ਭੁਚਾਲ ਦੀ ਅਫਵਾਹ ਨੇ ਜ਼ਿਲਾ ਨਿਵਾਸੀ ਕੀਤੇ ਘਰੋਂ ਬੇਘਰ

ਮਾਨਸਾ/ਬੋਹਾ — ਬੀਤੀ ਰਾਤ ਤਕਰੀਬਨ ਤਿੰਨ ਵਜੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਹਰਿਆਣਾ ਅਤੇ ਦਿੱਲੀ ਰਹਿੰਦੇ ਰਿਸ਼ਤੇਦਾਰਾਂ ਦੇ ਸਵੇਰੇ ਚਾਰ ਵਜੇ ਭਾਰੀ ਤੂਫਾਨ ਆਉਣ ਦੀ ਸੂਚਨਾ ਦੇਣ ਵਾਲੇ ਫੋਨਾਂ ਨੇ ਜ਼ਿਲਾ ਨਿਵਾਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਅਤੇ ਉਹ ਰਜਾਈਆਂ ਦਾ ਨਿੱਘ ਛੱਡ ਕੇ ਘਰੋਂ ਬੇਘਰ ਹੋ ਕੇ ਗਲੀਆਂ ‘ਚ ਇੱਕਠੇ ਹੋਣ ਲਈ ਮਜਬੂਰ ਹੋ ਗਏ। ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੇ ਵੀ ਇਸ ਅਫਵਾਹ ਤੇ ਅਮਲ ਕਰਦਿਆਂ ਦੂਰ ਦੁਰਾਡੇ ਰਹਿੰਦੇ ਰਿਸ਼ਤੇਦਾਰਾਂ ਨੂੰ ਇਸ ਭੂਚਾਲ ਦੀ ਅਗਾਊ ਸੂਚਨਾ ਦੇਣਾ ਆਪਣਾ ਫਰਜ਼ ਸਮਝਿਆ। ਕੁਝ ਲੋਕ ਦਿਨ ਚੜ੍ਹਣ ਤੱਕ ਗਲੀਆਂ ‘ਚ ਧੂਣੀ ਪਾ ਕੇ ਬੈਠੇ ਰਹੇ ਪਰ ਕਈ ਸੂਝਵਾਨ ਲੋਕ ਇਸ ਅਫਵਾਹ ਨੂੰ ਇਹ ਕਹਿ ਕੇ ਨਕਾਰਦਿਆਂ ਵਾਪਸ ਰਜਾਈਆਂ ‘ਚ ਚਲੇ ਗਏ ਕਿ ਭੂਚਾਲ ਦੀ ਅਗਾਊ ਸੂਚਨਾ ਦੇਣ ਵਾਲਾ ਯੰਤਰ ਅਜੇ ਬਣਿਆ ਹੀ ਨਹੀਂ। ਨੌਜਵਾਨ ਲੋਕ ਭਲਾਈ ਕੱਲਬ ਬੋਹਾ ਦੇ ਸਰਪ੍ਰਸਤ ਹਰਪਾਲ ਸਿੰਘ ਪੰਮੀ, ਪ੍ਰਧਾਨ ਅਮਨ ਪੰਨੂ ਤੇ ਖਜਾਨਚੀ ਸੁਖਚੈਨ ਸਿੰਘ ਭੰਮੇ ਨੇ ਜ਼ਿਲਾ ਪ੍ਰਸ਼ਾਸਨ ਮਾਨਸਾ ਤੋਂ ਮੰਗ ਕੀਤੀ ਹੈ ਕਿ ਅਜਿਹੀ ਅਫਵਾਹ ਫੈਲਣ ਅਤੇ ਪ੍ਰਸ਼ਾਸ਼ਨ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਲਈ ਸਰਕਾਰੀ ਪੱਧਰ ‘ਤੇ ਕੋਈ ਕਾਰਗਰ ਭੂਮਿਕਾ ਨਿਭਾਵੇ। ਵਰਨਣਯੋਗ ਹੈ ਕਿ ਪਹਿਲਾਂ ਵੀ ਸ਼ਰਾਰਤੀ ਅਨਸਰਾਂ ਵਲੋਂ ਕਈ ਵਾਰ ਅਜਿਹੀਆਂ ਅਫਵਾਹਾਂ ਫੈਲਾ ਕੇ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਗਈ ਹੈ।

LEAVE A REPLY