵੇ ਤਾਂ ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਮਾਲਵਾ ਨੂੰ ਜ਼ਿਆਦਾ ਫਾਇਦਾ ਹੋਵੇਗਾ। ਸੁੱਚਾ ਸਿੰਘ ਛੋਟੇਪੁਰ ਨੇ ਭਰੋਸਾ ਦਿੱਤਾ ਕਿ ਕੇਂਦਰੀ ਵਿਦੇਸ਼ ਮੰਤਰੀ ਉਨ੍ਹਾਂ ਦੀ ਅਪੀਲ ਨੂੰ ਮੰਨਦੇ ਹੋਏ ਜਲਦ ਹੀ ਪਾਸਪੋਰਟ ਦਫਤਰ ਖੋਲ੍ਹਣ ਦੀ ਇਜਾਜ਼ਤ ਦੇਣਗੇ। ਉਨ੍ਹਾਂ ਕਿਹਾ ਕਿ ਮਾਲਵਾ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿਚ ਜਾਣ ਲਈ ਤਿਆਰ ਰਹਿੰਦੇ ਹਨ ਪਰ ਪਾਸਪੋਰਟ ਦੇ ਕਾਰਨ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੁੰਦੀ। ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾ ਜਤਿੰਦਰ ਰਾਏ ਖੱਟੜ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰਾਲਾ ਨੂੰ 5 ਸਾਲ ਪਹਿਲਾਂ ਹੀ ਇਹ ਪਾਸਪੋਰਟ ਦਫਤਰ ਖੋਲ੍ਹਣਾ ਚਾਹੀਦਾ ਸੀ।

LEAVE A REPLY