ਬਠਿੰਡਾ ਵਿਆਹ ‘ਚ ਗੋਲੀ ਲੱਗਣ ਨਾਲ ਮਰੀ ਕੁਲਵਿੰਦਰ ਦੇ ਪਤੀ ਦੀ ਮੌਤ, ਪਰਿਵਾਰ ਨੇ ਦਿੱਤੇ ਹੈਰਾਨ ਕਰਦੇ ਬਿਆਨ

ਮਲੋਟ  : ਬਠਿੰਡਾ ਦੇ ਮੌੜਮੰਡੀ ਵਿਖੇ ਵਿਆਹ ਸਮਾਗਮ ਦੌਰਾਨ ਦੋ ਕੁ ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਆਰਕੈਸਟਰਾ ਕੁਲਵਿੰਦਰ ਕੌਰ ਦੀ ਹੋਈ ਮੌਤ ਉਪਰੰਤ ਬੁੱਧਵਾਰ ਨੂੰ ਉਸ ਦੇ ਪਤੀ ਦੀ ਵੀ ਮੌਤ ਹੋ ਗਈ। ਮ੍ਰਿਤਕ ਲੜਕੇ ਦੇ ਪਰਿਵਾਰ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਨਹੀਂ ਸਗੋਂ ਉਸ ਨੂੰ ਸਹੁਰਾ ਪਰਿਵਾਰ ਵੱਲੋਂ ਕਤਲ ਗਿਆ ਹੈ। ਉਧਰ, ਲੜਕੇ ਦੇ ਸਹੁਰਾ ਪਰਿਵਾਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਮ੍ਰਿਤਕ ਲੜਕੇ ਦੀ ਮਾਤਾ ਸੁਖਵਿੰਦਰ ਕੌਰ ਅਤੇ ਪਿਤਾ ਸੁਖਦੇਵ ਸਿੰਘ ਵਾਸੀ ਬਾਬਾ ਜੀਵਨ ਨਗਰ ਮਲੋਟ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਾਜਿੰਦਰ ਸਿੰਘ ਬਠਿੰਡਾ ਰਹਿ ਰਿਹਾ ਸੀ ਅਤੇ ਉਸ ਦਾ ਵਿਆਹ ਦੋ ਸਾਲ ਪਹਿਲਾਂ ਅਜੀਤ ਨਗਰ ਮਲੋਟ ਵਿਖੇ ਕੁਲਵਿੰਦਰ ਕੌਰ ਨਾਲ ਹੋਇਆ ਸੀ ਅਤੇ ਦੋ ਮਹੀਨੇ ਪਹਿਲਾਂ ਉਸ ਦੀ ਪਤਨੀ ਕੁਲਵਿੰਦਰ ਕੌਰ (ਜੋ ਆਰਕੈਸਟਰਾ ਦਾ ਕੰਮ ਕਰਦੀ ਸੀ) ਦੀ ਮੌਤ ਮੌੜਮੰਡੀ ਪੈਲੇਸ ‘ਚ ਗੋਲੀ ਲਗਲਣ ਕਾਰਨ ਹੋ ਗਈ ਸੀ। ਲੜਕੇ ਦੀ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਸਮੇਂ ੇਮ੍ਰਿਤਕ ਕੁਲਵਿੰਦਰ ਦੇ ਪੇਕੇ ਵਲੋਂ ਸਹੁਰਾ ਧਿਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਅਤੇ ਅੱਜ ਉਨ੍ਹਾਂ ਦੇ ਲੜਕੇ ਰਾਜਿੰਦਰ ਸਿੰਘ ਨੂੰ ਸਾਜ਼ਿਸ਼ ਤਹਿਤ ਮਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬੁੱਧਵਾਰ ਤੜਕੇ ਜਦੋਂ ਉਨ੍ਹਾਂ ਨੂੰ ਰਾਜਿੰਦਰ ਦੇ ਸਹੁਰੇ ਘਰੋਂ ਫ਼ੋਨ ਆਇਆ ਕਿ ਰਾਜਿੰਦਰ ਸਿੰਘ ਦੀ ਤਬੀਅਤ ਠੀਕ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਰਾਜਿੰਦਰ ਸਿੰਘ ਨੂੰ ਬਠਿੰਡੇ ਤੋਂ ਇਥੇ ਮਲੋਟ ਲੈ ਆਉਣ ਤੇ ਉਹ ਉਸ ਦਾ ਇਲਾਜ ਕਰਵਾ ਲੈਂਦੇ ਹਨ ਅਤੇ ਜਦੋਂ ਉਹ ਰਾਜਿੰਦਰ ਨੂੰ ਕਾਰ ਰਾਹੀਂ ਮਲੋਟ ਲੈ ਕੇ ਆਏ ਤਾਂ ਉਨ੍ਹਾਂ ਨੂੰ ਇਥੇ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਆਪਣੇ ਵਸ ਤੋਂ ਬਾਹਰ ਹੋਣ ਦਾ ਕਹਿ ਕੇ ਜਵਾਬ ਦੇ ਦਿੱਤਾ। ਰਾਜਿੰਦਰ ਸਿੰਘ ਦਾ ਸਹੁਰਾ ਪਰਿਵਾਰ ਕਹਿਣ ਲੱਗਾ ਕਿ ਅਸੀਂ ਲੜਕੇ ਨੂੰ ਘਰ ਜਵਾਈ ਬਣਾਇਆ ਹੈ ਅਤੇ ਲੜਕੇ ਦੀ ਲਾਸ਼ ਨੂੰ ਆਪਣੇ ਘਰ ਲੈ ਕੇ ਜਾਵਾਂਗੇ। ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੇ ਲੜਕੇ ਨਾਲ ਫ਼ੋਨ ‘ਤੇ ਗੱਲ ਹੋਈ ਸੀ ਅਤੇ ਉਹ ਬਿਮਾਰ ਨਹੀਂ ਸੀ, ਬਲਕਿ ਉਸ ਨੂੰ ਸਹੁਰੇ ਵਾਲਿਆਂ ਵੱਲੋਂ ਮਾਰਿਆ ਗਿਆ ਹੈ।
ਉਧਰ, ਮ੍ਰਿਤਕ ਲੜਕੇ ਦੇ ਸਹੁਰੇ ਬਲਦੇਵ ਸਿੰਘ ਨੇ ਪੇਕੇ ਪਰਿਵਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਤ ਕਰੀਬ 2:30 ਵਜੇ ਬਠਿੰਡਾ ਰਹਿ ਰਹੇ ਰਾਜਿੰਦਰ ਸਿੰਘ ਦੀ ਤਬੀਅਤ ਖਰਾਬ ਹੋ ਗਈ ਤਾਂ ਉਨ੍ਹਾਂ ਲੜਕੇ ਦੇ ਪਿਤਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਰਾਜਿੰਦਰ ਨੂੰ ਇਲਾਜ ਲਈ ਮਲੋਟ ਵਿਖੇ ਲਿਆਉਣ ਲਈ ਕਿਹਾ ਅਤੇ ਜਦੋਂ ਉਹ ਗੱਡੀ ਰਾਹੀਂ ਉਸ ਨੂੰ ਮਲੋਟ ਲਿਆ ਰਹੇ ਸਨ ਤਾਂ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ। ਉਨ੍ਹਾਂ ਦੱਸਿਆ ਕਿ ਰਜਿੰਦਰ ਨੂੰ ਇਥੇ ਤਿੰਨ-ਚਾਰ ਨਿੱਜੀ ਹਸਪਤਾਲਾਂ ‘ਚ ਦਿਖਾਇਆ ਗਿਆ ਅਤੇ ਬਚਾਉਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਗਈ ਸੀ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਜਗਦੀਸ਼ ਸਿੰਘ ਨੇ ਕਿਹਾ ਕਿ ਮ੍ਰਿਤਕ ਰਾਜਿੰਦਰ ਦੇ ਵਾਰਿਸਾਂ ਦੇ ਬਿਆਨਾਂ ਉਪਰੰਤ ਅਤੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

LEAVE A REPLY