ਗਦੂਦ (ਪਰੌਸਟੇਟ) ਵਧਣ ਦੇ ਕਾਰਨ ਤੇ ਹੱਲ

ਪੰਜਾਹ ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਵਿੱਚ ਆਮ ਹੀ ਪਿਸ਼ਾਬ ਨਾ ਰੋਕ ਸਕਣ ਤੇ ਕਾਹਲਾ ਪਿਸ਼ਾਬ ਆਉਣ ਦੀ ਤਕਲੀਫ਼ ਵੇਖਣ ਨੂੰ ਮਿਲਦੀ ਹੈ। ਇਹ ਇੰਨੀ ਆਮ ਜਿਹੀ ਗੱਲ ਹੈ ਕਿ ਇਸ ਨੂੰ ਹੁਣ ਕਈ ਮੁਲਕਾਂ ਵਿੱਚ ਬਿਮਾਰੀ ਹੀ ਨਹੀਂ ਮੰਨਿਆ ਜਾਂਦਾ। ਇਹ ਸ਼ਿਕਾਇਤ ਪੁਰਸ਼ਾਂ ਦੇ ਸਰੀਰ ਵਿੱਚ ਪਏ ਗਦੂਦ ਦੇ ਵਧਣ ਨਾਲ ਹੁੰਦੀ ਹੈ। ਗਦੂਦ ਪਿਸ਼ਾਬ ਦੀ ਨਾਲੀ ਨੂੰ ਚੁਫ਼ੇਰਿਓਂ ਜੱਫ਼ਾ ਮਾਰ ਕੇ ਬੈਠਾ ਹੁੰਦਾ ਹੈ ਤਾਂ ਜੋ ਉਸ ਨੂੰ ਸੱਟ ਫ਼ੇਟ ਤੋਂ ਬਚਾਇਆ ਜਾ ਸਕੇ।
ਇਸ ਵਿੱਚੋਂ ਇੱਕ ਗਾੜ੍ਹਾ ਚਿੱਟਾ ਰੇਸ਼ਾ ਨਿਕਲਦਾ ਹੈ ਜਿਸ ਨੂੰ ਪਰੌਸਟੇਟ ਸਪੈਸਿਫ਼ਿਕ ਐਂਟੀਜਨ (ਪੀ.ਐਸ.ਏ) ਪ੍ਰੋਟੀਨ ਪਤਲਾ ਕਰ ਦਿੰਦਾ ਹੈ। ਇਹੀ ਪਤਲਾ ਰੇਸ਼ਾ ਟੈਸਟੀਜ਼ ਵਿੱਚੋਂ ਨਿਕਲਦੇ ਸ਼ੁਕਰਾਣੂਆਂ ਨੂੰ ਤਰਲ ਕਰਦਾ ਹੈ। ਜਿਉਂ ਹੀ ਗਦੂਦ ਵਧਣਾ ਸ਼ੁਰੂ ਹੋ ਜਾਂਦਾ ਹੈ ਇਹ ਪਿਸ਼ਾਬ ਦੀ ਨਾਲੀ ਨੂੰ ਦੱਬ ਦਿੰਦਾ ਹੈ ਅਤੇ ਨਾਲੋ-ਨਾਲ ਪਿਸ਼ਾਬ ਦੀ ਥੈਲੀ (ਬਲੈਡਰ) ਉੱਤੇ ਵੀ ਦਬਾਅ ਪਾਉਂਦਾ ਹੈ। ਨਤੀਜੇ ਵਜੋਂ ਵਾਰ ਵਾਰ ਪਿਸ਼ਾਬ ਆਉਣ ਲੱਗ ਪੈਂਦਾ ਹੈ, ਪਿਸ਼ਾਬ ਕਰਨ ਲੱਗਿਆਂ ਸ਼ੁਰੂ ਵਿੱਚ ਰਤਾ ਤਕਲੀਫ਼ ਮਹਿਸੂਸ ਹੁੰਦੀ ਹੈ ਤੇ ਪੂਰੀ ਤਰ੍ਹਾਂ ਪਿਸ਼ਾਬ ਦੀ ਥੈਲੀ ਖਾਲੀ ਵੀ ਨਹੀਂ ਹੁੰਦੀ। ਥੋੜ੍ਹਾ ਬਹੁਤ ਪਿਸ਼ਾਬ ਥੈਲੀ ਵਿੱਚ ਰਹਿ ਜਾਂਦਾ ਹੈ। ਕੁਝ ਪੁਰਸ਼ਾਂ ਨੂੰ ਜ਼ੋਰ ਲਾ ਕੇ ਪਿਸ਼ਾਬ ਕਰਨਾ ਪੈਂਦਾ ਹੈ, ਕੁਝ ਨੂੰ ਧਾਰ ਠੀਕ ਨਾ ਆਉਣ ਸਦਕਾ ਤਕਲੀਫ਼ ਹੁੰਦੀ ਹੈ ਤੇ ਪਿਸ਼ਾਬ ਦੀਆਂ ਬੂੰਦਾਂ ਕੱਪੜਿਆਂ ਉੱਤੇ ਡਿੱਗ ਪੈਂਦੀਆਂ ਹਨ। ਕੁਝ ਜਣਿਆਂ ਨੂੰ ਰਾਤ ਨੂੰ ਉੱਠ ਕੇ ਪਿਸ਼ਾਬ ਕਰਨ ਜਾਣਾ ਪੈਂਦਾ ਹੈ ਤੇ ਕੁਝ ਕੋਲੋਂ ਕਾਹਲ ਨਾਲ ਆਇਆ ਪਿਸ਼ਾਬ ਰੋਕਿਆ ਨਹੀਂ ਜਾਂਦਾ।
ਕਈ ਕੇਸਾਂ ਵਿੱਚ ਪਿਸ਼ਾਬ ‘ਚ ਲਹੂ ਵੀ ਆ ਸਕਦਾ ਹੈ। ਜੇ ਅਜਿਹੇ ਵਿੱਚ ਵੇਲੇ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਪਿਸ਼ਾਬ ਆਉਣਾ ਪੂਰੀ ਤਰ੍ਹਾਂ ਵੀ ਰੁਕ ਸਕਦਾ ਹੈ। ਇਸ ਤੋਂ ਇਲਾਵਾ ਪਥਰੀ ਬਣ ਸਕਦੀ ਹੈ, ਕੀਟਾਣੂਆਂ ਦਾ ਹਮਲਾ ਹੋ ਸਕਦਾ ਹੈ ਅਤੇ ਗੁਰਦਾ ਤਕ ਵੀ ਖ਼ਰਾਬ ਹੋ ਸਕਦਾ ਹੈ।
ਇਸ ਦੇ ਕਾਰਨ ਕੀ ਹਨ:
* ਵਧਦੀ ਉਮਰ ਨਾਲ ਹਾਰਮੋਨਾਂ ਦੀ ਗੜਬੜੀ ਆਮ ਹੀ ਕਾਰਨ ਹੈ।
1.    ਡਾਈਹਾਈਡਰੋ ਟੈਸਟੋਸਟੀਰੋਨ ਦੀ ਮਾਤਰਾ ਵਧਣ ਨਾਲ ਗਦੂਦ ਵਧਣਾ ਸ਼ੁਰੂ ਹੋ ਜਾਂਦਾ ਹੈ।
2. ਨੌਜਵਾਨਾਂ ਵਿੱਚ ਟੈਸਟੋਸਟੀਰੋਨ ਵੱਧ ਹੁੰਦਾ ਹੈ ਤੇ ਈਸਟਰੋਜਨ ਘੱਟ। ਪਰ, ਵਧਦੀ ਉਮਰ ਨਾਲ ਟੈਸਟੋਸਟੀਰੋਨ ਘੱਟ ਹੋ ਜਾਂਦਾ ਹੈ ਤੇ ਈਸਟਰੋਜਨ ਦੀ ਮਾਤਰਾ ਆਪਣੇ ਆਪ ਵੱਧ ਹੋ ਜਾਂਦੀ ਹੈ ਜਿਸ ਨਾਲ ਗਦੂਦ ਵਧਣ ਲੱਗ ਪੈਂਦਾ ਹੈ।
3. ਬਿਨਾਂ ਕਿਸੇ ਕਾਰਨ ਦੇ
4. ਟੱਬਰ ਵਿੱਚ ਪਹਿਲਾਂ ਵੀ ਅਜਿਹੀ ਸਮੱਸਿਆ ਹੋਵੇ
5. ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਤੇ ਸ਼ੱਕਰ ਰੋਗੀਆਂ ਵਿੱਚ ਇਹ ਤਕਲੀਫ਼ ਵੱਧ ਹੁੰਦੀ ਹੈ।
ਬਿਮਾਰੀ ਕਿਵੇਂ ਲੱਭੀ ਜਾਏ:
1.  ਉੱਪਰ ਦੱਸੇ ਲੱਛਣ ਹੋਣ
2. ਇੰਟਰਨੈਸ਼ਨਲ ਪਰੌਸਟੇਟ ਸਿਸਟਮ ਸਕੋਰ
ਇਸ ਵਿੱਚ ਇੱਕ ਫ਼ਾਰਮ ਭਰਨਾ ਹੁੰਦਾ ਹੈ, ਜਿਸ ਤੋਂ ਬਾਅਦ ਨੰਬਰ ਦਿੱਤੇ ਜਾਂਦੇ ਹਨ। ਉਹ ਨੰਬਰ ਜੋੜਨ ਬਾਅਦ ਬਿਮਾਰੀ ਕਿੰਨੀ ਵਧ ਚੁੱਕੀ ਹੈ, ਬਾਰੇ ਪਤਾ ਲੱਗ ਜਾਂਦਾ ਹੈ। ਪੂਰੀ ਦੁਨੀਆਂ ਵਿੱਚ ਇਹੀ ਇੱਕੋ ਫ਼ਾਰਮ ਭਰਿਆ ਜਾਂਦਾ ਹੈ।
ਇਸ ਫ਼ਾਰਮ ਵਿੱਚ ਪਿਛਲੇ ਇੱਕ ਮਹੀਨੇ ਵਿੱਚ ਅੱਗੇ ਦੱਸੇ ਲੱਛਣ ਕਿੰਨੀ ਵਾਰ ਮਹਿਸੂਸ ਹੋਏ, ਭਰਨਾ ਹੁੰਦਾ ਹੈ:
1. ਕਿੰਨੀ ਵਾਰ ਪਿਸ਼ਾਬ ਦੀ ਥੈਲੀ ਪੂਰੀ ਤਰ੍ਹਾਂ ਖਾਲੀ ਨਹੀਂ ਹੋਈ ਲੱਗੀ?
2. ਕਿੰਨੀ ਵਾਰ ਪਿਸ਼ਾਬ ਕਰਨ ਤੋਂ ਦੋ ਘੰਟੇ ਪੂਰੇ ਹੋਣ ਤੋਂ ਪਹਿਲਾਂ ਫ਼ਿਰ ਪਿਸ਼ਾਬ ਆਉਂਦਾ ਮਹਿਸੂਸ ਹੋਇਆ?
3.    ਕਿੰਨੀ ਵਾਰ ਪਿਸ਼ਾਬ ਕਰਦਿਆਂ ਹੋਇਆਂ ਰੁਕਾਵਟ ਮਹਿਸੂਸ ਹੋਈ ਤੇ ਫ਼ੇਰ ਜ਼ੋਰ ਲਾ ਕੇ ਪਿਸ਼ਾਬ ਕਰਨਾ ਪਿਆ?
4. ਕਿੰਨੀ ਵਾਰ ਕਾਹਲ ਵਿੱਚ ਮੀਟਿੰਗ ਜਾਂ ਹਥਲਾ ਕੰਮ ਛੱਡ ਕੇ ਭੱਜਣਾ ਪਿਆ?
5. ਕਿੰਨੀ ਵਾਰ ਪਿਸ਼ਾਬ ਦੀ ਧਾਰ ਪਤਲੀ ਮਹਿਸੂਸ ਹੋਈ?
6. ਕੀ ਰਾਤ ਵੇਲੇ ਜ਼ੋਰ ਲਾ ਕੇ ਪਿਸ਼ਾਬ ਕਰਨਾ ਪੈਂਦਾ ਹੈ? ਜੇ ਹਾਂ, ਤਾਂ ਮਹੀਨੇ ਵਿੱਚ ਕਿੰਨੀ ਵਾਰ?
7. ਰਾਤ ਨੂੰ ਕਿੰਨੀ ਵਾਰ ਉੱਠ ਕੇ ਪਿਸ਼ਾਬ ਕਰਨ ਜਾਣਾ ਪੈਂਦਾ ਹੈ?
ਇਸ ਸਾਰੇ ਜਵਾਬਾਂ ਤੋਂ ਮਰੀਜ਼ ਦੀ ਹਾਲਤ ਦਾ ਪਤਾ ਲਾਇਆ ਜਾ ਸਕਦਾ ਹੈ।
* ਕੁਝ ਟੈਸਟ ਕਰਨੇ ਜ਼ਰੂਰੀ ਹੁੰਦੇ ਹਨ ਜਿਵੇਂ:
* ਪਿਸ਼ਾਬ ਦਾ ਟੈਸਟ
* ਐਕਸ-ਰੇ
* ਟਰਾਂਸ ਰੈਕਟਲ ਅਲਟਰਾਸਾਊਂਡ ਤਾਂ ਜੋ ਕੈਂਸਰ ਬਾਰੇ ਪਤਾ ਲਾਇਆ ਜਾ ਸਕੇ
* ਡਾਕਟਰ ਕੋਲੋਂ ਚੈੱਕਅਪ (ਟੱਟੀ ਦੇ ਰਾਹ ਵੱਲੋਂ)
* ਲਹੂ ਵਿੱਚੋਂ ਪੀ.ਐਸ.ਏ. ਦਾ ਟੈਸਟ: ਪੀ.ਐਸ.ਏ. ਦਾ ਥੋੜ੍ਹਾ ਵਾਧਾ ਗਦੂਦ ਦੇ ਵਧਣ ਬਾਰੇ ਸੰਕੇਤ ਦਿੰਦਾ ਹੈ। ਪਰ, ਜੇ ਜ਼ਿਆਦਾ ਵਧ ਜਾਵੇ ਤਾਂ ਕੈਂਸਰ ਦੇ ਸ਼ੁਰੂ ਹੋਣ ਬਾਰੇ ਦੱਸ ਦਿੰਦਾ ਹੈ।
* ਸੀ.ਟੀ. ਯੂਰੋਗਰਾਮ ਸਕੈਨ
* ਪਿਸ਼ਾਬ ਦੇ ਰਾਹ ਦਾ ਫ਼ਲੋਮੀਟਰੀ ਟੈਸਟ-ਯੂਰੋਫ਼ਲੋਮੀਟਰੀ ਟੈਸਟ ਪਿਸ਼ਾਬ ਦੇ ਰਾਹ ਵਿੱਚ ਟਿਊਬ ਪਾ ਕੇ ਕੀਤਾ ਜਾਂਦਾ ਹੈ।
ਇਲਾਜ:
* ਜੇ ਲੱਛਣ ਥੋੜ੍ਹੇ ਹਨ ਤਾਂ ਤੁਰੰਤ ਇਲਾਜ ਦੀ ਲੋੜ ਨਹੀਂ। ਸਿਰਫ਼ ਰੈਗੂਲਰ ਚੈਕਅੱਪ ਕਰਵਾਉਣਾ ਚਾਹੀਦਾ ਹੈ।
* ਥੋੜ੍ਹੇ ਲੱਛਣ ਹੋਣ ਤਾਂ ਕੌਫ਼ੀ, ਚਾਹ ਤੇ ਸ਼ਰਾਬ ਸੇਵਨ ਘਟਾ ਦੇਣਾ ਚਾਹੀਦਾ ਹੈ। ਰੈਗੂਲਰ ਕਸਰਤ ਕਰਨੀ ਚਾਹੀਦੀ ਹੈ।
* ਜੇ ਗਦੂਦ ਜ਼ਿਆਦਾ ਵਧ ਗਿਆ ਹੋਵੇ ਤੇ ਲੱਛਣ ਵੱਧ ਹੋਣ ਤਾਂ ਖਾਣ-ਪੀਣ ਦੇ ਪਰਹੇਜ਼ ਦੇ ਨਾਲ ਫ਼ਿਨਾਸਟੇਰਾਈਡ ਅਤੇ ਡਿਊਟਾਸਟੇਰਾਈਡ ਦਵਾਈਆਂ ਡਾਕਟਰ ਦੀ ਸਲਾਹ ਨਾਲ ਵਰਤੀਆਂ ਜਾ ਸਕਦੀਆਂ ਹਨ।
ਇਹ ਦਵਾਈਆਂ ਡਾਈਹਾਈਡਰੋ ਟੈਸਟੋਸਟੀਰੋਨ ਦਾ ਗਦੂਦ ਉੱਤੇ ਅਸਰ ਘਟਾ ਦਿੰਦੀਆਂ ਹਨ। ਇੰਜ ਗਦੂਦ ਦਾ ਆਕਾਰ ਘਟ ਜਾਂਦਾ ਹੈ ਤੇ ਉਸ ਤੋਂ ਉਤਪੰਨ ਹੋ ਰਹੇ ਲੱਛਣ ਵੀ ਘਟ      ਜਾਂਦੇ ਹਨ।
*  ਐਲਫ਼ਾ ਬਲੌਕਰ ਵੀ ਵਰਤੇ ਜਾਂਦੇ ਹਨ। ਇਹ ਪਿਸ਼ਾਬ ਦੀ ਥੈਲੀ ਨੂੰ ਢਿੱਲਾ ਪਾ ਦਿੰਦੇ ਹਨ ਤਾਂ ਜੋ
ਸੌਖਿਆਂ ਪਿਸ਼ਾਬ ਕੀਤਾ ਜਾ ਸਕੇ। ਜਿਹੜੀਆਂ ਦਵਾਈਆਂ ਡਾਕਟਰ ਦੀ ਸਲਾਹ ਨਾਲ ਲਈਆਂ ਜਾ ਸਕਦੀਆਂ ਹਨ, ਉਹ ਹਨ- ਟੈਮਸੂਲੋਸਿਨ ਤੇ ਐਲਫ਼ਿਊਜ਼ੋਸਿਨ।
ਇਹ ਦਵਾਈਆਂ ਸਿਰਫ਼ ਡਾਕਟਰੀ ਸਲਾਹ ਨਾਲ ਹੀ ਲੈਣੀਆਂ    ਚਾਹੀਦੀਆਂ ਹਨ ਕਿਉਂਕਿ ਬੇਲੋੜੀ ਦਵਾਈ ਖਾਣ ਨਾਲ ਕਮਜ਼ੋਰੀ, ਸਿਰ  ਪੀੜ ਤੇ ਚੱਕਰ ਆ ਸਕਦੇ ਹਨ।
* ਜੇ ਦਵਾਈਆਂ ਉੱਕਾ ਹੀ ਅਸਰ ਛੱਡ ਜਾਣ ਤਾਂ ਅਪਰੇਸ਼ਨ ਦੀ ਲੋੜ ਪੈ ਸਕਦੀ ਹੈ।
ਗਦੂਦ ਦੇ ਵਾਧੇ ਦੇ ਮਰੀਜ਼ ਆਪਣਾ ਰਹਿਣ-ਸਹਿਣ ਦਾ ਢੰਗ ਕਿਵੇਂ ਤਬਦੀਲ ਕਰਨ:
1. ਸੌਣ ਤੋਂ ਦੋ ਘੰਟੇ ਪਹਿਲਾਂ ਕੁਝ ਵੀ ਪੀਣਾ ਨਹੀਂ ਚਾਹੀਦਾ। ਇੰਜ ਰਾਤ ਨੂੰ ਜਾਗਣ ਦੀ ਲੋੜ ਨਹੀਂ ਰਹਿੰਦੀ।
2. ਰਾਤ ਦੀ ਦਵਾਈ ਵੀ ਸ਼ਾਮ ਛੇ ਕੁ ਵਜੇ ਹੀ ਖਾ ਲੈਣੀ ਚਾਹੀਦੀ ਹੈ।
3. ਸ਼ਰਾਬ, ਕੌਫ਼ੀ ਤੇ ਚਾਹ ਨਾ ਦੇ ਬਰਾਬਰ ਹੀ ਲੈਣੇ ਚਾਹੀਦੇ ਹਨ। ਇਨ੍ਹਾਂ ਦੀ ਵਰਤੋਂ ਮਸਾਣੇ ਉੱਤੇ ਬਹੁਤ ਮਾੜਾ ਅਸਰ ਪਾਉਂਦੀ ਹੈ।
4. ਰੈਗੂਲਰ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਰੋਜ਼ 45 ਤੋਂ 60 ਮਿੰਟ ਤੇਜ਼ ਤੁਰਨ ਨਾਲ ਕਾਫ਼ੀ ਹੱਦ ਤਕ ਮਾੜੇ ਲੱਛਣਾਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ।
5. ਕਿਸੇ ਆਪਣੇ ਵਰਗੇ ਮਰੀਜ਼ ਨਾਲ ਰੋਜ਼ਾਨਾ ਜਾਂ ਇੱਕ ਅੱਧ ਦਿਨ ਛੱਡ ਕੇ ਗੱਲਬਾਤ ਕਰਦੇ ਰਹਿਣ ਨਾਲ ਤਣਾਓ ਤੇ ਢਹਿੰਦੀ ਕਲਾ ਨਹੀਂ ਆਉਂਦੀ ਕਿਉਂਕਿ ਇੰਜ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਮੁਸੀਬਤ ਸਿਰਫ਼
6. ਬਲੈਡਰ ਟਰੇਨਿੰਗ: ਇਸ ਨਾਲ ਪਿਸ਼ਾਬ ਦੇ ਮਸਾਣੇ ਨੂੰ ਤਗੜਾ ਕੀਤਾ ਜਾ ਸਕਦਾ ਹੈ। ਪਿਸ਼ਾਬ ਆਉਂਦਾ ਮਹਿਸੂਸ ਹੋਣ ਉੱਤੇ ਪੂਰੀ ਕੋਸ਼ਿਸ਼ ਨਾਲ ਦੋ ਘੰਟੇ ਤਕ ਰੋਕਣ ਲਈ ਆਪਣਾ ਧਿਆਨ ਕਿਸੇ ਹੋਰ ਥਾਂ ਕ੍ਰੇਂਦਿਤ ਕਰਨ ਨਾਲ ਮਸਾਣੇ ਦੀ ਤਾਕਤ ਵਧ ਜਾਂਦੀ ਹੈ। ਇਸ ਵਾਸਤੇ ਯੋਗ, ਹਲਕੀ ਸੈਰ, ਪੱਠਿਆਂ ਨੂੰ ਆਰਾਮ ਦੇਣ ਵਾਲੀਆਂ ਕਸਰਤਾਂ ਆਦਿ ਡਾਕਟਰ ਦੀ ਦੇਖ-ਰੇਖ ਹੇਠਾਂ ਕੀਤੀਆਂ ਜਾ ਸਕਦੀਆਂ ਹਨ।
7. ਸਹਿਵਾਸ ਵੇਲੇ ਕੰਡੋਮ ਦੀ ਵਰਤੋਂ ਜ਼ਰੂਰੀ ਹੈ ਤਾਂ ਜੋ ਮਸਾਣੇ ਦੀ ਤਾਕਤ ਬਰਕਰਾਰ ਰੱਖੀ ਜਾ ਸਕੇ।
ਗਦੂਦ ਨੂੰ ਵਧਣ ਤੋਂ ਕਿਵੇਂ ਰੋਕਿਆ ਜਾਵੇ:
ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਵਾਧੂ ਸਬਜ਼ੀਆਂ ਤੇ ਪ੍ਰੋਟੀਨ ਗਦੂਦ ਨੂੰ ਬੇਲੋੜਾ ਵਧਣ ਤੋਂ ਰੋਕ ਦਿੰਦੇ ਹਨ। ਲਾਲ ਮੀਟ ਤੇ ਥਿੰਦਾ ਗਦੂਦ ਨੂੰ ਵਧਾਉਂਦੇ ਹਨ ਇਸ ਲਈ ਇਨ੍ਹਾਂ ਤੋਂ ਪਰਹੇਜ਼ ਜ਼ਰੂਰੀ ਹੈ।
ਪ੍ਰੋਟੀਨ ਜਿਹੜੀ ਲਈ ਜਾ ਸਕਦੀ ਹੈ:
* ਅੰਡੇ; ਦੁੱਧ; ਸੋਇਆਬੀਨ; ਟੋਫ਼ੂ; ਮੱਛੀ; ਪਨੀਰ ਤੇ ਚਿਕਨ/ਮੁਰਗਾ
ਗਦੂਦ ਦੇ ਵਾਧੇ ਨਾਲ ਕਿਹੜੇ ਖ਼ਤਰੇ ਹਨ:
* ਪਿਸ਼ਾਬ ਵਿੱਚ ਪੀਕ ਪੈਣੀ
* ਪਿਸ਼ਾਬ ਦਾ ਇਕਦਮ ਰੁਕ ਜਾਣਾ
* ਕੈਂਸਰ ਵਿੱਚ ਤਬਦੀਲ ਹੋਣਾ
ਅੰਤ ਵਿੱਚ ਇਹ ਦੱਸਣਾ ਜ਼ਰੂਰੀ ਹੈ ਕਿ ਗਦੂਦ ਦਾ ਵਧਣਾ 50 ਸਾਲ ਦੀ  ਉਮਰ ਤੋਂ ਵੱਧ ਹਰ ਦਸ ਪੁਰਸ਼ਾਂ ਵਿੱਚੋਂ 4 ਨੂੰ ਜ਼ਰੂਰ ਹੁੰਦਾ ਹੈ ਤੇ 70 ਸਾਲਾਂ ਤੋਂ ਵਧ ਉਮਰ ਦੇ ਹਰ 4 ਪੁਰਸ਼ਾਂ ਵਿੱਚੋਂ 3 ਨੂੰ ਇਹ ਬਿਮਾਰੀ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ। ਇਸ ਦਾ ਇਲਾਜ ਅਤੇ ਪਰਹੇਜ਼ ਕਰ ਕੇ ਜ਼ਿੰਦਗੀ ਨੂੰ ਸਾਧਾਰਨ ਤਰੀਕੇ ਜੀਅ ਕੇ ਆਨੰਦ ਮਾਣਿਆ ਜਾ ਸਕਦਾ ਹੈ।
ਡਾ. ਹਰਸ਼ਿੰਦਰ ਕੌਰ

LEAVE A REPLY