ਐਨ.ਆਰ.ਆਈ ਮੁੱਦੇ ‘ਤੇ ਗਲਤ ਪ੍ਰਚਾਰ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ

ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਐਨ.ਆਰ.ਆਈ ਵਿਰੋਧੀ ਬਿਆਨਾਂ ਰਾਹੀਂ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਗਲਤ ਪ੍ਰਚਾਰ ਦੀ ਨਿੰਦਾ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਬਾਹਰੀ ਵਿਅਕਤੀਆਂ ਦਾ ਨਾਂਮ ਉਨ੍ਹਾਂ ਨੇ ਸਿਰਫ ਆਪ ਆਗੂਆਂ ਤੇ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ‘ਚ ਚੋਣ ਪ੍ਰਚਾਰ ਲਈ ਲਿਆਂਦੇ ਗਏ ਸਮਰਥਕਾਂ ਨੂੰ ਦਿੱਤਾ ਹੈ, ਜਿਹਡ਼ੇ ਪੰਜਾਬ ਨਾਲ ਸਬੰਧ ਨਹੀਂ ਰੱਖਦੇ ਹਨ।
ਇਥੇ ਮੰਗਲਵਾਰ ਦੇਰ ਰਾਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਫ ਤੌਰ ‘ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਜਿਸ ‘ਚ ਕਾਂਗਰਸ ਦਾ ਸਾਫ ਜਿੱਤ ਦਰਜ਼ ਕਰਨਾ ਤੈਅ ਹੈ।
ਉਹ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਉਨ੍ਹਾਂ ਕੁਝ ਖ਼ਬਰਾਂ ਬਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ‘ਚ ਦੋਸ਼ ਲਗਾਇਆ ਗਿਆ ਹੈ ਕਿ ਕੈਪਟਨ ਅਮਰਿੰਦਰ ਨੇ ਐਨ.ਆਰ.ਆਈਜ਼ ਨੂੰ ਪੰਜਾਬ ਲਈ ਬੇਗਾਨੇ ਦੱਸ ਕੇ ਉਨ੍ਹਾਂ ਦੀ ਨਿੰਦਾ ਕੀਤੀ ਹੈ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਅੰਦਰ ਨਹੀਂ ਵਡ਼ਨ ਦੇਣ ਦਾ ਵਾਅਦਾ ਕੀਤਾ ਹੈ।
ਜਿਸ ‘ਤੇ, ਕੈਪਟਨ ਅਮਰਿੰਦਰ ਨੇ ਉਕਤ ਖ਼ਬਰਾਂ ਨੂੰ ਪੂਰੀ ਤਰ੍ਹਾਂ ਗਲਤ ਤੇ ਝੂਠ ਦੱਸਦਿਆਂ, ਕਿਹਾ ਕਿ ਸਾਫ ਤੌਰ ‘ਤੇ ਇਨ੍ਹਾਂ ਨੂੰ ਐਨ.ਆਰ.ਆਈਜ਼, ਜਿਨ੍ਹਾਂ ‘ਚੋਂ ਜ਼ਿਆਦਾਤਰ ਕਾਂਗਰਸ ਦੇ ਪੱਕੇ ਹਿਮਾਇਤੀ ਹਨ, ਨੂੰ ਵਿਸ਼ੇਸ਼ ਹਿੱਤਾਂ ਲਈ ਪਾਰਟੀ ਤੋਂ ਵੱਖ ਕਰਨ ਵਾਸਤੇ ਫੈਲ੍ਹਾਇਆ ਜਾ ਰਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੈਂਕਡ਼ਾਂ ਐਨ.ਆਰ.ਆਈਜ਼ ਪੰਜਾਬ ਅੰਦਰ ਵਿਸ਼ੇਸ਼ ਤੌਰ ‘ਤੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਹਿਮਾਇਤ ‘ਚ ਪ੍ਰਚਾਰ ਕਰਨ ਵਾਸਤੇ ਪਹੁੰਚੇ ਹਨ।
ਇਸ ਲਡ਼ੀ ਹੇਠ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕੁਝ ਸਿਆਸੀ ਦਲਾਂ ਤੇ ਉਨ੍ਹਾਂ ਦੇ ਆਗੂਆਂ ਵੱਲੋਂ ਕਿਸੇ ਵੀ ਤਰੀਕੇ ਨਾਲ ਪੰਜਾਬ ਦੀ ਸੱਤਾ ਹਾਸਿਲ ਕਰਨ ਵਾਸਤੇ ਇਸ ਪੱਧਰ ਤੱਕ ਡਿੱਗ ਜਾਣ ‘ਤੇ ਅਫਸੋਸ ਪ੍ਰਗਟਾਇਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ‘ਚ ਰਹਿਣ ਵਾਲੇ ਸਾਡੇ ‘ਚੋਂ ਕਈ ਲੋਕਾਂ ਦੇ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਦਹਾਕਿਆਂ ਤੋਂ ਵਿਦੇਸ਼ਾਂ ‘ਚ ਰਹਿ ਰਹੇ ਹਨ। ਉਨ੍ਹਾਂ ‘ਚੋਂ ਜ਼ਿਆਦਾਤਰ ਕੰਮ ਕਾਰਨ ਉਥੇ ਵੱਸ ਚੁੱਕੇ ਹਨ। ਲੇਕਿਨ ਉਨ੍ਹਾਂ ਦੀਆਂ ਜਡ਼੍ਹਾਂ ਹਾਲੇ ਵੀ ਪੰਜਾਬ ‘ਚ ਹਨ ਅਤੇ ਉਹ ਸਾਡੇ ਪਰਿਵਾਰਾਂ ਦਾ ਹਿੱਸਾ ਬਣੇ ਹੋਏ ਹਨ। ਜਿਸ ‘ਤੇ, ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਐਨ.ਆਰ.ਆਈਜ਼ ਨੂੰ ਉਨ੍ਹਾਂ ਦੀ ਜਨਮ ਭੂਮੀ ‘ਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਸੋਚਣ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਫ ਤੌਰ ‘ਤੇ ਇਹ ਗਲਤ ਪ੍ਰਚਾਰ ਕਾਂਗਰਸ ਦੇ ਐਨ.ਆਰ.ਆਈ ਸਮਰਥਨ ਅਧਾਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੇਠ ਕੀਤਾ ਜਾ ਰਿਹਾ ਹੇ, ਲੇਕਿਨ ਅਜਿਹੀਆਂ ਹਰਕਤਾਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੀਆਂ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਐਨ.ਆਰ.ਆਈਜ਼ ਦੀ ਭਲਾਈ ਦੀ ਦਿਸ਼ਾ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਾਰਟੀ ਦੇ ਮੈਨਿਫੈਸਟੋ ‘ਚ ਐਨ.ਆਰ.ਆਈ ਸਮੁਦਾਅ ਦੇ ਹਿੱਤਾਂ ਦੀ ਰਾਖੀ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮੈਨਿਫੈਸਟੋ ਐਨ.ਆਰ.ਆਈਜ਼ ਨਾਲ ਜੁਡ਼ੇ ਮੁੱਦਿਆਂ ਨੂੰ ਸੁਲਝਾਉਣ ਦੀ ਦਿਸ਼ਾ ‘ਚ ਇਕ ਵਿਆਪਕ ਨੀਤੀ ਬਣਾਏ ਜਾਣ ਦਾ ਵਾਅਦਾ ਕੀਤਾ ਹੈ, ਜਿਸ ‘ਚ ਇਮੀਗ੍ਰੇਸ਼ਨ ਤੇ ਇਸ ਨਾਲ ਜੁਡ਼ੇ ਮੁੱਦਿਆਂ ਨਾਲ ਨਿਪਟਣ ਲਈ ਐਨ.ਆਰ.ਆਈਜ਼ ਦਾ ਵਿਭਾਗ ਬਣਾਉਣ ‘ਤੇ ਇਕ ਵਿਸ਼ੇਸ਼ ਭਾਗ ਹੈ, ਤਾਂ ਜੋ ਉਨ੍ਹਾਂ ਨੂੰ ਗੈਰ ਅਧਿਕਾਰਿਕ ਟ੍ਰੈਵਲ ਏਜੰਟਾਂ ਦੀ ਵੱਡੇ ਪੱਧਰ ‘ਤੇ ਲੁੱਟ ਤੋਂ ਬਚਾਇਆ ਜਾ ਸਕੇ।
ਇਸ ਦਿਸ਼ਾ ‘ਚ ਮੈਨਿਫੈਸਟੋ ‘ਚ ਵਾਅਦਾ ਕੀਤਾ ਗਿਆ ਹੈ ਕਿ ਐਨ.ਆਰ.ਆਈਜ਼ ਤੋਂ ਸੁਝਾਅ ਲੈਣ ਲਈ ਇਕ ਵਿਸ਼ੇਸ਼ ਪੋਰਟਲ ਬਣਾਇਆ ਜਾਵੇਗਾ, ਜਦਕਿ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਹੋਣ ਵਾਲੀ ਕਾਰਵਾਈ ਉਪਰ ਨਿਗਰਾਨੀ ਰੱਖਣ ਵਾਸਤੇ ਇਕ ਓਮਬਡਸਮੈਨ ਸੰਸਥਾ ਵੀ ਸਥਾਪਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪੰਜ ਯੂਰੋਪੀਅਨ ਸ਼ਹਿਰਾਂ ‘ਚ ਵਨ ਸਟਾਪ ਸੈਂਟਰ ਬਣਾਉਂਦਿਆਂ, ਪੰਜਾਬ ਸਰਕਾਰ ਦੇ ਸਿਟੀਜ਼ਨ ਕਾਂਟ੍ਰੈਕਟ ਸੈਂਟਰਜ਼ ਦੀ ਸਥਾਪਨਾ ਕੀਤੀ ਜਾਵੇਗੀ, ਤਾਂ ਜੋ ਇਨ੍ਹਾਂ ਦੇਸ਼ਾਂ ‘ਚ ਵੱਸਣ ਵਾਲੇ ਐਨ.ਆਰ.ਆਈਜ਼ ਦੇ ਸਾਰਿਆਂ ਮੁੱਦਿਆਂ ਅਤੇ ਪੰਜਾਬ ਨਾਲ ਜੁਡ਼ੇ ਵਿਸ਼ਿਆਂ ਦਾ ਹੱਲ ਕੀਤਾ ਜਾ ਸਕੇ।
ਮੈਨਿਫੈਸਟੋ ‘ਚ ਹੋਰ ਵੀ ਵਾਅਦਾ ਕੀਤੇ ਗਏ ਗਏ ਹਨ, ਜਿਨ੍ਹਾਂ ਤਹਿਤ ਸੂਬੇ ‘ਚ ਉਦਯੋਗਾਂ ਤੇ ਸਮਾਜਿਕ ਖੇਤਰਾਂ ਅੰਦਰ ਐਨ.ਆਰ.ਆਈ ਨਿਵੇਸ਼ ਯੋਜਨਾਵਾਂ ਉਪਰ ਪਹਿਲ ਦੇ ਅਧਾਰ ‘ਤੇ ਕੰਮ ਕੀਤਾ ਜਾਵੇਗਾ ਤੇ ਪ੍ਰਸਤਾਆਂ ਨੂੰ 36 ਘੰਟੇ ਅੰਦਰ ਕਲੀਅਰੈਂਸ ਪੁਖਤਾ ਕਰਨ ਵਾਸਤੇ ਸਿੰਗਲ ਵਿੰਡੋ ਸਿਸਟਮ ਸਥਾਪਤ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੈਨਿਫੈਸਟੋ ‘ਚ ਐਨ.ਆਰ.ਆਈਜ਼ ਨਾਲ ਕੀਤੇ ਗਏ ਵਾਅਦਿਆਂ ਦੀ ਪੂਰਤੀ ਪੁਖਤਾ ਕਰਨ ਵਾਸਤੇ ਉਹ ਵਿਅਕਤੀਗਤ ਤੌਰ ‘ਤੇ ਵਚਨਬੱਧ ਹਨ।

LEAVE A REPLY