kahaniya-300x150ਇਹ ਮੇਰੀ ਬਦਕਿਸਮਤੀ ਸੀ ਕਿ ਮੈਂ ਮਰਿਆ ਵੀ ਤਾਂ ਐਤਵਾਰ ਦੇ ਦਿਨ। ਬੇਕਾਰ ਹੀ ਇੱਕ ਛੁੱਟੀ ਖਰਾਬ ਹੋ ਗਈ। ਮੁਹੱਲੇ ਦੀਆਂ ਔਰਤਾਂ ਜਮ੍ਹਾਂ ਹੋ ਗਈਆਂ। ਮੈਨੂੰ ਬੜਾ ਦੁੱਖ ਹੋਇਆ ਜਿਉਂਦੇ ਜੀਅ ਜਿਨ੍ਹਾਂ ਔਰਤਾਂ ਦੇ ਦਰਸ਼ਨ ਨਹੀਂ ਸੀ ਕਰ ਸਕਿਆ, ਅੱਜ ਉਹ ਬੇਪਰਦਾ ਮੇਰੇ ਸਾਹਮਣੇ ਖੜ੍ਹੀਆਂ ਸਨ। ਮੇਰੀ ਪਤਨੀ ਜਨਾਜ਼ਾ ਦੇਖ ਕੇ ਰੋਣ ਲੱਗੀ। ਮੁਹੱਲੇ ਦੀਆਂ ਜਵਾਨ ਔਰਤਾਂ ਨੇ ਸਮਝਾਇਆ, ਪਾਗਲ ਹੋ ਗਈ ਏ। ਮਰਨ ਵਾਲੇ ਦੇ ਪਿਛੇ ਰੋਈਦਾ ਨਹੀਂ। ਹਾਲੇ ਤੇਰੀ ਉਮਰ ਹੀ ਕੀ ਹੈ।’ ਮੇਰੀ ਪਤਨੀ ਨੇ ਪਾਣੀ ਪੀਤਾ ਫ਼ਿਰ ਆਦਤ ਅਨੁਸਾਰ ਮੇਰੀਆਂ ਜੇਬਾਂ ਫ਼ਰੋਲਣ ਲੱਗੀ। ਕਮੀਜ਼ ਦੇ ਜੇਬ ‘ਚੋਂ ਤੀਹ ਪੈਸੇ ਨਿਕਲੇ। ਫ਼ੁਲ ਪੈਂਟ ਦੀ ਜੇਬ ਟੋਹ ਕੇ ਉਸ ਨੇ ਪਾਸ ਬੁਕ ਕੱਢੀ ਬੈਂਕ ਦਾ ਵਿਆਜ ਜੋੜ ਕੇ ਕੁਲ ਪੰਜ ਰੁਪਏ ਬਿਆਲੀ ਪੈਸੇ ਜਮ੍ਹਾਂ ਸਨ। ਉਹ ਧਾਹ ਮਾਰ ਕੇ ਬੇਹੋਸ਼ ਹੋ ਗਈ। ਇੱਕ ਅਧਖੜ ਔਰਤ ਨੇ ਕਿਹਾ, ‘ਵਿੱਚਾਰੀ ਤੋਂ ਪਤੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਹੋ ਰਿਹਾ।’ ਮੇਰੀ ਮੌਤ ਦਾ ਸਭ ਤੋਂ ਬਹੁਤਾ ਦੁੱਖ ਮੌਲਾਨਾ ਸੈਫ਼ੁਦੀਨ ਦੀ ਲੜਕੀ ਨੂੰ ਹੋਇਆ। ਜਿਸ ਨੂੰ ਮੈਂ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਾਉਂਦਾ ਸੀ। ਉਹ ਮੈਨੂੰ ਅਕਸਰ ਪੁੱਛਦੀ,’ਸਰ ਕੀ ਮੈਂ ਮੋਟੀ ਹੋ ਗਈ ਹਾਂ? ਮੈਂ ਬੇਵਕੂਫ਼ ਮਾਸਟਰ ਦੀ ਤਰ੍ਹਾਂ ਉਸ ਨੂੰ ‘ਜੂਲੀਅਸ ਸੀਜ਼ਰ’ ਪੜ੍ਹਾਉਣ ਲੱਗਦਾ। ਮੇਰੀ ਮੌਤ ਦੀ ਖ਼ਬਰ ਸੁਣ ਕੇ ਸਭ ਤੋਂ ਪਹਿਲਾਂ ਮੇਰੇ ਘਰ ਪਹੁੰਚਣ ਵਾਲਾ ਵਿਅਕਤੀ ਮੇਰਾ ਹੈਡ ਮਾਸਟਰ ਸੀ। ਉਹ ਖੂਬ ਰੋਇਆ। ਮੈਂ ਉਸ ਤੋਂ ਸੌ ਰੁਪਏ ਉਧਾਰ ਲੈ ਰੱਖੇ ਸਨ। ਗਵਾਂਢੀਆਂ ਨੇ ਬੜਾ ਸਮਝਾਇਆ ਪਰ ਉਹ ਅਖੀਰ ਤਕ ਮੇਰੀ ਲਾਸ਼ ਨਾਲ ਲਿਪਟ ਲਿਪਟ ਕੇ ਰੋਂਦਾ ਰਿਹਾ। ਲੋਕ ਕਹਿ ਰਹੇ ਸਨ, ‘ਹੈਡਮਾਸਟਰ ਹੋਵੇ ਤਾਂ ਇਹੋ ਜਿਹਾ ਆਪਣੇ ਮਤਾਹਿਤ ਲਈ ਕਿੰਨੀ ਹਮਦਰਦੀ ਹੈ ਇਸ ਦੇ ਦਿਲ ‘ਚ। ਸ਼ਾਇਦ ਇਸ ਤੋਂ ਜ਼ਿਆਦਾ ਸਦਮਾ ਤਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਵੀ ਨਹੀਂ ਹੋਇਆ ਹੋਣਾ। ਇਸ ਤੋਂ ਬਾਅਦ ਧਾਹਾਂ ਮਾਰ ਰੋਣ ਵਾਲਿਆਂ ‘ਚ ਮੇਰਾ ਮਕਾਨ ਮਾਲਕ ਤੇ ਉਹ ਦੁਕਾਨਦਾਰ ਸੀ ਜਿਸ ਤੋਂ ਮੈਂ ਕਣਕ ਤੇ ਚੌਲ ਖਰੀਦਦਾ ਸਾਂ। ਮੇਰੇ ਲਈ ਸਵਾ ਰੁਪਏ ਦਾ ਕਫ਼ਨ ਖਰੀਦਿਆ ਗਿਆ। ਪਤਨੀ ਨੇ ਰੋਂਦੇ ਹੋਏ ਕਿਹਾ, ‘ਮੇਰੇ ਪਤੀ ਦੀ ਆਖਰੀ ਖਾਹਸ਼ ਸੀ ਕਿ ਉਸ ਨੂੰ ਸਾਦਗੀ ਨਾਲ ਦਫ਼ਨਾਇਆ ਜਾਵੇ।’ ਉਹਨੇ ਇਧਰੋਂ ਉਧਰੋਂ ਇੱਕੱਠੇ ਕੀਤੇ ਪੈਸਿਆਂ ਨਾਲ ਕਫ਼ਨ ਦਾ ਬਿੱਲ ਚੁਕਾਇਆ। ਲੋਕਾਂ ਨੇ ਬੜਾ ਸਮਝਾਇਆ ਪਰ ਉਹ ਵਾਲ ਖੋਂਹਦੀ ਤੇ ਰੋਂਦੀ ਰਹੀ। ਕਫ਼ਨ ਦੇ ਬਿੱਲ ਨਾਲ ਉਸ ਦੀ ਹਿੰਮਤ ਟੁੱਟ ਗਈ ਸੀ। ਉਹ ਰੋਂਦੀ ਵਿਲਕਦੀ ਰਹੀ ਤੇ ਮੇਰਾ ਜਨਾਜ਼ਾ ਵਿਹੜੇ ‘ਚੋਂ ਬਾਹਰ ਲਿਆ ਕੇ ਸੜਕ ‘ਤੇ ਰੱਖ ਦਿੱਤਾ ਗਿਆ। ਜਨਾਜ਼ੇ ਨੂੰ ਮੋਢਾ ਦੇਣ ਵਾਲਿਆਂ ‘ਚ ਸਭ ਤੋਂ ਪਹਿਲਾ ਆਦਮੀ ਮੇਰਾ ਧੋਬੀ ਸੀ। ਕਹਿਣ ਲੱਗਾ, ‘ਭਾਈ ਹੋਣੀ ਨੂੰ ਕੌਣ ਟਾਲ ਸਕਦਾ ਹੈ। ਮਰਨ ਵਾਲਾ ਤਾਂ ਮਰ ਗਿਆ ਪਰ ਮੈਨੂੰ ਹਮੇਸ਼ਾਂ ਯਾਦ ਰਹੇਗਾ। ਇਸ ਦੀ ਕਮੀਜ਼ ਨੂੰ ਪੂਰੀ ਇੱਕ ਚਾਕੀ ਸਾਬਣ ਲੱਗਦਾ ਸੀ। ਹੁਣ ਇਹ ਸਫ਼ੈਦ ਚਕਾਚਕ ਕਫ਼ਨ ਦੇਖਕੇ ਮੈਨੂੰ ਰੋਣਾ ਆ ਰਿਹਾ ਹੈ।’ ਮੋਢਾ ਦੇਣ ਵਾਲਾ ਦੂਸਰਾ ਵਿਅਕਤੀ ਮੇਰੇ ਹੀ ਸਕੂਲ ਦਾ ਮਾਸਟਰ ਸੀ ਜੋ ਦਿਲੋਂ ਮੈਨੂੰ ਗਾਲਾਂ ਦੇ ਰਿਹਾ ਸੀ,’ਸਾਲੇ ਨੇ ਐਤਵਾਰ ਨੂੰ ਈ ਮਰਨਾ ਸੀ। ਐ ਖ਼ੁਦਾ ਹੋਰ ਜੋ ਮਰਜ਼ੀ ਕਰੀਂ, ਕਿਸੇ ਨੂੰ ਐਤਵਾਰ ਦੀ ਮੌਤ ਨਾ ਦੇਵੀਂ।’ ਤੀਜੇ ਮੋਢੇ ‘ਤੇ ਮੌਲਾਨਾ ਸੈਫ਼ੁਦੀਨ ਸੀ ਜੋ ਬੀੜੀ ਦਾ ਤੰਬਾਕੂ ਮੂੰਹ ‘ਚ ਦਬਾਈ ਜਨਾਜ਼ਾ ਢੋ ਰਹੇ ਸਨ। ਉਹ ਉਤੋਂ ਦੁਖੀ ਪਰ ਅੰਦਰੋਂ ਬਹੁਤ ਖੁਸ਼ ਸਨ। ਮੈਂ ਉਨ੍ਹਾਂ ਤੋਂ ਹਾਲੇ ਇੱਕ ਮਹੀਨੇ ਦੀ ਟਿਊਸ਼ਨ ਦੇ ਪੈਸੇ ਲੈਣੇ ਸਨ। ਚੌਥੇ ਮੋਢੇ ਹੇਠਾਂ ਮੇਰਾ ਇੱਕ ਵਿਦਿਆਰਥੀ ਸੀ। ਉਸ ਨੂੰ ਮੇਰੀ ਮੌਤ ਦਾ ਕੋਈ ਦੁੱਖ ਨਹੀਂ ਸੀ। ਕਿਉਂਕਿ ਹੋਰ ਕੋਈ ਚੌਥਾ ਹੱਟਾ ਕੱਟਾ ਆਦਮੀ ਮਿਲਿਆ ਨਹੀਂ। ਇਸ ਲਈ ਲੋਕਾਂ ਨੇ ਚੌਥਾ ਮੋਢਾ ਉਸ ‘ਤੇ ਟਿਕਾ ਦਿੱਤਾ ਸੀ। ਰੇਲਵੇ ਫ਼ਾਟਕ ਬੰਦ ਸੀ ਇਸ ਲਈ ਜਨਾਜ਼ਾ ਥੋੜ੍ਹੀ ਦੇਰ ਲਈ ਹੇਠਾਂ ਉਤਾਰ ਲਿਆ ਗਿਆ। ਜਨਾਜ਼ੇ ‘ਚ ਸ਼ਾਮਲ ਲੋਕਾਂ ‘ਚੋਂ ਇੱਕ ਨੇ ਕਿਹਾ,’ਖੁਦਾ ਦੀ ਕੁਦਰਤ ਹੈ, ਮਰਨ ਤੋਂ ਬਾਅਦ ਆਦਮੀ ਕਿੰਨਾ ਭਾਰਾ ਹੋ ਜਾਂਦਾ ਹੈ।’ ਫ਼ਿਰ ਉਸ ਨੇ ਰੁਮਾਲ ਲੈ ਕੇ ਪਸੀਨਾ ਪੂੰਝਿਆ ਤੇ ਬੋਲਿਆ,’ ਯਾ ਪਰਵਰਦਿਗ਼ਾਰ ਮਰਨ ਤੋਂ ਬਾਦ ਕਿਸੇ ਨੂੰ ਐਨਾ ਭਾਰਾ ਵੀ ਨਾ ਕਰ ਦੇਣਾ ਕਿ ਦੂਸਰਿਆਂ ਨੂੰ ਤਕਲੀਫ਼ ਹੋਵੇ।’ ਅਰਥੀ ਪਿਛੇ ਇੱਕ ਛੋਟਾ ਜਿਹਾ ਜਲੂਸ ਸੀ ਜਿਸ ‘ਚ ਸੌ ਡੇਢ ਸੌ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੂੰ ਹੈਡਮਾਸਟਰ ਸਾਬ੍ਹ ਨੇ ਐਕਸਟਰਾ ਕਲਾਸ ਲਈ ਬੁਲਾਇਆ ਸੀ। ਹੁਣ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸਿਖਿਆ ਵਿਭਾਗ ਦਾ ਜਨਾਜ਼ਾ ਕਿਸੇ ਰਾਜਨੀਤਕ ਜਨਾਜ਼ੇ ਤੋਂ ਘੱਟ ਨਹੀਂ ਹੁੰਦਾ। ਆਪਣੇ ਪਿੱਛੇ ਆਉਂਦਾ ਹੋਇਆ ਜਲੂਸ ਦੇਖਕੇ ਮੈਨੂੰ ਖੁਸ਼ੀ ਹੋਈ। ਇੰਨਾ ਲੰਬਾ ਜਲੂਸ ਤਾਂ ਵੱਡੇ ਵੱਡੇ ਨੇਤਾਵਾਂ ਪਿਛੇ ਵੀ ਨਹੀਂ ਹੁੰਦਾ। ਪੂਰਾ ਕਬਰਸਤਾਨ ਰੇਲ ਦੇ ‘ਥਰੀ ਟਾਇਰ’ ਡੱਬੇ ਵਾਂਗੂੰ ਖਚਾਖਚ ਭਰਿਆ ਹੋਇਆ ਸੀ। ਕਾਫ਼ੀ ਖੋਜ ਤੋਂ ਬਾਅਦ ਜਿਹੜੀ ਜਗ੍ਹਾ ਪਸੰਦ ਕੀਤੀ ਗਈ ਉਸ ਦੇ ਸੱਜੇ ਹੱਥ ਜਨਾਬ ਇਨਾਇਤ ਅਲੀ ਜ਼ਖ਼ਮੀ ਦੀ ਕਬਰ ਸੀ। ‘ਜ਼ਖ਼ਮੀ’ ਹਿੰਦੀ ਦੇ ਕਵੀ ਸਨ ਜਿਨ੍ਹਾਂ ਦੀਆਂ ਕਵਿਤਾਵਾਂ ਤੋਂ ਡਰਦਾ ਮੈਂ ਘਰ ਦੇ ਸਭ ਤੋਂ ਪਿਛਲੇ ਕਮਰੇ ‘ਚ ਛੁਪ ਜਾਇਆ ਕਰਦਾ ਸੀ। ਪਰ ਲੱਗਦਾ ਹੈ ਹੁਣ ਉਨ੍ਹਾਂ ਦੀਆਂ ਜ਼ੋਰਦਾਰ ਸ਼ੋਰਦਾਰ ਰਚਨਾਵਾਂ ਜਿਨ੍ਹਾਂ ਨੂੰ ਜੀਉਂਦੇ ਜੀਅ ਸੁਣਨ ਦਾ ਸੁਭਾਗ ਮੈਨੂੰ ਨਹੀਂ ਸੀ ਮਿਲਿਆ ਹੁਣ ਵਿਆਖਿਆ ਸਹਿਤ ਸੁਣਨੀਆਂ ਪੈਣਗੀਆਂ। ਉਨ੍ਹਾਂ ਦੀਆਂ ਕਵਿਤਾਵਾਂ ਤਾਂ ਮੈਂ ਮਰਨ ਤੋਂ ਬਾਦ ਵੀ ਸੁਣ ਲੈਂਦਾ ਪਰ ਅਫ਼ਸੋਸ ਸੀ ਕਿ ਮੇਰੀ ਕਬਰ ਦੇ ਖੱਬੇ ਪਾਸੇ ਡਾ. ਜ਼ਾਫ਼ਰ ਅਲੀ ਹੈਦਰੀ ਜੋ ਹਿੰਦੀ ਦੇ ਬੜੇ ਆਲੋਚਕ ਤੇ ਪ੍ਰਗਤੀਸ਼ੀਲ ਸਪਤਾਹਿਕ ਦੇ ਸੰਪਾਦਕ ਸਨ। ਉਹ ਜਦੋਂ ਤਕ ਪਤ੍ਰਿਕਾ ਦੇ ਸੰਪਾਦਕ ਰਹੇ, ਜ਼ਖ਼ਮੀ ਸਾਹਬ ਦੀਆਂ ਰਚਨਾਵਾਂ ‘ਧੰਨਵਾਦ ਸਹਿਤ’ ਵਾਪਸ ਭੇਜਦੇ ਰਹੇ। ਮੈਨੂੰ ਕੀ ਪਤਾ ਸੀ ਕਿ ਮਰਨ ਤੋਂ ਬਾਦ ਮੈਂ ਦੋ ਉਘੇ ਸਾਹਿਤਕਾਰਾਂ ਵਿੱਚਕਾਰ ਫ਼ਸ ਜਾਵਾਂਗਾ ਜਿਹੜੇ ਮੇਰੀ ਰਾਤਾਂ ਦੀ ਨੀਂਦ ਹਰਾਮ ਕਰਨਗੇ। ਇਸ ਤੋਂ ਇਲਾਵਾ ਮੈਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ ਕਿ ਮੇਰੀ ਕਬਰ ‘ਤੇ ‘ਫ਼ਾਤਿਹਾ’ ਪੜ੍ਹਨ ਵਾਲੇ ਸਾਹਿਤਕਾਰ ਪੂਰੇ ਸ਼ਹਿਰ ‘ਚ ਇਹ ਕਹਿੰਦੇ ਫ਼ਿਰਨ ਕਿ ਦੋ ਮੰਨੇ ਪ੍ਰਮੰਨੇ ਵਿਦਵਾਨਾਂ ਵਿੱਚਕਾਰ ਇਹ ਬੇਵਕੂਫ਼ ਮਾਸਟਰ ਕਿਧਰੋਂ ਘੁਸੜ ਗਿਆ। ਕਬਰ ਖੁਦਾਈ ਸਮੇਂ ਉਥੋਂ ਛੋਟਾ ਜਿਹਾ ਹੱਡੀ ਦਾ ਟੁਕੜਾ ਮਿਲਿਆ। ਮੌਲਾਨਾ ਸਾਹਬ ਬੋਲੇ,’ਬੰਦ ਕਰੋ। ਲੱਗਦਾ ਹੈ ਇਥੇ ਪਹਿਲਾਂ ਹੀ ਕਿਸੇ ਦੀ ਕਬਰ ਹੈ।’ ਖੁਦਾ ਨੇ ਮੇਰੀ ਸੁਣ ਲਈ ਤੇ ਮੈਨੂੰ ਸਾਹਿਤਕ ਗੋਸ਼ਟੀਆਂ ਤੋਂ ਬਚਾ ਲਿਆ। ਲੋਕਾਂ ਕੋਈ ਦੂਜੀ ਜਗ੍ਹਾ ਲੱਭ ਕੇ ਕਬਰ ਪੁਟੀ। ਲੋਕ ਜਨਾਜ਼ੇ ਦੀ ਨਮਾਜ਼ ਲਈ ਕਤਾਰ ‘ਚ ਖੜ੍ਹੇ ਹੋ ਗਏ। ਜਲਦੀ ਜਲਦੀ ਨਮਾਜ਼ ਪੜ੍ਹੀ ਗਈ ਤੇ ਮੈਨੂੰ ਕਬਰ ‘ਚ ਉਤਾਰਿਆ ਜਾਣ ਲੱਗਾ। ਲੋਕ ਇੰਨੇ ਥੱਕ ਗਏ ਸਨ ਕਿ ਉਨ੍ਹਾਂ ਹੱਥੋਂ ਮੇਰਾ ਮੁਰਦਾ ਹੀ ਛੁੱਟ ਗਿਆ ਤੇ ਮੈਨੂੰ ਤਿੰਨ ਫ਼ੁੱਟ ਉਪਰੋਂ ਕਬਰ ਵਿੱਚ ਅਮੋਨੀਅਮ ਸਲਫ਼ੇਟ ਦੇ ਬੋਰੇ ਵਾਂਗ ਸੁੱਟ ਦਿੱਤਾ ਗਿਆ। ਮੌਲਾਨਾ ਬੜੇ ਨਾਰਾਜ਼ ਹੋਏ ਕਹਿਣ ਲੱਗੇ,’ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਮੁਰਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਏ। ਖੁਦਾ ਸਾਨੂੰ ਸਭ ਨੂੰ ਮੁਆਫ਼ ਕਰੇ।’ ਕਫ਼ਨ ਖੋਲ੍ਹ ਕੇ ਮੇਰਾ ਮੂੰਹ ਬਾਹਰ ਕੱਢਿਆ ਗਿਆ। ਮੌਲਾਨਾ ਨੇ ਐਲਾਨ ਕੀਤਾ ਕਿ ਜੋ ਮੇਰਾ ਮੂੰਹ ਆਖਰੀ ਵਾਰੀ ਦੇਖਣਾ ਚਾਹੁੰਦਾ ਹੈ,ਉਹ ਕਬਰ ਦੇ ਨੇੜੇ ਆ ਜਾਏ। ਕੋਈ ਨਹੀਂ ਆਇਆ ਇੱਕ ਬੱਚਾ ਜਿਸ ਨੂੰ ਮੈਂ ਅੰਗਰੇਜ਼ੀ ‘ਚੋਂ ਫ਼ੇਲ ਕਰ ਦਿੱਤਾ ਸੀ ਦੌੜਦਾ ਹੋਇਆ ਆਇਆ ਤੇ ਮੈਨੂੰ ਦੇਖ ਕੇ ਖੂਬ ਰੋਇਆ। ਆਪਣੀਆਂ ਨਿੱਕੀਆਂ ਨਿੱਕੀਆਂ ਹਥੇਲੀਆਂ ਨਾਲ ਹੰਝੂ ਪੂੰਝਦਾ ਰਿਹਾ ਅਤੇ ਫ਼ਿਰ ਮੇਰੀ ਕਬਰ ‘ਤੇ ਮਿੱਟੀ ਪਾ ਦਿੱਤੀ ਗਈ। ਇੱਕ ਰੋਜ਼ਾਨਾ ਅਖਬਾਰ ‘ਚ ਮੇਰੀ ਮੌਤ ਦੀ ਖਬਰ ਕੁਝ ਇਸ ਤਰ੍ਹਾਂ ਛਪੀ। ਪਿਛਲੇ ਐਤਵਾਰ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਸ੍ਰੀ ਲਤੀਫ਼ ਘੋਂਗੀ ਦਾ ਦੇਹਾਂਤ ਹੋ ਗਿਆ। ਉਹ ਇੰਨੇ ਹਰਮਨ ਪਿਆਰੇ ਸਨ ਕਿ ਜਿਨ੍ਹਾਂ ਕੁੜੀਆਂ ਨੂੰ ਉਹ ਟਿਊਸ਼ਨ ਪੜ੍ਹਾਉਂਦੇ ਸਨ ਉਨ੍ਹਾਂ ਨੇ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੱਡੀ ਗਿਣਤੀ ‘ਚ ਵਿਦਿਆਰਥੀ ਉਨ੍ਹਾਂ ਦੀ ਅਰਥੀ ਨਾਲ ਗਏ। ਉਹ ਆਪਣੇ ਪਿਛੇ ਪੰਜ ਰੁਪਏ ਪ੍ਰਾਵੀਡੈਂਟ ਫ਼ੰਡ ਅਤੇ ਇੱਕ ਖੂਬਸੂਰਤ ਬੀਵੀ ਛੱਡ ਗਏ ਹਨ।
ਮੂਲ ਲੇਖਕ: ਲਤੀਫ਼ ਘੋਂਗ
ਪੰਜਾਬੀ ਅਨੁਵਾਦ: ਕਾਂਤਾ ਸ਼ਰਮਾ

LEAVE A REPLY