ਹੈਦਰਾਬਾਦ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਭਲਕੇ ਹੈਦਰਾਬਾਦ ਵਿਖੇ ਇਕ ਮਾਤਰ ਟੈਸਟ ਮੈਚ ਖੇਡਿਆ ਜਾਵੇਗਾ| 17 ਸਾਲ ਬਾਅਦ ਇਹ ਪਹਿਲਾ ਅਜਿਹਾ ਮੌਕਾ ਹੈ ਜਦੋਂ ਬੰਗਲਾਦੇਸ਼ ਦੀ ਟੀਮ ਭਾਰਤ ਦੀ ਧਰਤੀ ‘ਤੇ ਟੀਮ ਇੰਡੀਆ ਖਿਲਾਫ ਮੈਚ ਖੇਡੇਗੀ| ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਟੀਮ ਇੰਡੀਆ ਦਾ ਪਲੜਾ ਭਾਰੀ ਹੈ ਕਿਉਂਕਿ ਦੋਨਾਂ ਟੀਮਾਂ ਵਿਚਾਲੇ ਹੁਣ ਤੱਕ 8 ਟੈਸਟ ਮੈਚ ਖੇਡੇ ਗਏ ਹਨ, ਜਿਸ ਵਿਚ ਭਾਰਤ ਨੇ 6 ਮੈਚ ਜਿੱਤੇ ਹਨ ਅਤੇ 2 ਮੈਚ ਡਰਾਅ ਰਹੇ ਹਨ| ਅਜਿਹੇ ਵਿਚ ਕਪਤਾਨ ਵਿਰਾਟ ਕੋਹਲੀ ਦੀ ਇਹੀ ਇੱਛਾ ਹੋਵੇਗੀ ਕਿ ਲਗਾਤਾਰ ਜਿੱਤਾਂ ਦਰਜ ਕਰਦੀ ਆ ਰਹੀ ਟੀਮ ਇੰਡੀਆ ਆਗਾਮੀ ਆਸਟ੍ਰੇਲੀਆ ਟੈਸਟ ਸੀਰੀਜ ਤੋਂ ਪਹਿਲਾਂ ਇਕ ਹੋਰ ਜਿੱਤ ਹਾਸਿਲ ਕਰੇ|
ਵਰਣਨਯੋਗ ਹੈ ਕਿ ਭਾਰਤ ਨੇ ਹਾਲ ਹੀ ਵਿਚ ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀ ਟੀਮ ਨੂੰ ਮਾਤ ਦਿੱਤੀ ਹੈ, ਜਿਸ ਦੇ ਆਧਾਰ ਤੇ ਟੀਮ ਇੰਡੀਆ ਟੈਸਟ ਰੈਂਕਿੰਗ ਵਿਚ ਨੰਬਰ ਇਕ ਟੀਮ ਬਣ ਗਈ ਹੈ|