ਇਹ ਕਿਤਾਬ ਤੱਥਾਂ ਅਤੇ ਘਟਨਾਵਾਂ ਦਾ ਵੇਰਵਾ ਹੋਣ ਦਾ ਦਾਅਵਾ ਨਹੀਂ ਕਰਦੀ ਬਲਕਿ ਇਹ ਤਾਂ ਨਿੱਜੀ ਤਜਰਬਿਆਂ ਦੀ ਇੱਕ ਦਾਸਤਾਨ ਹੈ … ਉਹ ਤਜਰਬੇ ਜਿਹੜੇ ਲੱਖਾਂ ਕੈਦੀਆਂ ਨੇ ਕਈ ਕਈ ਵਾਰ ਆਪਣੇ ਪਿੰਡਿਆਂ ‘ਤੇ ਹੰਢਾਏ। ਇਹ ਨਾਜ਼ੀਆਂ ਦੀ ਨਸਲਕੁਸ਼ੀ ਅਤੇ ਉਨ੍ਹਾਂ ਦੇ ਨਜ਼ਰਬੰਦੀ ਕੈਂਪਾਂ ਵਿੱਚੋਂ ਬੱਚ ਕੇ ਨਿਕਲੇ ਇੱਕ ਵਿਅਕਤੀ ਵਲੋਂ ਦੱਸੀ ਗਈ ਕੈਂਪਾਂ ਦੀ ਅੰਦਰ ਦੀ ਗਾਥਾ ਹੈ। ਇਸ ਕਹਾਣੀ ਦਾ ਬਹੁਤਾ ਸਰੋਕਾਰ ਉਨ੍ਹਾਂ ਦਿਲ ਦਹਿਲਾ ਦੇਣ ਵਾਲੀਆਂ ਨਾਜ਼ੀ ਕੈਂਪਾਂ ਦੀਆਂ ਕਹਾਣੀਆਂ ਨਾਲ ਨਹੀਂ ਜਿਹੜੀਆਂ ਬੇਸ਼ੁਮਾਰ ਵਾਰ ਬੜੇ ਸੰਵੇਦਨਸ਼ੀਲ ਢੰਗ ਨਾਲ ਸੁਣਾਈਆਂ ਜਾ ਚੁੱਕੀਆਂ ਹਨ (ਹਾਲਾਂਕਿ ਸੁਣਨ ਵਾਲਿਆਂ ਵਲੋਂ ਬਹੁਤ ਹੀ ਘੱਟ ਉਨ੍ਹਾਂ ਕਹਾਣੀਆਂ ‘ਤੇ ਯਕੀਨ ਕੀਤਾ ਜਾਂਦਾ ਹੈ)। ਦੂਸਰੇ ਸ਼ਬਦਾਂ ਵਿੱਚ, ਇਹ ਪੁਸਤਕ ਪ੍ਰਮੁੱਖ ਤੌਰ ‘ਤੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ: ਇੱਕ ਆਮ ਕੈਦੀ ਦੇ ਨਜ਼ਰੀਏ ਤੋਂ ਨਾਜ਼ੀ ਕੈਂਪਾਂ ਵਿੱਚ ਰੋਜ਼ਮੱਰਾ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ?
ਇੱਥੇ ਜਿਹੜੀਆਂ ਘਟਨਾਵਾਂ ਦੇ ਵੇਰਵੇ ਦਿੱਤੇ ਗਏ ਹਨ, ਉਹ ਕੋਈ ਬਹੁਤੇ ਮਸ਼ਹੂਰ ਕੈਂਪਾਂ ਵਿੱਚ ਨਹੀਂ ਵਾਪਰੀਆਂ ਸਗੋਂ ਉਨ੍ਹਾਂ ਛੋਟੇ ਛੋਟੇ ਕੈਂਪਾਂ ਵਿੱਚ ਘਟੀਆਂ ਜਿੱਥੇ ਨਾਜ਼ੀਆਂ ਵਲੋਂ ਜਿਊਇਸ਼ ਲੋਕਾਂ ਉੱਪਰ ਬੇਇੰਤਹਾ ਕਹਿਰ ਬਰਪਾ ਕੀਤਾ ਗਿਆ। ਇਹ ਕੋਈ ਮਹਾਨ ਨਾਇਕਾਂ ਜਾਂ ਸ਼ਹੀਦਾਂ ਦੇ ਦੁਖਾਂ ਜਾਂ ਉਨ੍ਹਾਂ ਦੀਆਂ ਮੌਤਾਂ ਦੀ ਕਹਾਣੀ ਨਹੀਂ, ਨਾ ਹੀ ਇਹ ਉਨ੍ਹਾਂ ‘ਕਾਪੋਸ’ ਕੈਦੀਆਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਨਾਜ਼ੀਆਂ ਦੇ ਹੀ ਕੈਂਪਾਂ ਵਿੱਚੋਂ ਚੁਣ ਕੇ ਉਨ੍ਹਾਂ ਦੇ ਸਹਿ-ਕੈਦੀਆਂ ਦਾ ਨਿਗ਼ਰਾਨ ਲਗਾ ਦਿੱਤਾ ਜਾਂਦਾ ਸੀ, ਜਿਨ੍ਹਾਂ ਪਾਸ ਵਿਸ਼ੇਸ਼ ਅਧਿਕਾਰ ਹੁੰਦੇ ਸਨ ਅਤੇ ਜਿਹੜੇ ਦੂਸਰੇ ਯਹੂਦੀ ਕੈਦੀਆਂ ਦੇ ਇੱਕ ਤਰ੍ਹਾਂ ਨਾਲ ਟਰੱਸਟੀ ਬਣਾਏ ਹੋਏ ਸਨ। ਕਾਪੋਸ-ਕੈਦੀਆਂ ਨੂੰ ਉਨ੍ਹਾਂ ਦੇ ਦੂਸਰੇ ਸਾਥੀ ਕੈਦੀਆਂ ਵਿੱਚੋਂ ਹੀ ਚੁਣ ਕੇ ਕੈਂਪਾਂ ਦਾ ਨਿਗ਼ਰਾਨ ਨਿਯੁਕਤ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਬਾਕੀ ਦੇ ਕੈਦੀਆਂ ਕੋਲੋਂ ਸਖ਼ਤੀ ਨਾਲ ਮਜ਼ਦੂਰੀ ਕਰਵਾ ਸਕਣ। ਜਿਹੜੇ ਕਾਪੋਸ ਬਣਾਏ ਗਏ ਕੈਦੀ ਆਪਣੇ ਸਹਿ-ਕੈਦੀਆਂ ਤੋਂ ਸਹੀ ਤਰ੍ਹਾਂ ਕੰਮ ਨਹੀਂ ਸਨ ਲੈ ਸਕਦੇ ਉਨ੍ਹਾਂ ਨੂੰ ਵਾਪਿਸ ਆਮ ਕੈਦੀ ਬਣਾ ਕੇ ਕਿਸੇ ਦੂਸਰੇ ਕਾਪੋਸ ਦੇ ਹੇਠਾਂ ਲਗਾ ਦਿੱਤਾ ਜਾਂਦਾ ਸੀ।
ਇਸ ਕਿਤਾਬ ਦਾ ਬਹੁਤਾ ਸਰੋਕਾਰ ਤਾਕਤਵਰ ਲੋਕਾਂ ਦੇ ਦੁਖਾਂ ਤਕਲੀਫ਼ਾਂ ਨਾਲ ਵੀ ਨਹੀਂ ਸਗੋਂ ਇਹ ਕਹਾਣੀ ਹੈ ਉਨ੍ਹਾਂ ਲੱਖਾਂ ਗ਼ੁਮਨਾਮ ਲੋਕਾਂ ਦੀਆਂ ਕੁਰਬਾਨੀਆਂ ਤੇ ਮੌਤਾਂ ਦੀ ਜਿਨ੍ਹਾਂ ਦਾ ਕਿਸੇ ਇਤਿਹਾਸ ਦੇ ਪੰਨੇ ‘ਤੇ ਕਿਤੇ ਕੋਈ ਜ਼ਿਕਰ ਵੀ ਨਹੀਂ। ਇਹ ਉਹ ਆਮ ਕੈਦੀ ਸਨ ਜਿਨ੍ਹਾਂ ਨੂੰ ਕਾਪੋਸ ਨਫ਼ਰਤ ਕਰਦੇ ਸਨ। ਜਦੋਂ ਕਿ ਆਮ ਕੈਦੀਆਂ ਕੋਲ ਖਾਣ ਨੂੰ ਬਹੁਤ ਘੱਟ ਜਾਂ ਕੁਝ ਵੀ ਨਹੀਂ ਸੀ ਹੁੰਦਾ, ਕਾਪੋਸ ਕਦੇ ਵੀ ਭੁੱਖੇ ਨਹੀਂ ਸਨ ਰਹਿੰਦੇ। ਦਰਅਸਲ, ਕਈ ਕਾਪੋਸ ਤਾਂ ਅਜਿਹੇ ਸਨ ਜਿਨ੍ਹਾਂ ਦੀ ਜਿਵੇਂ ਕੈਂਪਾਂ ਵਿੱਚ ਹੀ ਆ ਕੇ ਕਿਸਮਤ ਖੁਲ੍ਹੀ ਹੋਵੇ, ਉਸ ਤੋਂ ਪਹਿਲਾਂ ਤਾਂ ਜਿਵੇਂ ਉਹ ਭੁੱਖ-ਨੰਗ ਨਾਲ ਹੀ ਟੱਕਰਾਂ ਮਾਰਦੇ ਰਹੇ ਹੋਣ। ਅਕਸਰ, ਕਾਪੋਸ ਆਪਣੇ ਸਹਿ-ਕੈਦੀਆਂ ਉੱਪਰ ਕੈਂਪਾਂ ਦੇ ਵੱਡੇ ‘SS’ (ਹਿਟਲਰ ਦੇ ਸਪੈਸ਼ਲ ਸਕੁਆਡਰਨ) ਗਾਰਡਾਂ ਨਾਲੋਂ ਵੀ ਵੱਧ ਸਖ਼ਤੀ ਕਰਦੇ ਸਨ ਅਤੇ ਕਿਤੇ ਵੱਧ ਬੇਕਿਰਕੀ ਨਾਲ ਕੁੱਟਦੇ ਸਨ। ਕਾਪੋਸ-ਕੈਦੀ ਆਮ ਕੈਦੀਆਂ ਵਿੱਚੋਂ ਚੁਣੇ ਗਏ ਉਹ ਕੈਦੀ ਸਨ ਜਿਨ੍ਹਾਂ ਬਾਰੇ SS ਗਾਰਡਾਂ ਨੂੰ ਇਹ ਯਕੀਨ ਹੁੰਦਾ ਸੀ ਕਿ ਉਹ ਨਾਜ਼ੀ ਮਾਲਿਕਾਂ ਦੇ ਨੇੜੇ ਆਉਣ ਲਈ ਆਪਣੇ ਹੀ ਸਾਥੀਆਂ ਪ੍ਰਤੀ ਲੋੜੀਂਦੀ ਸੰਵੇਦਨਹੀਨਤਾ ਦਿਖਾਉਣ ਤੋਂ ਗ਼ੁਰੇਜ਼ ਨਹੀਂ ਕਰਨਗੇ, ਅਤੇ ਜੇ ਉਹ ਅਜਿਹਾ ਨਹੀਂ ਸਨ ਕਰ ਸਕਦੇ ਤਾਂ ਉਨ੍ਹਾਂ ਨੂੰ ਫ਼ੌਰਨ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਸੀ। ਕਾਪੋਸ-ਕੈਦੀ ਵੀ ਬਹੁਤ ਛੇਤੀ SS ਗਾਰਡਾਂ ਅਤੇ ਕੈਂਪ ਵਾਰਡਨਾਂ ਵਰਗਾ ਹੀ ਰਚੱਖਾ ਵਤੀਰਾ ਅਪਨਾਉਣਾ ਅਤੇ ਕੈਦੀਆਂ ‘ਤੇ ਤਸ਼ਦਦ ਢਾਉਣਾ ਸਿੱਖ ਗਏ ਸਨ।
ਜੇਕਰ ਕੋਈ ਵੀ ਵਿਅਕਤੀ ਕੈਂਪ ਦੇ ਜੀਵਨ ਬਾਰੇ ਬਾਹਰ ਰਹਿੰਦੇ ਹੋਏ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਤਾਂ ਉਸ ਲਈ ਗ਼ਲਤ ਧਾਰਣਾ ਬਣਾ ਲੈਣ ਦੀ ਬਹੁਤ ਸੰਭਵਾਨਾ ਸੀ ਕਿਉਂਕਿ ਇਸ ਵਿੱਚ ਭਾਵਨਾ ਅਤੇ ਤਰਸ ਵੀ ਮਿਲਿਆ ਹੋਇਆ ਹੋਣਾ ਸੀ। ਕਿਸੇ ਬਾਹਰਲੇ ਬੰਦੇ ਨੂੰ ਕੀ ਪਤਾ ਕਿ ਕੈਂਪ ਦੇ ਅੰਦਰ ਕੈਦੀਆਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਕਿੰਨੀ ਜੱਦੋਜਹਿਦ ਕਰਨੀ ਪੈਂਦੀ ਸੀ! ਬਰੈੱਡ ਦੇ ਇੱਕ ਟੁਕੜੇ ਪਿੱਛੇ ਸੰਘਰਸ਼ ਜਾਂ ਜਿਊਂਦੇ ਰਹਿਣ ਲਈ ਸੰਘਰਸ਼, ਕੈਂਪਾਂ ਵਿੱਚ ਕੈਦੀਆਂ ਦਾ ਸੰਘਰਸ਼ ਤਾਂ ਉਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਸੀ, ਕਦੇ ਆਪਣੇ ਖ਼ੁਦ ਦੇ ਜੀਵਨ ਲਈ ਤੇ ਕਦੇ ਆਪਣੇ ਕਿਸੇ ਚੰਗੇ ਸਹਿ-ਕੈਦੀ ਦੋਸਤ ਦੇ।
ਆਓ ਹੁਣ ਉਨ੍ਹਾਂ ਗੱਡੀਆਂ ਦੀ ਵੀ ਗੱਲ ਕਰ ਲੈਂਦੇ ਹਾਂ ਜਿਨ੍ਹਾਂ ਬਾਰੇ ਇਹ ਅਧਿਕਾਰਕ ਤੌਰ ‘ਤੇ ਐਲਾਨ ਕੀਤਾ ਗਿਆ ਸੀ ਕਿ ਉਹ ਕੈਦੀਆਂ ਨੂੰ ਦੂਸਰੀਆਂ ਜੇਲ੍ਹਾਂ ਵਿੱਚ ਟਰਾਂਸਫ਼ਰ ਕਰਨ ਲਈ ਵਰਤੀਆਂ ਜਾਂਦੀਆਂ ਹਨ, ਪਰ ਕਿਸੇ ਲਈ ਇਹ ਬੁੱਝਣਾ ਔਖਾ ਨਹੀਂ ਸੀ ਕਿ ਉਨ੍ਹਾਂ ਗੱਡੀਆਂ ਦੀ ਅੰਤਿਮ ਮੰਜ਼ਿਲ ਗੈਸ ਚੇਂਬਰ ਹੀ ਸਨ। ਉਨ੍ਹਾਂ ਬੀਮਾਰ ਤੇ ਕਮਜ਼ੋਰ ਕੈਦੀਆਂ, ਜਿਨ੍ਹਾਂ ਨੂੰ ਕੰਮ ਕਰਨ ਦੇ ਕਾਬਿਲ ਨਹੀਂ ਸੀ ਸਮਝਿਆ ਜਾਂਦਾ, ਨੂੰ ਉਨ੍ਹਾਂ ਵੱਡੇ ਕੇਂਦਰੀ ਕੈਂਪਾਂ ਵਿੱਚ ਭੇਜ ਦਿੱਤਾ ਜਾਂਦਾ ਸੀ ਜਿਹੜੇ ਗੈਸ ਚੇਂਬਰਾਂ ਅਤੇ ਮੁਰਦਾਘਰਾਂ ਨਾਲ ਲੈਸ ਹੁੰਦੇ ਸਨ। ਜਦੋਂ ਗੈਸ ਚੇਂਬਰ ਲਈ ਕੈਦੀਆਂ ਦੀ ਚੋਣ ਦਾ ਵੇਲਾ ਆਉਂਦਾ ਤਾਂ ਉਹ ਵਕਤ ਕੈਂਪਾਂ ਵਿੱਚ ਕੈਦੀਆਂ ਦੀ ਆਪਸ ਵਿੱਚ ਖੁਲ੍ਹੀ ਕੁਸ਼ਤੀ ਦਾ ਵਕਤ ਹੁੰਦਾ ਜਾਂ ਕੈਦੀਆਂ ਦੇ ਗੁਟਾਂ ਦੀ ਆਪਸ ਵਿੱਚ ਲੜਾਈ ਦਾ ਵੇਲਾ ਹੁੰਦਾ। ਉਸ ਵਕਤ ਜੇ ਕੈਦੀਆਂ ਨੂੰ ਕਿਸੇ ਵੀ ਸ਼ੈਅ ਦੀ ਪਰਵਾਹ ਹੁੰਦੀ ਤਾਂ ਉਹ ਇਹ ਕਿ ਉਨ੍ਹਾਂ ਦਾ ਆਪਣਾ ਨਾਮ ਜਾਂ ਉਨ੍ਹਾਂ ਦੇ ਕਿਸੇ ਪਿਆਰੇ ਦੋਸਤ ਕੈਦੀ ਦਾ ਨਾਮ ਉਸ ਮਰਨ ਸੂਚੀ ਉੱਪਰ ਨਾ ਆ ਜਾਵੇ। ਹਾਲਾਂਕਿ, ਸਭ ਨੂੰ ਇਹ ਭਲੀ ਪ੍ਰਕਾਰ ਪਤਾ ਹੁੰਦਾ ਸੀ ਕਿ ਸੂਚੀ ਵਿੱਚੋਂ ਨਾਮ ਕਟਵਾ ਕੇ ਬਚਾਏ ਗਏ ਬੰਦੇ ਦੇ ਬਦਲੇ ਕਿਸੇ ਨਾ ਕਿਸੇ ਹੋਰ ਨੂੰ ਗੈਸ ਚੇਂਬਰ ਵਿੱਚ ਬਲੀ ਦਾ ਬੱਕਰਾ ਤਾਂ ਬਣਨਾ ਹੀ ਪੈਣੈ।
ਹਰ ਗੱਡੀ ਵਿੱਚ ਕੈਦੀਆਂ ਦੀ ਇੱਕ ਖ਼ਾਸ ਗਿਣਤੀ ਢੋਈ ਜਾਂਦੀ। ਕੋਈ ਵੀ ਕੈਦੀ ਕਿਸੇ ਵੀ ਗੱਡੀ ਵਿੱਚ ਬਿਠਾਇਆ ਜਾ ਸਕਦਾ ਸੀ ਕਿਉਂਕਿ ਉਹ ਇੱਕ ਨੰਬਰ ਤੋਂ ਵੱਧ ਹੋਰ ਕੁਛ ਨਹੀਂ ਸੀ। ਕੈਂਪ ਵਿੱਚ ਉਨ੍ਹਾਂ ਦੇ ਪਹਿਲੇ ਦਾਖ਼ਲੇ ਦੇ ਮੌਕੇ ‘ਤੇ (ਘੱਟੋਘੱਟ ਸਾਡੇ ਔਸ਼ਵਿਤਜ਼ ਕੈਂਪ ਵਿੱਚ ਤਾਂ ਇਹੋ ਤਰੀਕਾ ਹੀ ਅਪਨਾਇਆ ਜਾਂਦਾ ਸੀ), ਕੈਦੀਆਂ ਤੋਂ ਸਾਰੇ ਦਸਤਾਵੇਜ਼ ਲੈ ਲਏ ਗਏ ਅਤੇ, ਨਾਲ ਦੀ ਨਾਲ, ਉਨ੍ਹਾਂ ਦਾ ਸਾਰਾ ਕੀਮਤੀ ਸਾਮਾਨ ਵੀ ਖੋਹ ਲਿਆ ਗਿਆ। ਹਰ ਕੈਦੀ ਨੂੰ ਆਪਣਾ ਨਕਲੀ ਨਾਮ ਜਾਂ ਪੇਸ਼ਾ ਚੁਣਨ ਦਾ ਮੌਕਾ ਦਿੱਤਾ ਗਿਆ; ਅਤੇ ਵੱਖੋ ਵੱਖਰੇ ਕਾਰਨਾਂ ਕਾਰਨ ਕਈ ਕੈਦੀਆਂ ਨੇ ਇਹ ਚੁਣੇ ਵੀ। ਪਰ, ਕੈਂਪਾਂ ਦੇ ਗਾਰਡਜ਼ ਤੇ ਦੂਸਰੇ ਅਧਿਕਾਰੀ ਕੈਦੀਆਂ ਦੇ ਨੰਬਰਾਂ ਤੋਂ ਹੀ ਉਨ੍ਹਾਂ ਨੂੰ ਸਿਆਣਦੇ ਤੇ ਬੁਲਾਉਂਦੇ। ਕੈਦੀਆਂ ਦੇ ਨੰਬਰ ਉਨ੍ਹਾਂ ਦੀਆਂ ਚਮੜੀਆਂ ਵਿੱਚ ਟੈਟੂ ਕਰ ਕੇ ਗੁਦਵਾਏ ਜਾਂਦੇ, ਅਤੇ ਉਨ੍ਹਾਂ ਦੀਆਂ ਪੈਂਟਾਂ, ਕਮੀਜ਼ਾਂ ਜਾਂ ਜੈਕਟਾਂ ਉੱਪਰ ਇੱਕ ਖ਼ਾਸ ਜਗ੍ਹਾ ‘ਤੇ ਸਿਉਂ ਕੇ ਬਿੱਲੇ ਦੇ ਰੂਪ ਵਿੱਚ ਚਿਪਕਾਏ ਜਾਂਦੇ। ਜਦੋਂ ਵੀ ਕਿਸੇ ਕੈਂਪ ਗਾਰਡ ਨੇ ਕਿਸੇ ਕੈਦੀ ਨੂੰ ਸਜ਼ਾ ਦੇਣੀ ਹੁੰਦੀ ਤਾਂ ਉਹ ਪਹਿਲਾਂ ਉਸ ਕੈਦੀ ਦੇ ਨੰਬਰ ਨੂੰ ਘੂਰਦਾ (ਤੇ ਉਹ ਘੂਰੀ ਸਾਡਾ ਜਿਹੜਾ ਪਿਸ਼ਾਬ ਕੱਢਦੀ, ਉਹ ਬੱਸ ਸਿਰਫ਼ ਸਾਨੂੰ ਹੀ ਪਤਾ ਹੁੰਦਾ!); ਕੈਂਪ ਗਾਰਡ ਕਦੇ ਵੀ ਕਿਸੇ ਕੈਦੀ ਨੂੰ ਉਸ ਦੇ ਅਸਲੀ ਨਾਮ ਤੋਂ ਨਹੀਂ ਸੀ ਬੁਲਾਉਂਦੇ।
ਚਲੋ ਇੱਕ ਵਾਰ ਫ਼ਿਰ ਕੈਦੀਆਂ ਦੀ ਢੋਆਢੁਆਈ ਦੀ ਗੱਲ ਵੱਲ ਵਾਪਿਸ ਮੁੜਦੇ ਹਾਂ। ਉਸ ਵਕਤ ਇਖ਼ਲਾਕੀ ਜਾਂ ਨੈਤਿਕ ਵਿਸ਼ਿਆਂ ਬਾਰੇ ਸੋਚਣ ਦਾ ਨਾ ਤਾਂ ਕਿਸੇ ਕੋਲ ਟਾਈਮ ਹੀ ਹੁੰਦਾ ਸੀ ਅਤੇ ਨਾ ਹੀ ਇੱਛਾ। ਹਰ ਆਦਮੀ ਦੇ ਦਿਮਾਗ਼ ਵਿੱਚ ਕੇਵਲ ਇਹੋ ਵਿਚਾਰ ਹੀ ਛਾਏ ਰਹਿੰਦੇ: ਆਪਣੇ ਆਪ ਨੂੰ ਪਿੱਛੇ ਘਰ ਵਿੱਚ ਇੰਤਜ਼ਾਰ ਕਰ ਰਹੇ ਆਪਣੇ ਪਰਿਵਾਰ ਵਾਲਿਆਂ ਖ਼ਾਤਿਰ ਕਿਵੇਂ ਬਚਾ ਕੇ ਰੱਖਣੈ ਅਤੇ ਕੈਂਪ ਵਿੱਚ ਬਣੇ ਆਪਣੇ ਦੁੱਖ ਸੁੱਖ ਦੇ ਸਾਥੀ ਦੋਸਤਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਕਿਵੇਂ ਰੋਕਣੈ। ਤੇ ਜਦੋਂ ਵੀ ਕਿਸੇ ਕੈਦੀ ਨੂੰ ਮੌਕਾ ਮਿਲਦਾ, ਉਹ ਬਿਨਾ ਕਿਸੇ ਝਿਜਕ ਦੇ ਆਪਣੇ ਦੋਸਤ ਕੈਦੀ ਬਦਲੇ ਕਿਸੇ ਹੋਰ ਨੂੰ ਚੇਂਬਰ ਵੱਲ ਨੂੰ ਤੋਰ ਦਿੰਦਾ … ਇੱਕ ਨੰਬਰ ਬਦਲੇ ਕੋਈ ਹੋਰ ਨੰਬਰ ਹੀ ਤਾਂ ਗੱਡੀ ਚੜਾਉਣਾ ਸੀ!
ਜਿਵੇਂ ਮੈਂ ਪਹਿਲਾਂ ਹੀ ਇਹ ਜ਼ਿਕਰ ਕਰ ਚੁੱਕਾਂ, ਕਾਪੋਸ ਚੁਣਨ ਦੀ ਪ੍ਰਕਿਰਿਆ ਇੱਕ ਨਾਕਾਰਾਤਮਕ ਪ੍ਰਕਿਰਿਆ ਸੀ। ਬਹੁਤ ਜ਼ਾਲਿਮ ਕਿਸਮ ਦੇ ਲੋਕ ਇਸ ਕਾਰਜ ਲਈ ਚੁਣੇ ਜਾਂਦੇ ਸਨ (ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਕੁ ਚੰਗੇ ਵੀ ਹੋਣਗੇ), ਪਰ ਜਿੱਥੇ ਕਾਪੋਸ-ਕੈਦੀਆਂ ਨੂੰ ਕੇਵਲ SS ਗਾਰਡਜ਼ ਵਲੋਂ ਹੀ ਚੁਣਿਆ ਜਾਂਦਾ ਸੀ, ਕੈਂਪ ਦੇ ਕੈਦੀਆਂ ਦਰਮਿਆਨ ਵੀ ਦੂਸਰੇ ਪਾਸੇ, ਅੰਦਰਖ਼ਾਤੇ, ਕਾਪੋਸ ਦੇ ਅਹੁਦੇ ਲਈ ਆਪਣੀ ਸਵੈ-ਚੋਣ ਦੀ ਪ੍ਰਕਿਰਆ ਚਲਦੀ ਰਹਿੰਦੀ ਸੀ। ਕੈਂਪ ਵਿਚਲੇ ਆਪਣੇ ਤਜਰਬੇ ਤੋਂ ਤਾਂ ਮੈਂ ਇਹੀ ਕਹਿ ਸਕਦਾਂ ਕਿ ਉੱਥੋਂ ਕੇਵਲ ਉਹੀ ਕੈਦੀ ਜਿਊਂਦੇ ਬੱਚ ਕੇ ਨਿਕਲੇ ਜਿਹੜੇ, ਸਾਲ ਦਰ ਸਾਲ ਇੱਕ ਕੈਂਪ ਤੋਂ ਦੂਸਰੇ ਕੈਂਪ ਵਿੱਚ ਰੁਲਣ ਤੋਂ ਬਾਅਦ, ਜੀਵਿਤ ਰਹਿਣ ਦੇ ਆਪਣੇ ਸੰਘਰਸ਼ ਵਿੱਚ ਆਪਣਾ ਇਖ਼ਲਾਕ, ਆਪਣਾ ਜ਼ਮੀਰ ਅਤੇ ਆਪਣੀ ਨੈਤਿਕਤਾ, ਸਭ ਕੁਝ ਗੁਆ ਚੁੱਕੇ ਸਨ। ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਰੋਕਣ ਲਈ ਉਹ ਹਰ ਹਰਬਾ ਵਰਤਣ ਲਈ ਤਿਆਰ ਸਨ, ਇਮਾਨਦਾਰ ਜਾਂ ਬੇਈਮਾਨੀ ਵਾਲਾ, ਕੋਈ ਵੀ। ਹਿੰਸਾ, ਚੋਰੀ ਜਾਂ ਯਾਰਮਾਰ, ਉਨ੍ਹਾਂ ਦੀ ਕਿਤਾਬ ਵਿੱਚ, ਜਿਊਂਦੇ ਰਹਿਣ ਲਈ ਸਭ ਕੁਝ ਜਾਇਜ਼ ਸੀ। ਅਸੀਂ ਜੋ ਨਾਜ਼ੀਆਂ ਦੇ ਕੈਂਪਾਂ ਵਿੱਚੋਂ ਜਿਊਂਦੇ ਬਾਹਰ ਆਣ ਵਿੱਚ ਕਾਮਯਾਬ ਰਹੇ; ਚੰਗੀ ਕਿਸਮਤ ਦੇ ਆਸਰੇ ਕਹਿ ਲਓ ਜਾਂ ਕਿਸੇ ਚਮਤਕਾਰ ਕਾਰਨ, ਜੋ ਵੀ ਤੁਸੀਂ ਇਸ ਨੂੰ ਸੱਦਣਾ ਚਾਹੋ ਸੱਦੋ; ਸਾਨੂੰ ਸਭ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਸਾਥੋਂ ਬਿਹਤਰ ਲੋਕ ਕੈਂਪਾਂ ਵਿੱਚੋਂ ਕਦੇ ਵਾਪਿਸ ਪਰਤ ਹੀ ਨਹੀਂ ਸਕੇ।
ਪੰਜਾਬੀ ਰੁਪਾਂਤਰ
ਕੰਵਰ ਸੰਦੀਪ ਸਿੰਘ

LEAVE A REPLY