ਉਡਾਣ

ਜ਼ਿੰਦਗੀ ਦੇ ਸੱਠ ਸਾਲ ਪੂਰੇ ਹੋਣ ਤੋਂ ਬਾਅਦ ਜਗੀਰੋ ਅੱਜ ਪਹਿਲੀ ਵਾਰ ਆਪਣੇ ਜ਼ਿਲ੍ਹੇ ਤੋਂ ਬਾਹਰ ਨਿਕਲੀ ਸੀ। ਇਸ ਤੋਂ ਪਹਿਲਾਂ ਤਾਂ ਉਹ ਆਪਣੇ ਪਿੰਡ ਜਾਂ ਪੇਕੇ ਪਿੰਡ ਤਕ ਹੀ ਸੀਮਿਤ ਸੀ। ਇਹ ਦੋਵੇਂ ਪਿੰਡ ਵੀ ਇੱਕ-ਦੂਜੇ ਤੋਂ ਮਸਾਂ ਦਸ ਮੀਲ ਦੀ ਦੂਰੀ ‘ਤੇ ਹੀ ਸਨ। ਕਾਰ ਦੀ ਖਿੜਕੀ ਵਿੱਚੋਂ ਬਾਹਰ ਝਾਕਦਿਆਂ ਦੂਰ-ਦੂਰ ਤਕ ਫ਼ੈਲੇ ਹਰੇ-ਭਰੇ ਖੇਤ, ਨਦੀਆਂ, ਰਾਹ ਵਿੱਚ ਆਉਂਦੀਆਂ ਬਹੁ-ਮੰਜ਼ਿਲਾ ਇਮਾਰਤਾਂ, ਵੰਨ-ਸੁਵੰਨੀਆਂ ਕਾਰਾਂ, ਖੁੱਲ੍ਹੀਆਂ ਸੜਕਾਂ ਆਦਿ ਸਭ ਕੁਝ ਜਗੀਰੋ ਨੂੰ ਵਿਸਮਿਤ ਤੇ ਆਕਰਸ਼ਿਤ ਕਰ ਰਿਹਾ ਸੀ। ਉਸ ਨੂੰ ਬਾਹਰ ਟਿਕਟਿਕੀ ਲਗਾਏ ਵੇਖਦਿਆਂ ਕਰਨੈਲ ਨੇ ਕਿਹਾ, “ਭਾਬੀ, ਭਾਰਤ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਕੈਨੇਡਾ ਦੀਆਂ ਰੀਸਾਂ ਨ੍ਹੀਂ ਤੂੰ ਸਾਰਾ ਕੁਝ ਹੁਣ ਜਾ ਕੇ ਅੱਖੀਂ ਦੇਖ ਲਵੇਂਗੀ। ਅਸੀਂ ਐਵੇਂ ਯੱਕੜ ਨਹੀਂ ਤੋਲਦੇ।”
ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਕੇ ਤਾਂ ਜਗੀਰੋ ਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਉਸ ਦਾ ਆਪਣਾ ਹੀ ਦੇਸ਼ ਹੈ ਸਭ ਕੁਝ ਅਨੁਸ਼ਾਸਨ ਵਿੱਚ ਨਾ ਕੋਈ ਧੱਕਾ-ਮੁੱਕੀ ਨਾ ਸ਼ੋਰ-ਸ਼ਰਾਬਾ, ਸਭ ਕੁਝ ਸ਼ਾਂਤ ਜਿਹਾ ਉਸ ਨੇ ਦੇਖਿਆ ਕਿ ਇਹ ਜ਼ਿਆਦਾ ਕਰਕੇ ਉਹੀ ਲੋਕ ਹਨ ਜੋ ਬੱਸ ਚੜ੍ਹਨ ਲਈ ਵੀ ਧੱਕਾ-ਮੁੱਕੀ ਕਰਨੋਂ ਬਾਜ਼ ਨਹੀਂ ਆਉਂਦੇ ਅਤੇ ਹਵਾਈ ਅੱਡੇ ‘ਤੇ ਆਉਂਦੇ ਹੀ ਕਿਵੇਂ ਬੀਬੇ ਬਣੇ ਬੈਠੇ ਹਨ, ਅਜੇ ਤਾਂ ਕੈਨੇਡਾ ਦਾ ਜਹਾਜ਼ ਵੀ ਨਹੀਂ ਚੜ੍ਹੇ। ‘ਇਹ ਕੈਨੇਡਾ ਪਹੁੰਚ ਕੇ ਤਾਂ ਆਪੇ ਹੀ ਮੋਮ ਬਣ ਜਾਣਗੇ। ਮਨੁੱਖ ਕਿੰਨਾ ਬਹੁਰੂਪੀਆ ਹੈ ਜੋ ਆਪਣੇ ਨਾਲ ਹੀ ਛਲਾਵਾ ਕਰਦਾ ਰਹਿੰਦਾ ਹੈ।’ ਜਗੀਰੋ ਨੇ ਮਨ ਹੀ ਮਨ ਸੋਚਿਆ। ਉਹ ਕਠਪੁਤਲੀ ਬਣੀ ਕਰਨੈਲ ਦੇ ਨਾਲ-ਨਾਲ ਘੁੰਮ ਰਹੀ ਸੀ। ਉਹ ਸੋਚ ਰਹੀ ਸੀ: ਜੇ ਕਰਨੈਲ ਨਾਲ ਨਾ ਹੁੰਦਾ ਤਾਂ ਉਸ ਨੂੰ ਦਿੱਲੀ ਪਹੁੰਚਣਾ ਹੀ ਮੁਸ਼ਕਿਲ ਸੀ, ਕੈਨੇਡਾ ਤਾਂ ਬਹੁਤ ਦੂਰ ਦੀ ਗੱਲ ਹੁੰਦੀ। ਹਰਜੀਤ ਨੇ ਸਿਆਣਪ ਕੀਤੀ ਜੋ ਮੇਰਾ ਪ੍ਰੋਗਰਾਮ ਕਰਨੈਲ ਨਾਲ ਬਣਾਇਆ। ਕਰਨੈਲ ਹਰ ਸਾਲ ਆਪਣੇ ਪਿਓ ਦੀ ਬਰਸੀ ‘ਤੇ ਪਿੰਡ ਆਉਂਦਾ-ਜਾਂਦਾ ਰਹਿੰਦਾ ਹੈ। ਛੋਟੇ ਹੁੰਦੇ ਨੂੰ ਹੀ ਉਹਦੀ ਭੂਆ ਕੈਨੇਡਾ ਲੈ ਗਈ ਸੀ ਪਰ ਕਰਨੈਲ ਬਿਲਕੁਲ ਨਹੀਂ ਬਦਲਿਆ ਹੈ। ਪਿੰਡ ਹੁੰਦਾ ਹੈ ਤਾਂ ਲੱਗਦੈ ਉਹ ਮੁੱਦਤਾਂ ਤੋਂ ਇਸੇ ਪਿੰਡ ਵਿੱਚ ਹੀ ਰਹਿ ਰਿਹਾ ਹੈ। ਅੰਗਰੇਜ਼ਾਂ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਦਾ ਉਹ ਪੱਕਾ ਅੰਗਰੇਜ਼ ਲੱਗਦਾ ਹੈ। ਜਗੀਰੋ ਹਰਜੀਤ ਬਾਰੇ ਸੋਚਣ ਲੱਗੀ: ਉਹ ਵੀ ਤਾਂ ਹੁਣ ਇਉਂ ਹੀ ਪਟਰ-ਪਟਰ ਅੰਗਰੇਜ਼ੀ ਬੋਲਦਾ ਹੋਣੈ ਬਹੂ ਦਾ ਤਾਂ ਪਤਾ ਨਹੀਂ, ਪੰਜਾਬੀ ਵੀ ਬੋਲਦੀ ਹੈ ਕਿ ਨਹੀਂ ਕੈਨੇਡਾ ਦੀ ਹੀ ਜੰਮਪਲ ਹੈ। ਉਸ ਦੀਆਂ ਸੋਚਾਂ ਦੀ ਲੜੀ ਨੂੰ ਤੋੜਦਿਆਂ ਕਰਨੈਲ ਨੇ ਕਿਹਾ, “ਭਾਬੀ, ਹੁਣ ਅਸੀਂ ਜਹਾਜ਼ ਵਿੱਚ ਬੈਠਣ ਲਈ ਜਾ ਰਹੇ ਹਾਂ।”
ਜਹਾਜ਼ ਵਿੱਚ ਬੈਠ ਕੇ ਜਗੀਰੋ ਨੂੰ ਡਰ ਲੱਗ ਰਿਹਾ ਸੀ। ਉਹਨੂੰ ਡਰੀ ਦੇਖ ਕੇ ਕਰਨੈਲ ਨੇ ਕਿਹਾ, “ਭਾਬੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਕਦੋਂ ਤੁਸੀਂ ਬੱਦਲਾਂ ਨੂੰ ਚੀਰਦੇ ਹੋਏ ਹਜ਼ਾਰਾਂ ਫ਼ੁੱਟ ਉੱਚੇ ਉੱਡ ਰਹੇ ਹੋਣੈ।” ਉਸ ਦੀ ਸੀਟ-ਬੈਲਟ ਬੰਨ੍ਹਦਿਆਂ ਕਰਨੈਲ ਨੇ ਕਿਹਾ, “ਹੁਣ ਤੁਸੀਂ ਆਰਾਮ ਨਾਲ ਬੈਠ ਕੇ ਬਾਹਰ ਦੇ ਨਜ਼ਾਰੇ ਦੇਖਣਾ।” ਜਗੀਰੋ ਨੂੰ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਹੋਰ ਹੀ ਦੁਨੀਆਂ ਵਿੱਚ ਪਹੁੰਚ ਗਈ ਹੋਵੇ। ਗੋਰੀਆਂ-ਨਿਛੋਹ ਛਮਕ ਜਿਹੀਆਂ ਮੇਮਾਂ ਟਰੇਆਂ ਚੁੱਕੀ ਸਭ ਦੀ ਸੇਵਾ ਕਰ ਰਹੀਆਂ ਸਨ। ਉਹਦੇ ਲਈ ਇਹ ਸਾਰਾ ਕੁਝ ਹੈਰਾਨ ਕਰ ਦੇਣ ਵਾਲਾ ਸੀ। ਉਹ ਫ਼ਿਰ ਆਪਣੀਆਂ ਹੀ ਸੋਚਾਂ ਵਿੱਚ ਗੁਆਚ ਗਈ: ਕਿੰਨਾ ਚੰਗਾ ਹੁੰਦਾ, ਜੇ ਅੱਜ ਹਰਜੀਤ ਦਾ ਬਾਪੂ ਜਿਉਂਦਾ ਹੁੰਦਾ ਪਰ ਉਹ ਵਿੱਚਾਰਾ ਤਾਂ ਪੁੱਤ ਨੂੰ ਕੈਨੇਡਾ ਦੇ ਜਹਾਜ਼ ਬਿਠਾਉਣ ਬਦਲੇ ਆਪਣੀ ਜਾਨ ਗੁਆ ਬੈਠਾ ਉਸ ਨੇ ਤਾਂ ਕਦੇ ਸੁੱਖ ਦਾ ਸਾਹ ਨਹੀਂ ਲਿਆ ਸੀ। ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਉਹਦੀ ਕਿੰਨੀ ਰੀਝ ਸੀ ਕਿ ਕਦੇ ਦਿੱਲੀ ਜਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਮੱਥਾ ਟੇਕੇ। ਉਹ ਵਿੱਚਾਰਾ ਕਦੇ ਦਿੱਲੀ ਤਕ ਨਹੀਂ ਪਹੁੰਚ ਸਕਿਆ। ਇਹ ਸਭ ਯਾਦ ਕਰਦਿਆਂ ਜਗੀਰੋ ਦੇ ਹੰਝੂਆਂ ਦੀ ਝੜੀ ਲੱਗ ਗਈ। ਉਸ ਨੇ ਆਪਣੀ ਚੁੰਨੀ ਨਾਲ ਪੂਰਾ ਮੂੰਹ ਢੱਕ ਲਿਆ ਕਿ ਕਰਨੈਲ ਸਮਝੇ ਸੁੱਤੀ ਪਈ ਏ। ਪਰ ਜਗੀਰੋ ਨੂੰ ਨੀਂਦ ਕਿੱਥੋਂ?
ਅਜੇ ਸੱਤ ਸਾਲ ਪਹਿਲਾਂ ਦੀ ਗੱਲ ਹੈ ਪਰ ਇਉਂ ਲੱਗਦਾ ਹੈ ਜਿਵੇਂ ਮੁੱਦਤਾਂ ਬੀਤ ਗਈਆਂ ਹੋਣ ਹਰਜੀਤ ਨੇ ਜ਼ਿੱਦ ਫ਼ੜ ਲਈ ਸੀ ਕਿ ਮੈਂ ਪਿੰਡ ਨਹੀਂ ਰਹਿਣਾ ਕੋਈ ਕੰਮ-ਕਾਰ ਤਾਂ ਹੈ ਨਹੀਂ ਖੇਤੀ ਮੈਂ ਕਰਨੀ ਨਹੀਂ ਨੌਕਰੀ ਮਿਲਦੀ ਨਹੀਂ, ਬਸ ਮੈਨੂੰ ਤਾਂ ਕੈਨੇਡਾ ਭੇਜ ਦੇਵੋ ਮੇਰੇ ਕਈ ਯਾਰ-ਬੇਲੀ ਉੱਥੇ ਬੁੱਲ੍ਹੇ ਲੁੱਟਦੇ ਪਏ ਨੇ ਤੇ ਮੈਂ ਇੱਥੇ। ਪਿਓ ਨੇ ਬਥੇਰਾ ਸਮਝਾਇਆ, ਸਾਡੇ ਕੋਲ ਇੰਨੇ ਪੈਸੇ ਨਹੀਂ। ਅਸੀਂ ਤਾਂ ਖੇਤੀ ਵਿੱਚੋਂ ਮਸਾਂ ਗੁਜ਼ਾਰਾ ਕਰਦੇ ਹਾਂ, ਲੱਖਾਂ ਰੁਪਏ ਕਿੱਥੋਂ ਲਿਆਈਏ? ਅੱਗੋਂ ਹਰਜੀਤ ਨੇ ਛਿੱਥੇ ਪੈਂਦਿਆਂ ਕਿਹਾ ਸੀ, ਜੇ ਗੁਜ਼ਾਰਾ ਮਸੀਂ ਹੁੰਦਾ ਹੈ ਤੇ ਵੇਚ ਕਿਉਂ ਨਹੀਂ ਦਿੰਦੇ ਜ਼ਮੀਨ? ਇਹ ਵੀ ਕੋਈ ਜ਼ਿੰਦਗੀ ਹੋਈ ਕਿ ਪੈਸੇ-ਪੈਸੇ ਨੂੰ ਤਰਸੀ ਜਾਓ। ਇੱਕੇਰਾਂ ਦਸ ਲੱਖ ਦਾ ਇੰਤਜ਼ਾਮ ਕਰ ਦਿਓ। ਫ਼ਿਰ ਦੇਖੋ ਸਾਲ ਵਿੱਚ ਹੀ ਦਸ ਲੱਖ ਕਮਾ ਕੇ ਭੇਜ ਦਿਆਂਗਾ। ਇਹ ਸੁਣ ਕੇ ਸੱਜਣ ਸਿੰਘ ਖ਼ੂਨ ਦੇ ਘੁੱਟ ਪੀ ਕੇ ਰਹਿ ਗਿਆ ਤੇ ਬੋਲਿਆ, “ਕੋਹੜਿਆ, ਕੋਈ ਮਾਂ ਨੂੰ ਵੀ ਵੇਚਦਾ ਏ? ਫ਼ਿਰ ਪਿਉ-ਦਾਦਿਆਂ ਦੀ ਨਿਸ਼ਾਨੀ ਏ, ਕਿੰਨੀਆਂ ਮਿਹਨਤਾਂ ਮਜ਼ਦੂਰੀਆਂ ਨਾਲ ਉਨ੍ਹਾਂ ਨੇ ਬੰਜਰ ਧਰਤੀ ਨੂੰ ਵਾਹੀ-ਯੋਗ ਬਣਾਇਆ ਹੈ। ਉਨ੍ਹਾਂ ਨੇ ਖ਼ੂਨ-ਪਸੀਨਾ ਇੱਕ ਕਰ ਦਿੱਤਾ, ਤੂੰ ਕਹਿੰਦਾ ਹੈਂ ਜ਼ਮੀਨ ਵੇਚ ਦਿਓ, ਮੇਰੇ ਜਿਉਂਦੇ-ਜੀਅ ਇਹ ਨਹੀਂ ਹੋ ਸਕਦਾ। ਜ਼ਮੀਨ ਤਾਂ ਕਿਸਾਨ ਦੀ ਮਾਂ ਹੁੰਦੀ ਹੈ, ਤੈਨੂੰ ਕੀ ਪਤੈ?” “ਹਾਂ-ਹਾਂ ਮੈਨੂੰ ਤਾਂ ਕੁਝ ਵੀ ਨਹੀਂ ਪਤਾ,” ਕਹਿੰਦਾ ਹਰਜੀਤ ਬੁੜਬੁੜ ਕਰਦਾ ਬਾਹਰ ਨਿਕਲ ਗਿਆ। ਕਈ ਦਿਨ ਪਿਉ-ਪੁੱਤ ਨੇ ਆਪਸ ਵਿੱਚ ਗੱਲ ਨਾ ਕੀਤੀ। ਹਰਜੀਤ ਸਾਰਾ  ਦਿਨ ਬਾਹਰ ਘੁੰਮਦਾ ਰਹਿੰਦਾ। ਜਗੀਰੋ ਪਿਉ-ਪੁੱਤ ਦੇ ਕਲੇਸ਼ ਵਿੱਚ ਪਿਸ ਰਹੀ ਸੀ। ਕਈ ਵਾਰੀ ਉਹਨੂੰ ਵੀ ਹਰਜੀਤ ਦੀ ਗੱਲ ਠੀਕ ਲੱਗਦੀ ਕਿ ਅੱਜਕੱਲ੍ਹ ਖੇਤੀ ਵਿੱਚੋਂ ਕੀ ਮਿਲਦਾ ਹੈ? ਸਾਰਾ ਦਿਨ ਮਿੱਟੀ ਵਿੱਚ ਮਿੱਟੀ ਹੋਈਦਾ ਹੈ ਨਾ ਚੰਗਾ ਖਾਇਆ ਨਾ ਹੰਢਾਇਆ। ਪਹਿਲਾਂ ਤਾਂ ਨਨਾਣ ਤੇ ਦਿਉਰਾਂ ਦੇ ਵਿਆਹਾਂ ਦਾ ਕਰਜ਼ਾ ਬੜੀ ਮੁਸ਼ਕਿਲ ਉਤਾਰਿਆ ਹੈ। ਵਿਆਹ ਹੁੰਦੇ ਹੀ ਦਿਉਰਾਂ ਨੇ ਆਪਣੇ-ਆਪਣੇ ਹਿੱਸੇ ਦੀ ਜ਼ਮੀਨ ਵੰਡਾ ਲਈ। ਹਿੱਸੇ ਦਾ ਡੇਢ ਕਿੱਲਾ ਹੀ ਤਾਂ ਹੈ, ਕੀ ਬਣਦਾ ਹੈ? ਜੇ ਵੱਡਾ ਟੱਬਰ ਹੁੰਦਾ ਤਾਂ ਫ਼ਾਕੇ ਕੱਟਦੇ ਅਜੇ ਤਾਂ ਸਿਰਫ਼ ਤਿੰਨ ਜੀਅ ਹਾਂ। ਫ਼ਿਰ ਸੋਚ ਆਉਂਦੀ ਜੇ ਹਰਜੀਤ ਖਿੱਝ ਕੇ ਨਸ਼ੇ-ਪੱਤੇ ਕਰਨ ਲੱਗ ਗਿਆ ਤਾਂ ਮੇਰੀ ਦੁਨੀਆਂ ਹੀ ਹਨੇਰੀ ਹੋ ਜਾਊ।  ਸੁੱਖ ਨਾਲ ਇੱਕ ਹੀ ਤਾਂ ਪੁੱਤ ਹੈ। ਇਸੇ ਸੋਚ ਨਾਲ ਹੀ ਜਗੀਰੋ ਸਹਿਮੀ ਰਹਿੰਦੀ। ਇੱਕ ਦਿਨ ਜਗੀਰੋ ਨੇ ਸੱਜਣ ਨੂੰ ਸਮਝਾਇਆ ਕਿ ਜੇ ਪੁੱਤ ਹੀ ਹੱਥੋਂ ਚਲਾ ਗਿਆ ਤਾਂ ਜ਼ਮੀਨ ਕਿਸ ਭਾਅ? ਜੁਆਨ ਪੁੱਤ ਹੈ, ਕੋਈ ਅਭੀ-ਨਬੀ ਨਾ ਹੋ ਜਾਏ? ਤੁਸੀਂ ਜ਼ਮੀਨ ਗਹਿਣੇ ਰੱਖ ਦਿਉ। ਸਾਲ ਬਾਅਦ ਗਹਿਣਿਓਂ ਛੁਡਾ ਲਵਾਂਗੇ। ਕੁਝ ਸੋਚਦਾ ਹਾਂ, ਕਹਿ ਕੇ ਸੱਚਣ ਸਿੰਘ ਗੰਭੀਰ ਹੋ ਗਿਆ। ਜਦੋਂ ਦੇਰ ਰਾਤ ਹਰਜੀਤ ਘਰ ਆਇਆ ਤਾਂ ਜਗੀਰੋ ਨੇ ਦੱਸਿਆ ਕਿ ਤੇਰਾ ਬਾਪੂ ਜ਼ਮੀਨ ਗਹਿਣੇ ਰੱਖ ਕੇ ਰੁਪਿਆਂ ਦਾ ਇੰਤਜ਼ਾਮ ਕਰ ਦੇਵੇਗਾ। ਹਰਜੀਤ ਸੁਣ ਕੇ ਫ਼ੁੱਲਿਆ ਨਾ ਸਮਾਇਆ। ਕਹਿਣ ਲੱਗਿਆ, “ਬੇਬੇ ਮੈਂ ਤਾਂ ਹਮੇਸ਼ਾਂ ਇਹੀ ਕਹਿੰਦਾ ਰਿਹਾ ਹਾਂ ਪਈ ਇੱਕ ਵਾਰ ਕੈਨੇਡਾ ਪਹੁੰਚ ਜਾਵਾਂ, ਲਹਿਰਾਂ-ਬਹਿਰਾਂ ਕਰ ਦਿਆਂਗਾ।” ਹਰਜੀਤ ਰੋਟੀ ਖਾ ਕੇ ਸੁਪਨਿਆਂ ਦੀ ਦੁਨੀਆਂ ਵਿੱਚ ਖੋ ਗਿਆ। ਜਗੀਰੋ ਨੂੰ ਨੀਂਦ ਨਹੀਂ ਆ ਰਹੀ ਸੀ। ਭਾਵੇਂ ਉਹਨੇ ਸੱਜਣ ਨੂੰ ਕਹਿ ਦਿੱਤਾ ਸੀ ਕਿ ਜ਼ਮੀਨ ਗਹਿਣੇ ਪਾ ਦੇਵੇ ਪਰ ਉਹਦੇ ਕਲੇਜੇ ਦਾ ਰੁੱਗ ਭਰਿਆ ਗਿਆ ਸੀ। ਸੋਚ ਰਹੀ ਸੀ ਨਾ ਜਾਣੇ ਹਰਜੀਤ ਜਾ ਕੇ ਇੰਨੇ ਪੈਸੇ ਨਾ ਭੇਜ ਸਕਿਆ ਤਾਂ ਇੱਕਰਾਰਨਾਮੇ ਮੁਤਾਬਕ ਜ਼ਮੀਨ ਵੀ ਖੁੱਸ ਜਾਏਗੀ। ਫ਼ਿਰ ਡਰ ਨਾਲ ਵਾਖਰੂ-ਵਾਖਰੂ ਕਰਦੀ ਨੂੰ ਪਤਾ ਨਹੀਂ ਨੀਂਦ ਨੇ ਕਦੋਂ ਆਪਣੇ ਆਗੋਸ਼ ਵਿੱਚ ਲੈ ਲਿਆ ਸੀ।
ਕੁਝ ਦਿਨਾਂ ਬਾਅਦ ਸੱਜਣ ਸਿੰਘ ਨੇ ਦੋ ਸਾਲ ਲਈ ਜ਼ਮੀਨ ਗਹਿਣੇ ਰੱਖ ਕੇ ਦਸ ਲੱਖ ਰੁਪਏ ਲਿਆ ਦਿੱਤੇ ਸਨ। ਹਰਜੀਤ ਨੇ ਜਿਸ ਏਜੰਟ ਨਾਲ ਗੱਲਬਾਤ ਗੰਢੀ ਹੋਈ ਸੀ, ਉਸ ਨੂੰ ਦਸ ਲੱਖ ਦੇ ਕੇ ਉਸ ਰਾਹੀਂ ਕੈਨੇਡਾ ਪਹੁੰਚ ਹੀ ਗਿਆ। ਉਸ ਨੇ ਜਾ ਕੇ ਇੱਕ ਵਾਰ ਫ਼ੋਨ ਕੀਤਾ ਸੀ ਕਿ ਤੁਸੀਂ ਫ਼ਿਕਰ ਨਹੀਂ ਕਰਨਾ, ਦਿਨ ਰਾਤ ਇੱਕ ਕਰ ਕੇ ਮੈਂ ਸਾਲ ਵਿੱਚ ਹੀ ਜ਼ਮੀਨ ਛੁਡਾ ਲਵਾਂਗਾ। ਉਸ ਤੋਂ ਬਾਅਦ ਕਦੇ ਫ਼ੋਨ ਨਹੀਂ ਆਇਆ। ਸਾਲ ਬਾਅਦ ਕਰਨੈਲ ਨੇ ਆ ਕੇ ਦੱਸਿਆ ਸੀ ਕਿ ਹਰਜੀਤ ਗੋਰੇ ਦੇ ਫ਼ਾਰਮਾਂ ਵਿੱਚ ਗੁਡਾਈ ਤੇ ਤੋੜਾਈ ਦਾ ਕੰਮ ਬਹੁਤ ਮਿਹਨਤ ਨਾਲ ਕਰ ਰਿਹਾ ਹੈ। ਉਹ ਕਹਿੰਦਾ ਸੀ ਕਿ ਦਸ ਲੱਖ ਇੱਕੱਠੇ ਹੋਣ ‘ਤੇ ਹੀ ਫ਼ੋਨ ਕਰਾਂਗਾ, ਮੈਨੂੰ ਸ਼ਰਮ ਆਉਂਦੀ ਹੈ। ਇਹ ਸੁਣ ਕੇ ਦੋਵੇਂ ਜੀਅ ਨਾ ਜਿਉਂਦਿਆਂ ਤੇ ਨਾ ਮਰਿਆਂ ਵਿੱਚ ਸਨ। ਸੱਜਣ ਨੇ ਬਸ ਇੰਨਾ ਹੀ ਕਿਹਾ, “ਦੇਖਿਆ ਜਗੀਰੋ, ਇੱਥੇ ਖੇਤੀ ਕਰਦਿਆਂ ਸ਼ਰਮ ਆਉਂਦੀ ਸੀ, ਮਿਹਨਤ ਤੋਂ ਡਰ ਲੱਗਦਾ ਸੀ ਤੇ ਹੁਣ।” ਸੱਜਣ ਨੂੰ ਲੱਗਦਾ ਸੀ ਕਿ ਇੰਨੇ ਰੁਪਿਆਂ ਦਾ ਜੁਗਾੜ ਹਰਜੀਤ ਤੋਂ ਹੋਣਾ ਨਹੀਂ, ਜ਼ਮੀਨ ਤਾਂ ਬੱਸ ਗਈ ਕਿ ਗਈ। ਇਨ੍ਹਾਂ ਸੋਚਾਂ ਵਿੱਚ ਡੁੱਬਿਆ ਰਹਿਣ ਕਾਰਨ ਉਸ ਨੇ ਮੰਜਾ ਮੱਲ ਲਿਆ ਸੀ। ਹਰ ਵੇਲੇ ਗੁਆਚਿਆ-ਗੁਆਚਿਆ ਜਿਹਾ ਰਹਿਣਾ। ਦਵਾਈ ਲੈਣ ਲਈ ਕਹਿਣਾ ਤਾਂ ਖਾਣ ਨੂੰ ਪੈਣਾ ਤੇ ਕਹਿਣਾ, “ਜ਼ਹਿਰ ਖਾਣ ਨੂੰ ਪੈਸੇ ਨਹੀਂ ਤੇ ਦਵਾਈ ਦੀ ਗੱਲ ਕਰਦੀ ਹੈ।” ਦਿਨ ਵੇਲੇ ਹਰ ਸਮੇਂ ਬਰੂਹਾਂ ਵੱਲ ਵੇਖਦੇ ਰਹਿਣਾ ਕਿ ਸ਼ਾਇਦ ਹਰਜੀਤ ਵੱਲੋਂ ਕੁਝ ਆਵੇ। ਜਿਉਂ-ਜਿਉਂ ਇੱਕਰਾਰਨਾਮੇ ਦਾ ਸਮਾਂ ਪੂਰਾ ਹੋਣ ਲਾਗੇ ਆ ਰਿਹਾ ਸੀ, ਤਿਉਂ-ਤਿਉਂ ਸੱਜਣ ਦੇ ਸਾਹ-ਸਤ ਮੁੱਕਦੇ ਜਾ ਰਹੇ ਸਨ। ਇੱਕਰਾਰਨਾਮੇ ਦਾ ਸਮਾਂ ਪੂਰਾ ਹੋਣ ਤੋਂ ਇੱਕ ਮਹੀਨਾ ਪਹਿਲਾਂ ਹੀ ਸੱਜਣ ਨੇ ਹਿੰਮਤ ਹਾਰ ਲਈ ਤੇ ਸਦਾ ਦੀ ਨੀਂਦ ਸੌਂ ਗਿਆ। ਇਹ ਸਭ ਯਾਦ ਆਉਂਦਿਆਂ ਹੀ ਜਗੀਰੋ ਦੇ ਜ਼ਖ਼ਮ ਦੁਬਾਰਾ ਅੱਲੇ ਹੋ ਗਏ ਸਨ। ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਇੰਨੇ ਨੂੰ ਕਰਨੈਲ ਨੇ ਜ਼ੋਰ-ਜ਼ੋਰ ਦੀ ਹਲੂਣਿਆ ਤੇ ਕਿਹਾ, “ਭਾਬੀ, ਬਹੁਤ ਸੌਂ ਲਿਆ, ਖਾਣਾ ਖਾਓ।” ਜਗੀਰ ਨੇ ਉਸ ਨੂੰ ਚੁੰਨੀ ਨਾਲ ਮੂੰਹ ਪੂੰਝਦਿਆਂ ਦੇਖਿਆ ਤਾਂ ਮੇਮ ਖਾਣੇ ਦੀ ਟਰੇਅ ਰੱਖ ਰਹੀ ਸੀ। ਕਰਨੈਲ ਨੇ ਪੁੱਛਿਆ, “ਭਾਬੀ, ਕਿਹੋ ਜਿਹੀ ਲੱਗ ਰਹੀ ਹੈ ਉਡਾਣ?” ਜਗੀਰੋ ਨੇ ਠੰਢਾ ਹਉਕਾ ਭਰਦਿਆਂ ਕਿਹਾ, “ਕਰਨੈਲ ਇਸ ਉਡਾਣ ਦੀ ਤਾਂ ਮੈਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਈ, ਮੇਰੇ ਸਿਰ ਦਾ ਸਾਈਂ ਸਦਾ ਲਈ ਤੁਰ ਗਿਆ।” ਕਰਨੈਲ ਵੀ ਸੁਣ ਕੇ ਨਿੰਮਝੂਣਾ ਹੋ ਗਿਆ ਕਿਉਂਕਿ ਉਸ ਨੂੰ ਸਾਰੀ ਕਹਾਣੀ ਦਾ ਪਤਾ ਸੀ।
– ਕੈਲਾਸ਼ ਰਾਣੀ

LEAVE A REPLY