ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿਖੇ ਇਕ ਚੋਣ ਰੈਲੀ ਕੀਤੀ ਗਈ।ਇਸ ਚੋਣ ਸਭਾ ਨੂੰ ਸੰਬੋਧਨ ਕਰਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਆਏ ਹੋਏ ਸਨ। ਅੱਜਕਲ੍ਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰਾ ਦਮ-ਖਮ ਦਿਖਾ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸੁਣਨ ਤਾਂ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਹਨ। 10 ਜਨਵਰੀ ਨੂੰ ਮੁਹਾਲੀ ਵਿੱਚ ਹੋਈ ਚੋਣਰੈਲੀ ਵਿੱਚ ਵੀ ਵੱਡਾ ਇਕੰਠ ਸੀ, ਜਿਸਨੂੰ ਵੇਖ ਕੇ ਮਨੀਸ਼ ਸਸੋਦੀਆ ਗਦਗਦ ਹੋ ਗਿਆ ਅਤੇ ਇਕ ਵੱਡਾ ਬਿਆਨ ਦਾਗ ਗਿਆ। ਸਸੋਦੀਆ ਨੇ ਕਿਹਾ ਕਿ ਪੰਜਾਬ ਦੇ ਵੋਟਰ ਇਹ ਮੰਨ ਕੇ ਵੋਟ ਦੇਣ ਕਿ ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣਾ ਹੈ। ਸਸੋਦੀਆ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਧੂਮ ਮਚੀ ਹੋਈ ਹੈ ਅਤੇ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲੇ ਹਨ। ਪੰਜਾਬ ਵਿੱਚ ਸਾਡਾ ਮੁਕਾਬਲਾ ਨਸ਼ੇ ਅਤੇ ਬੇਈਮਾਨੀ ਦੇ ਸੁਦਾਗਰਾਂ ਨਾਲ ਹੈ। ਪੰਜਾਬ ਦੇ ਲੋਕ ਆਪਣੇ ਆਪ ਨੂੰ ਅਜਿਹੀ ਸਰਕਾਰ ਦੇਣ ਵਾਲੇ ਹਨ ਜੋ ਰਾਜ ਨੁੰ ਭ੍ਰਿਸ਼ਟਾਚਾਰ ਅਤੇ ਨਸ਼ੇ ਤੋਂ ਮੁਕਤ ਬਣਾਏਗੀ।
ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਦੂਜੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਦੇ ਮੂੰਹੋਂ ਇਹ ਗੱਲ ਸੁਣ ਕੇ ਲੋਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਪਾਉਣ, ਸਿਆਸੀ ਹਲਕਿਆਂ ਵਿੱਚ ਵਿਵਾਦਪੂਰਨ ਚਰਚਾ ਸ਼ੁਰੂ ਹੋਣੀ ਸੁਭਾਵਿਕ ਸੀ। ਸਭ ਤੋਂ ਪਹਿਲੀ ਪ੍ਰਤੀਕਿਰਿਆ ਤ੍ਰਿਣਾਮੂਲ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਜਗਮੀਤ ਸਿੰਘ ਬਰਾੜ ਦੀ ਸੀ। ਪੰਜਾਬ ਇਕ ਗੈਰ-ਪੰਜਾਬੀ ਨੂੰ ਮੁੱਖ ਮੰਤਰੀ ਕਿਉਂ ਬਣਾਏਗਾ। ਕੀ ਪੰਜਾਬੀਆਂ ਕੋਲ ਮੁੱਖ ਮੰਤਰੀ ਦੇ ਚਿਹਰੇ ਖਤਮ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿੱਖਾ ਪ੍ਰਤੀਕਰਮ ਕੀਤਾ ਹੈ। ਕਾਂਗਰਸੀਆਂ-ਅਕਾਲੀਆਂ ਅਤੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ‘ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ।’ ਸਸੋਦੀਆ ਨੇ ਇਹ ਬਿਆਨ ਜਾਣ-ਬੁੱਝ ਕੇ ਦਿੱਤਾ ਹੈ। ਇਨ੍ਹਾਂ ਦਿਨਾਂ ਵਿੱਚ ਭਗਵੰਤ ਮਾਨ ਵੀ ਮੁੱਖ ਮੰਤਰੀ ਦੀ ਕੁਰਸੀ ਦੀ ਚਰਚਾ ਗਾਹੇ-ਵਗਾਹੇ ਕਰ ਰਿਹਾ ਹੈ। ਜਦੋਂ ਭਗਵੰਤ ਮਾਨ ਦੀ ਇਸ ਇੱਛਾ ਬਾਰੇ ਪੰਜਾਬ ਕੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਸਦਾ ਫ਼ੈਸਲਾ ਪਾਰਟੀ ਕਰੇਗੀ। ਜੇ ਪਾਰਟੀ ਮੈਨੂੰ ਇਹ ਜ਼ਿੰਮੇਵਾਰੀ ਦੇਣਾ ਚਾਹੇਗੀ ਤਾਂ ਮੈਂ ਵੀ ਇਸ ਲਈ ਤਿਆਰ ਹਾਂ। ‘ਆਪ’ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਸੰਭਾਵੀ ਉਮੀਦਵਾਰਾਂ ਵਿੱਚ ਐਡਵੋਕੇਟ ਐਚ. ਐਸ. ਫ਼ੂਲਕਾ ਦਾ ਨਾਂ ਵੀ ਚਰਚਾ ਵਿੱਚ ਆਉਂਦਾ ਰਿਹਾ ਹੈ। ਮੈਂ ਆਪਣੇ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਪਟਿਆਲਾ ਸ਼ਹਿਰ ਤੋਂ ‘ਆਪ’ ਉਮੀਦਵਾਰ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਡਾ. ਬਲਵੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ, ਗੁਰਪ੍ਰੀਤ ਸਿੰਘ ਵੜੈਚ, ਐਚ. ਐਸ. ਫ਼ੂਲਕਾ ਅਤੇ ਕੰਵਰ ਸੰਧੂ ਵਰਗੇ ਨੇਤਾਵਾਂ ਵਿੱਚੋਂ ਕਿਸੇ ਨੂੰ ਵੀ ਪਾਰਟੀ ਮੁੱਖ ਮੰਤਰੀ ਬਣਾ ਸਕਦੀ ਹੈ। ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਬਹੁਤ ਵਾਰ ਸਵਾਲ ਕੀਤਾ ਗਿਆ ਅਤੇ ਹਮੇਸ਼ਾਂ ਗੋਲ-ਮੋਲ ਜਵਾਬ ਹੀ ਮਿਲਿਆ ਕਿ ਸਮਾਂ ਆਉਣ ‘ਤੇ ਦੱਸ ਦੇਵਾਂਗੇ।
ਸਸੋਦੀਆ ਦੇ ਬਿਆਨ ਨੂੰ ਕਿਸ ਕਿਸਮ ਦਾ ਸੰਕੇਤ ਸਮਝਿਆ ਜਾਵੇ। ਕੀ ਅਰਵਿੰਦ ਕੇਜਰੀਵਾਲ ਪੰਜਾਬ ਦੀ ਸੱਤਾ ਹਾਸਲ ਕਰਨੀ ਚਾਹੁੰਦਾ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਦਿੱਲੀ ਵਿੱਚ ਅਰਵਿੰਦ ਕੋਲ ਸੱਤਾ ਪੂਰੀ ਨਹੀਂ ਹੈ। ਉਹ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕੌਮੀ ਲੀਡਰ ਬਣਨ ਵਾਲੇ ਆਪਣੇ ਸੁਪਨੇ ਨੂੰ ਹਕੀਕਤ ਵਿੱਚ ਬਦਲਣਾ ਚਾਹੁੰਦਾ ਹੈ। ਜੇ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਦਾ ਹੈ ਤਾਂ ਮਨੀਬ ਸੋਸਦੀਆ ਲਈ ਦਿੱਲੀ ਦਾ ਮੁੱਖ ਮੰਤਰੀ ਬਣਨਾ ਤਹਿ ਹੈ। ਇਹ ਵੀ ਚਰਚਾ ਹੈ ਕਿ ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਨੇ ਕੋਈ ਅਜਿਹਾ ਨੇਤਾ ‘ਆਪ’ ਵਿੱਚ ਨਹੀਂ ਰੱਖਿਆ, ਜਿਸਦਾ ਮੁੱਖ ਮੰਤਰੀ ਦੇ ਅਹੁਦੇ ਮੁਤਾਬਕ ਕੱਦ ਹੋਵੇ। ਦੂਜੇ ਪਾਸੇ ਇਹ ਵੀ ਇਸ਼ਾਰੇ ਮਿਲ ਰਹੇ ਹਨ ਕਿ ਭਗਵੰਤ ਮਾਨ ਜਨੂੰਨ ਦੀ ਹੱਦ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਨਿਗ੍ਹਾ ਟਿਕਾਅ ਕੇ ਬੈਠਾ ਹੈ। ਜੇ ਆਮ ਆਦਮੀ ਪਾਰਟੀ ਬਹੁਗਿਣਤੀ ਲੈ ਜਾਂਦੀ ਹੈ ਤਾਂ ਮੁੱਖ ਮੰਤਰੀ ਦੇ ਅਹੁਦੇ ‘ਤੇ ਸਹਿਮਤੀ ਹੋਣਾ ਆਸਾਨ ਨਹੀਂ ਹੋਵੇਗਾ। ਸ਼ਾਇਦ ਅਜਿਹੇ ਹਾਲਾਤ ਅਰਵਿੰਦ ਕੇਜਰੀਵਾਲ ਲਈ ਸਾਜ਼ਗਾਰ ਹੋਣਗੇ।
ਕੀ ਮੁਹਾਲੀ ਵਿਖੇ ਦਿੱਤਾ ਸਸੋਦੀਆ ਦਾ ਬਿਆਨ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਹਾਲਾਤ ਪੈਦਾ ਕਰਨ ਦੀ ਸ਼ੁਰੂਆਤ ਹੈ? ਕੀ ਇਸ ਦਾ ਪੰਜਾਬ ਦੇ ਵੋਟਰਾਂ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ‘ਤੇ ਸਕਾਰਾਤਮਕ ਅਸਰ ਪਵੇਗਾ ਜਾਂ ਫ਼ਿਰ ਵਿਰੋਧੀ ਪਾਰਟੀਆਂ ਵੱਲੋਂਆ ਰਹੇ ਪ੍ਰਤੀਕਰਮ ‘ਆਪ’ ਪਾਰਟੀ ਦੇ ਵਿਰੁੱਧ ਜਾਣਗੇ। ਪੰਜਾਬ ਦੀ ਸਿਆਸਤ ਵਿੱਚ ਗੈਰ-ਪੰਜਾਬੀ, ਗੈਰ ਜੱਟ ਅਤੇ ਹਿੰਦੂ ਮੁੱਖ ਮੰਤਰੀ ਹੋਣਾ ਵੱਡਾ ਇਨਕਲਾਬੀ ਕਦਮ ਹੋਵੇਗਾ। ਸਸੋਦੀਆ ਦਾ ਇਹ ਬਿਆਨ 4 ਫ਼ਰਵਰੀ ਦੀ ਚੋਣ ਵਿੱਚ ਉਲਟ ਵੀ ਜਾ ਸਕਦਾ ਹੈ ਅਤੇ ‘ਆਪ’ ਦਾ ਨੁਕਸਾਨ ਵੀ ਕਰ ਸਕਦਾ ਹੈ।
ਤੇਜ ਬਹਾਦਰ ਦੀ ਵੀਡੀਓ ਵਾਇਰਲ
‘ਹਮਾਰੀ ਕਿਆ ਸਿਚੁਏਸ਼ਨ ਹੈ, ਯੇ ਨਾ ਕੋਈ ਮੀਡੀਆ ਦਿਖਾਤਾ ਹੈ, ਨਾ ਕੋਈ ਮਨਿਸਟਰ ਸੁਨਤਾ ਹੈ, ਕੋਈ ਭੀ ਸਰਕਾਰੇਂ ਆਏਂ ਹਮਾਰੇ ਹਾਲਾਤ ਬਦਤਰ ਹੈਂ। ਮੈਂਆਪਕੋ ਤੀਨ ਵੀਡੀਓ ਭੇਜੂੰਗਾ। ਮੈਂ ਚਾਹਤਾ ਹੂੰ ਆਪ ਪੂਰੇ ਦੇਸ਼ ਕੀ ਮੀਡੀਆ ਕੋ, ਨੇਤਾਉਂ ਕੋ ਦਿਖਾਏਂ ਕਿ ਹਮਾਰੇ ਅਧਿਕਾਰੀ ਹਮਾਰੇ ਸਾਥ ਕਿਤਨਾ ਅੱਤਿਆਚਾਰ ਵ ਅਨਿਆਏ ਕਰਤੇ ਹੈਂ। ਇਸ ਵੀਡੀਓ ਕੋ ਜ਼ਿਆਦਾ ਸੇ ਜ਼ਿਆਦਾ ਫ਼ੈਲਾਏਂ ਤਾਂ ਕਿ ਮੀਡੀਆ ਜਾਂਚ ਕਰੇ ਕਿ ਕਿਨ ਹਾਲਾਤੋਂ ਮੇਂ ਜਵਾਨ ਕਾਮ ਕਰਤੇ ਹੈਂ।”
ਇਹ ਬਿਆਨ ਜੰਮੂ-ਕਸ਼ਮੀਰ ਵਿੱਚ ਤਾਇਨਾਤ ਬੀ. ਐਸ. ਐਫ਼. ਦੀ 4ਵੀਂ ਬਟਾਲੀਅਨ ਦੇ ਕਾਂਸਟੇਬਲ ਤੇਜ ਬਹਾਦਰ ਯਾਦਵ ਦਾ ਹੈ। ਜਿਸਨੇ ਚਾਰ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਦੰਸਿਆ ਹੈ ਕਿ ਇੰਨੀ ਸਰਦੀ ਅਤੇ ਬਰਫ਼ਬਾਰੀ ਦੇ ਵਿੱਚ ਡਿਊਟੀ ਕਰ ਰਹੇ ਜਵਾਨਾਂ ਨੂੰ ਬਹੁਤ ਘਟੀਆ ਖਾਣਾ ਦਿੱਤਾ ਜਾ ਰਿਹਾ ਹੈ। ਨਾਸ਼ਤੇ ਵਿੱਚ ਸਿਰਫ਼ ਇਕ ਪਰੌਂਠਾ, ਚਾਹ ਨਾਲ ਖਾਣ ਨੂੰ ਮਿਲਦਾ ਹੈ। ਫ਼ਿਰ ਰੋਟੀਆਂ ਤੇ ਦਾਲ ਦੇ ਨਾਮ ‘ਤੇ ਹਲਦੀ ਅਤੇ ਨਮਕ ਵਾਲਾ ਪਾਣੀ ਪੀਣ ਲਈ ਮਜਬੂਰ ਹਨ। ਕਦੇ ਕਦੇ ਤਾਂ ਭੁੱਖੇ ਵੀ ਰਹਿਣਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਉਹ ਦਸ ਦਸ ਘੰਟੇ ਡਿਊਟੀ ਕਰਦੇ ਹਨ। ਤੇਜ ਬਹਾਦਰ ਨੇ ਇਲਜ਼ਾਮ ਲਾਇਟਾ ਕਿ ਸਰਕਾਰ ਤਾਂ ਸਭ ਕੁਝ ਭੇਜੀਦ ਹੈ ਪਰ ਉਚ ਅਧਿਕਾਰੀ ਜਵਾਨਾਂ ਦੇ ਰਾਸ਼ਨ ਨੂੰ ਮਾਰਕੀਟ ਵਿੱਚ ਵੇਚ ਦਿੰਦੇ ਹਨ।
ਤੇਜ ਬਹਾਦਰ ਯਾਦਵ ਦੀ ਵਾਇਰਲ ਹੋਈ ਵੀਡੀਓ ਨੂੰ 26 ਲੱਖ ਤੋਂ ਵੀ ਵੱਧ ਲੋਕਾਂ ਨੇ ਦੇਖਿਆ ਅਤੇ ਸ਼ੇਅਰ ਕੀਤਾ। ਜਦੋਂ ਇਹ ਵੀਡੀਓ ਕਲਿਪ ਸੋਸ਼ਲ ਮੀਡੀਆ ਤੋਂ ਲੈ ਕੇ ਟੀ. ਵੀ. ਮੀਡੀਆ ਨੇ ਵਿਖਾਏ ਤਾਂ ਦੇਸ਼ ਵਿੱਚ ਤਰਥੱਲੀ ਮੱਚ ਗਈ। ਲੋਕਾਂ ਦੇ ਦਿਲਾਂ ਵਿੱਚ ਜਵਾਨਾਂ ਲਈ ਹਮਦਰਦੀ ਪੈਦਾ ਹੋਈ ਜੋ ਕਿ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨਾਲ ਸ਼ੇਅਰ ਕੀਤੀ।ਕਾਂਸਟੇਬਲ ਤੇਜ ਬਹਾਦਰ ਨੇ ਨਾ ਸਿਰਫ਼ ਆਪਦੇ ਉਚ ਅਧਿਕਾਰੀਆਂ, ਸਰਕਾਰ ਤੇ ਮੰਤਰੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜ੍ਹਾ ਕੀਤਾ ਸਗੋਂ ਦੇਸ਼ ਦੇ ਮੀਡੀਆ ਦੀ ਵਿਸ਼ਵਾਸ ਯੋਗਤਾ ‘ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ। ਯਾਦਵ ਦੇ ਇਸ ਕਦਮ ਨੇ ਗ੍ਰਹਿ ਮੰਤਰਾਲੇ ਨੂੰ ਤੁਰੰਤ ਕਾਰਵਾਈ ਕਰਨ ਲਈ ਮਜਬੂਰ ਕਰ ਦੱਿਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ। ਬੀ. ਐਸ. ਐਫ਼. ਨੇ ਆਪਣੀ ਸ਼ੁਰੂਆਤੀ ਰਿਪੋਰਟ ਵਿੱਚ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਆਈ. ਜੀ. ਪੱਧਰ ਦੇ ਅਧਿਕਾਰੀ ਕਰਨਗੇ। ਪੜਤਾਲ ਦੀ ਨਿਰਪੱਖਤਾ ਬਣਾਈ ਰੱਖਣ ਲਈ ਤੇਜ ਬਹਾਦਰ ਦਾ ਤਬਾਦਲਾ ਦੂਜੀ ਯੂਨਿਟ ਵਿੱਚ ਕਰ ਦਿੱਤਾ ਗਿਆ ਹੈ। ਮੈਸ ਕਮਾਂਡਰ ਨੂੰ ਵੀ ਛੁੱਟੀ ਭੇਜ ਦਿੱਤਾ ਗਿਆ। ਉਂਝ ਬੀ. ਐਸ. ਐਫ਼. ਦੇ ਉਚ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਕਾਂਸਟੇਬਲ ਤੇਜ ਬਹਾਦਰ ਯਾਦਵ ਦਾ ਸਰਵਿਸ ਰਿਕਾਰਡ ਅੱਛਾ ਨਹੀਂ ਹੈ। ਬੀ. ਐਸ. ਐਫ਼. ਦੇ ਜੰਮੂ ਰੇਂਜ ਦੇ ਆਈ. ਜੀ. ਡੀ. ਕੇ. ਉਪਾਧਿਆਏ ਦਾ ਕਹਿਣਾ ਹੈ ਕਿ ਮੈਂ ਹੈਰਾਨ ਹਾਂ ਕਿ ਉਸਨੇ ਇਹ ਵੀਡੀਓ ਅਪਲੋਡ ਕਿਸ ਤਰ੍ਹਾਂ ਕਰ ਦਿੱਤਾ। ਵੈਸੇ ਉਸਦਾ ਰਿਕਾਰਡ ਅੱਛਾ ਨਹੀਂ। ਉਸਦੇ ਪਰਿਵਰ ਦੀ ਹਾਲਤ ਨੂੰ ਵੇਖਦੇ ਹੋਏ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।”
ਦੂਜੇ ਪਾਸੇ ਤੇਜ ਬਹਾਦਰ ਯਾਦਵ ਦਾ ਕਹਿਣਾ ਹੈ ਕਿ ਉਸਨੂੰ ਪਤਾ ਹੈ ਕਿ ਉਸਦੇ ਇਸ ਕੰਮ ਦੀ ਉਸਨੁੰ ਸਜ਼ਾ ਮਿਲੇਗੀ ਪਰ ਮੇਰੀ ਇਸ ਹਿੰਮਤ ਨਾਲ ਬਾਕੀ ਜਵਾਨਾਂ ਦਾ ਫ਼ਾਇਦਾ ਹੋਵੇਗਾ। ਉਸਦੀ ਇਹ ਗੱਲ ਹੈ ਵੀ ਦਰੁੱਸਤ ਕਿਉਂਕਿ ਤੇਜ ਬਹਾਦਰ ਦੀ ਕਾਰਵਾਈ ਨੇ ਸਾਰੇ ਦੇਸ਼ ਦਾ ਧਿਆਨ ਖਿੱਚਿਆ ਹੈ। ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਲੋਕਤੰਤਰ ਵਿੱਚ ਅਨੁਸ਼ਾਸਨ ਵਿੱਚ ਰਹਿਣ ਵਾਲੇ ਸੁਰੱਖਿਆ ਬਲਾਂ ਵਿੱਚ ਪਾਰਦਰਸ਼ਤਾ ਕਾਇਮ ਕੀਤੀ ਜਾਵੇ। ਤੇਜ ਬਹਾਦਰ ਯਾਦਵ ਨੇ ਦੇਸ਼ ਦੀ ਮੁੱਖ ਧਾਰਾ ਮੀਡੀਆ ਨੂੰ ਵੀ ਦਰਪਣ ਵਿਖਾਇਆ ਹੈ ਜੋ ਇਕਪਾਸੜ ਕਵਰੇਜ਼ ਕਰਨ ਨੂੰ ਹੀ ਤਰਜੀਹ ਦਿੰਦਾ ਹੈ ਅਤੇ ਆਮ ਲੋਕਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਯਾਦਵ ਦੀ ਇਸ ਕਾਰਵਾਈ ਨੇ ਇਕ ਵਾਰ ਫ਼ਿਰ ਸੋਸ਼ਲ ਮੀਡੀਆ ਦੀ ਮਹੱਤਤਾ ਨੂੰ ਅੱਗੇ ਲਿਆਂਦਾ ਹੈ।

LEAVE A REPLY