ਅਲੀਗੜ੍ਹ ‘ਚ ਗਰਜੇ ਪੀ. ਐੱਮ. ਮੋਦੀ, ਕਿਹਾ ; ਭ੍ਰਿਸ਼ਟਾਚਾਰੀ ਚੂਹੇ ਹਰ ਸਾਲ ਕੁਤਰ ਜਾਂਦੇ ਸਨ ਕਰੋੜਾਂ ਰੁਪਏ

ਅਲੀਗੜ੍ਹ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਹਾਲ ‘ਚ ਨਾ ਬਖਸ਼ਣ ਦਾ ਸੰਕਲਪ ਦੋਹਰਾਉਂਦਿਆਂ ਐਤਵਾਰ ਨੂੰ ਕਿਹਾ ਕਿ ਹਰ ਸਾਲ ਭ੍ਰਿਸ਼ਟਾਚਾਰੀ ਚੂਹੇ 40 ਹਜ਼ਾਰ ਕਰੋੜ ਰੁਪਏ ਕੁਤਰ ਦਿੰਦੇ ਸਨ। ਪੀ. ਐੱਮ. ਮੋਦੀ ਨੇ ਅੱਜ ਇੱਥੇ ਵਿਜੇਸ਼ੰਖਨਾਦ ਰੈਲੀ ਨੂੰ ਸੰਬੋਧਿਤ ਕਰਦਿਆਂ ਸਮਾਜਵਾਦੀ ਪਾਰਟੀ (ਸਪਾ) ਨੂੰ ਵੀ ਖੂਬ ਲਲਕਾਰਿਆ ਅਤੇ ਕਿਹਾ ਕਿ ਅਖਿਲੇਸ਼ ਯਾਦਵ ਕਿਸੇ ਨੂੰ ਵੀ ਫੜ ਲੈਣ, ਕਿਸੇ ਨਾਲ ਵੀ ਗਠਜੋੜ ਕਰ ਲੈਣ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚਲ ਰਹੀ ਹਨੇਰੀ ‘ਚ ਉਹ ਟਿਕ ਨਹੀਂ ਸਕਣਗੇ।
ਬੇਈਮਾਨਾਂ ਦਾ ਕੀਤਾ ਸਕਰੂ ਟਾਈਟ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਇੱਥੋਂ ਤੱਕ ਪਹੁੰਚ ਗਿਆ ਸੀ ਕਿ ਬੇਟੀ ਪੈਦੀ ਨਹੀਂ ਹੋਈ ਪਰ ਵਿਧਵਾ ਪੈਨਸ਼ਨ ਲੈ ਜਾਂਦੇ ਸਨ। ਭ੍ਰਿਸ਼ਟਾਚਾਰੀਆਂ ਅਤੇ ਬੇਈਮਾਨਾਂ ‘ਤੇ ਰੋਕ ਲਾਉਣ ਦਾ ਉਨ੍ਹਾਂ ਦਾ ਅਭਿਆਸ ਰੁਕੇਗਾ ਨਹੀਂ। ਭ੍ਰਿਸ਼ਟਾਚਾਰ ਦਾ ਇਹ ਹਾਲ ਸੀ ਕਿ 40 ਹਜ਼ਾਰ ਕਰੋੜ ਰੁਪਏ ਚੁਪਚਾਪ ਖਾ ਲਿਆ ਜਾਂਦਾ ਸੀ। ਉਸ ਨੂੰ ਬਚਾਇਆ ਗਿਆ ਹੈ ਅਤੇ ਹੁਣ ਉਸ ਪੈਸੇ ਨੂੰ ਗਰੀਬਾਂ ਦੇ ਹਿੱਤਾਂ ‘ਚ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਮੋਦੀ ਨੂੰ ਸਾਰੇ ਗਾਲ੍ਹਾਂ ਦੇ ਰਹੇ ਹਨ ਕਿਉਂਕਿ ਮੈਂ ਹੁਣ ਸਾਰਿਆਂ ਦਾ ਸਕਰੂ ਟਾਈਟ ਕਰ ਦਿੱਤਾ ਹੈ। ਬੇਈਮਾਨਾਂ ਨੂੰ ਪਨਾਹ ਦੇਣ ਵਾਲਿਆਂ ਨੂੰ 70 ਸਾਲ ਦੇ ਪਾਪਾਂ ਦਾ ਹਿਸਾਬ ਦੇਣਾ ਪੈ ਰਿਹਾ ਹੈ। ਇਸ ਲਈ ਸਭ ਇਕ-ਜੁਟ ਹੋ ਕੇ ਮੈਨੂੰ ਘੇਰਣਾ ਚਾਹੁੰਦੇ ਹਨ ਪਰ ਉੱਤਰ ਪ੍ਰਦੇਸ਼ ਦੀ ਜਨਤਾ ਨਿਆਂ ਅਤੇ ਪਰਿਵਰਤਨ ਚਾਹੁੰਦੀ ਹੈ ਅਤੇ ਜਨਤਾ ਨੇ ਜਦੋਂ ਮਨ ਬਣਾ ਲਿਆ ਤਾਂ ਪਰਿਵਰਤਨ ਹੋ ਕੇ ਰਹੇਗਾ।”
ਯੂ. ਪੀ. ਸਰਕਾਰ ਨੂੰ ਨੌਜਵਾਨਾਂ ਨਾਲ ਕੋਈ ਲੈਣਾ-ਦੇਣਾ ਨਹੀਂ
ਆਪਣੀ ਸਰਕਾਰ ਦੀ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੌਜਵਾਨਾਂ ਲਈ ‘ਮੁਦਰਾ ਯੋਜਨਾ’ ਬਣਾਈ। ਜਿਸ ਦੇ ਤਹਿਤ ਬਿਨਾ ਕਿਸੇ ਗਾਰੰਟੀ ਦੇ ਰੋਜ਼ਗਾਰ ਲਈ 50 ਹਜ਼ਾਰ ਰੁਪਏ ਕਰਜ਼ਾ ਦੇਣ ਦਾ ਪ੍ਰਬੰਧ ਹੈ। ਇਸ ਯੋਜਨਾ ਦੇ ਤਹਿਤ ਲੱਖਾਂ ਨੌਜਵਾਨਾਂ ਨੂੰ ਕਰੋੜਾਂ ਰੁਪਏ ਦਿੱਤੇ ਜਾ ਚੁੱਕੇ ਹਨ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਕਾਰਨ ਇੱਥੋਂ ਦੇ ਨੌਜਵਾਨ ਪਿਛੜਦੇ ਜਾ ਰਹੇ ਹਨ।
ਹਰ ਦਿਨ ਹੋਰ ਰਹੀਆਂ ਹਨ 7650 ਵਾਰਦਾਤਾਂ
ਪੀ. ਐੱਮ. ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਖਰਾਬ ਹੈ ਕਿ ਸੂਰਜ ਢਲਣ ਤੋਂ ਬਾਅਦ ਭੈਣ-ਬੇਟੀਆਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸੂਬੇ ‘ਚ ਇਕ ਦਿਨ ‘ਚ 7650 ਵਾਰਦਾਤ ਹੋ ਰਹੀਆਂ ਹਨ। ਇਨ੍ਹਾਂ ‘ਚੋਂ 24 ਬਲਾਤਕਾਰ, 21 ਬਲਾਤਕਾਰ ਦੀਆਂ ਕੋਸ਼ਿਸ਼ਾਂ, 23 ਕਤਲ, 35 ਅਗਵਾਹ, 19 ਦੰਗੇ ਅਤੇ 136 ਚੋਰੀਆਂ ਸ਼ਾਮਲ ਹਨ। ਇਹ ਸੂਬਾ ਇਨ੍ਹਾਂ ਪੰਜਾਂ ਗੁਨਾਹਾਂ ‘ਚ ਦੇਸ਼ ‘ਚ ਨੰਬਰ ਇਕ ‘ਤੇ ਹੈ। ਉੱਤਰ ਪ੍ਰਦੇਸ਼ ‘ਚੋਂ ਇਹ ਕਲੰਕ ਮਿਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣੀ ਤਾਂ ਇਹ ਸਾਰੇ ਦੋਸ਼ੀ ਜੇਲਾਂ ‘ਚ ਹੋਣਗੇ ਜਾਂ ਸੂਬੇ ‘ਚੋਂ ਬਾਹਰ। ਸੂਬੇ ਨੂੰ ਹਰ ਹਾਲ ‘ਚ ਗੁੰਡਾਗਰਦੀ ਤੋਂ ਬਚਾਉਣਾ ਹੈ। ਬਦਲਾਅ ਲਿਆ ਕੇ ਗੁੰਡਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਗੰਨਾ ਕਿਸਾਨਾਂ ਦੇ ਬਕਾਏ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸੂਬਾ ਸਰਕਾਰ ਕੋਲੋਂ ਪੁੱਛਿਆ ਕਿ ਭੁਗਤਾਨ ‘ਚ ਢਿਲ-ਮੱਠ ਕਿਉਂ ਕੀਤੀ ਗਈ। ਸੂਬੇ ‘ਚ ਭਾਜਪਾ ਦੀ ਸਰਕਾਰ ਬਣੀ ਤਾਂ 14 ਦਿਨਾਂ ‘ਚ ਹਰ ਹਾਲ ‘ਚ ਗੰਨਾ ਕਿਸਾਨਾਂ ਦਾ ਭੁਗਤਾਨ ਕਰਾਇਆ ਜਾਵੇਗਾ।

LEAVE A REPLY