kahaniya-300x150ਮੈਂ ਵਾਣ ਨਾਲ ਬੁਣੀ ਛੋਟੀ ਜਿਹੀ ਪੀੜ੍ਹੀ ਖਿੱਚ ਕੇ ਮਾਂ ਦੇ ਲਾਗੇ ਹੀ ਚੌਂਕੇ ਵਿੱਚ ਬੈਠ ਗਿਆ। ਮਾਂ ਭੜੋਲੀ ਵਿੱਚ ਪਾਥੀਆਂ ਦੇ ਸੇਕ ਉੱਤੇ ਰਿਝਦੇ ਸਾਗ ਵਾਲੀ ਤੋੜੀ ਵਿੱਚ ਜਵਾਰ ਦਾ ਰਤਾ ਕੁ ਆਟਾ ਪਾ ਕੇ ਘੋਟਨਾ ਫ਼ੇਰਨ ਲੱਗੀ ਪਈ। ਇੱਕੋ ਕੱਚੇ ਪਰ ਸਜੇ ਹੋਏ ਕੋਠੇ ਦੇ ਇੱਕ ਪਾਸੇ ਬਣੇ ਮਿੱਟੀ ਦੀਆਂ ਕੰਧਾਂ ਵਾਲੇ ਚੌਂਕੇ ‘ਚ ਸਿਆਲ ਦੀ ਇੱਕ ਦੁਪਹਿਰ ਦੀ ਧੁੱਪ ਸੁਖਾਵਾਂ ਜਿਹਾ ਨਿੱਘ ਦੇ ਰਹੀ ਸੀ। ਮੈਂ ਪੀੜ੍ਹੀ ਅੱਗੇ ਖਿੱਚ ਕੇ ਪਾਥੀਆਂ ਦੇ ਸੇਕ ਤੇ ਸਰ੍ਹੋਂ ਦੇ ਸਾਗ ਦੀ ਮਹਿਕ ਦੇ ਹੋਰ ਕੋਲ ਹੋ ਗਿਆ। ਚੌਂਕੇ ਦੀਆਂ ਕੰਧਾਂ ‘ਤੇ ਬਣੇ ਮਿੱਟੀ ਦੇ ਖ਼ੂਬਸੂਰਤ ਮੋਰ, ਘੁੱਗੀਆਂ ਤੇ ਤੋਤੇ ਨਿੱਖਰੇ-ਨਿੱਖਰੇ ਲੱਗ ਰਹੇ ਨੇ। ਬਿਨਾ ਚਾਰਦੀਵਾਰੀ ਵਾਲੇ ਘਰ ਦੇ ਵਿਹੜੇ ਵਿੱਚ ਬਾਪੂ ਮੱਝਾਂ ਨੂੰ ਪੱਠੇ ਪਾ ਕੇ ਸਾਣੇ ਮੰਜੇ ‘ਤੇ ਆਣ ਬੈਠਾ ਤੇ ਨਿੱਤਰੇ ਆਸਮਾਨ ਵੱਲ ਤੱਕ ਕੇ ਕੋਈ ਧੁੰਨ ਗਾਉਣ ਲੱਗ ਪਿਆ। ਖੁਰਲੀ ‘ਤੇ ਬੱਝੀਆਂ ਮੱਝਾਂ ਅਰਾਮ ਨਾਲ ਪੱਠੇ ਖਾ ਰਹੀਆਂ ਸਨ। ਕਦੇ-ਕਦੇ ਉਹਨਾਂ ਦੇ ਗਲ਼ਾਂ ‘ਚ ਪਈਆਂ ਟੱਲੀਆਂ ਦੀ ਟਨ-ਟਨ ਕੰਨਾਂ ਵਿੱਚ ਮਿੱਠਾ ਸੰਗੀਤ ਘੋਲ਼ ਦੀ। ਕਮਰੇ ਵਿੱਚ ਸਾਹਮਣੀ ਕੰਧ ਨਾਲ ਬਣੀ ਮਿੱਟੀ ਦੀ ਕਿੰਗਰੀਆਂ ਵਾਲੀ ਪਰਛੱਤੀ ‘ਤੇ ਕੁਝ ਕੈਂਹੇ ਦੇ ਛੱਨੇ, ਥਾਲੀਆਂ ਤੇ ਵੱਡੇ ਗਲਾਸ ਸਜੇ ਪਏ ਨੇ। ਹਵਾ ਦੇ ਰੁਮਕਣ ਨਾਲ ਵਿਹੜੇ ਵਿੱਚ ਲੱਗੀ ਟਾਹਲੀ ਦੇ ਸੁੱਕੇ ਪੱਤੇ ਥੱਲੇ ਕਿਰ ਰਹੇ ਨੇ। ਸੂਰਜ ਸ਼ਾਮਾਂ ਦੀ ਸਰਦਲ ਵੱਲ ਵਧ ਰਿਹਾ ਸੀ। ਸਾਰੇ ਪਾਸੇ ਹਲਕੀ ਧੁੰਦ ਛਾਈ ਪਈ ਹੈ। ਸਿਆਲ ਦੀ ਮਹਿਕਾਂ ਗੜੁੱਚੀ ਰੁੱਤੇ ਵਿਹੜੇ ਦੀ ਇੱਕ ਨੁੱਕਰੇ ਤੰਦੂਰ ਵਿੱਚ ਨਿਕਲਦੀਆਂ ਅੱਗ ਦੀਆਂ ਲਪਟਾਂ, ਖ਼ੁਰਲੀ ਵਿੱਚ ਡੰਗਰਾਂ ਲਈ ਪੱਠੇ ਰਲਾਉਂਦੇ ਬਾਪੂ ਦੀ ਡੰਗਰਾਂ ਨੂੰ ਪੁਚਕਾਰਨ ਦੀ ਅਵਾਜ਼, ਸਬਾਤ ਦੀ ਇੱਕ ਨੁੱਕਰੇ ਡੱਠੇ ਬੇਬੇ ਦੇ ਚਰਖੇ ਦੀ ਘੂਕਰ, ਤੌੜੀ ਵਿੱਚ ਰਿਝਦੇ ਸਾਗ ਦੀ ਮਹਿਕ, ਮੱਕੀ ਦੇ ਢੋਡੇ ਪਕਾਉਂਦੀ ਬਹੁ ਦੇ ਹੱਥਾਂ ‘ਚ ਪਾਈਆਂ ਚੂੜੀਆਂ ਦੀ ਛਣ-ਛਣ, ਦਲਾਨ ਵਿੱਚ ਜਗਦੇ ਦੀਵੇ ਦੀ ਮੱਧਮ ਲੋਅ ਤੇ ਵਿਹੜਿਓ ਬਾਹਰ ਚੱਲਦੇ ਟਿਊਵੈਲ ਦੇ ਇੰਝਣ ਦੀ ਠੱਕ-ਠੱਕ। ਗੱਲ ਕੀ ਮੇਰੇ ਚਾਰ ਚੁਫ਼ੇਰੇ ਸਵਰਗ ਪਸਰਿਆ ਪਿਆ ਹੈ। ਪਿੰਡ ਵਿੱਚ ਸਰੀਕੇ ਵਿੱਚ ਵਿਆਹ ਹੈ। ਘਰ ਵਾਲੇ ਤਿੰਨ ਦਿਨ ਪਹਿਲਾਂ ਹੀ ਗਾਉਣ ਦਾ ਸੱਦਾ ਦੇ ਗਏ ਸੀ। ਮੇਲ ਵਾਲੇ ਦਿਨ ਅਸੀਂ ਸਾਰੇ ਮੁੰਡੇ ਰਲ਼ ਕੇ ਪਿੰਡ ਵਿੱਚੋਂ ਸਾਰਾ ਦਿਨ ਮੰਜੀਆਂ, ਬਿਸਤੇ ਤੇ ਦੁੱਧ ਇੱਕੱਠਾ ਕਰਦੇ ਰਹੇ। ਇੱਕ ਜਣਾ ਕਾਪੀ ‘ਤੇ ਨਾਂ ਤੇ ਨੰਬਰ ਲਿਖ ਰਿਹਾ ਸੀ, ਦੂਜਾ ਰਜ਼ਾਈਆਂ-ਤਲਾਈਆਂ ਤੇ ਸਰਹਾਣਿਆਂ ਦੀ ਨੁੱਕਰ ਤੇ ਨੰਬਰ ਲਗਾ ਰਿਹਾ ਸੀ। ਤੀਜਾ ਜਣਾ ਮੰਜੇ ਗੱਡੇ ਤੇ ਰੱਖ ਰਿਹਾ ਸੀ। ਸਾਰੇ ਦਿਨ ਦੇ ਥੱਕੇ ਅਸੀਂ ਰਾਤ ਦੇਰ ਤੱਕ ਬੁੜੀਆਂ ਦੇ ਗੀਤ ਬੋਲੀਆਂ ਸੁਣਦੇ ਤੇ ਫ਼ਿਰ ਪਤਾ ਨਹੀਂ ਕਦੋਂ ਨੀਂਦ ਦੀ ਆਗੋਸ਼ ਵਿੱਚ ਚਲੇ ਗਏ। ਪਿੰਡੋਂ ਆਇਆ ਨੂੰ ਖ਼ਾਸੇ ਸਾਲ ਹੋ ਚੱਲੇ ਨੇ ਪਰ ਹਾਲੇ ਵੀ ਮੈਂ ਆਪਣੇ ਆਪ ਨੂੰ ਪਿੰਡ ਦੀ ਕਦੇ ਕਿਸੇ ਗਲੀ ਤੇ ਕਦੇ ਕਿਸੇ ਮੋੜ ‘ਤੇ ਖੜਾ ਮਹਿਸੂਸ ਕਰਦਾਂ ਹਾਂ ਤੇ ਅਗਿਓਂ ਮੈਨੂੰ ਕੋਈ ਬੁੜੀ ਮੱਧਮ ਸੁਰ ਵਿੱਚ ਗੁਣਗੁਣਾਉਂਦੀ ਮਿਲਦੀ ਹੈ : ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ, ਦਾਣੇ ਤਾਂ ਮੰਗਦਾ ਉਧਲ ਗਈ ਦਾ। ਅੱਜ ਇਹ ਸਭ ਇੱਕ ਸੁਪਨਾ ਹੀ ਲੱਗਦਾ ਹੈ। ਹੁਣ ਕਿੱਥੇ ਰਹੇ ਨੇ ਚੌਂਕੇ ਦੀਆਂ ਕੰਧਾਂ ਦੇ ਮੋਰ-ਘੁੱਗੀਆਂ, ਚੌਂਕੇ- ਚੁੱਲ੍ਹੇ, ਪੁਰਾਣੇ ਗੱਭਰੂ, ਉਹ ਬੇੜ-ਵਟਨੇ, ਤੰਦੂਰ ਦੀਆਂ ਲਪਟਾਂ, ਉਹ ਦੇਗਿਆਂ ਵਿੱਚ ਰਿਝਦਾ ਸਾਗ, ਕਾੜਨੀ ਵਿੱਚ ਮਹਿਕਾਂ ਮਾਰਦਾ ਦੁੱਧ, ਉਹ ਚਰਖੇ, ਉਹ ਦੀਵੇ, ਉਹ ਹਾਸਾ ਠੱਠਾ ਤੇ ਉਹ ਪੁਰਾਣੇ ਗੀਤ, ਸੁਹਾਗ, ਘੋੜੀਆਂ, ਲੋਰੀਆਂ। ਸਭ ਕੁਝ ਵਿਸਰ ਗਿਆ ਹੈ ਪਰ ਮੈਨੂੰ ਵਿਆਹ ਵਾਲੇ ਘਰ ਦਾ ਮਾਹੌਲ ਨਹੀਂ ਭੁੱਲਦਾ ਤੇ ਖ਼ਾਸ ਦਾਦਕੇ- ਨਾਨਕਿਆਂ ਦੀਆਂ ਔਰਤਾਂ ਵੱਲੋਂ ਇੱਕ ਦੂਜੇ ਨੂੰ ਦਿੱਤੀਆਂ ਸਿਠਣੀਆਂ। ਸਿਠਣੀਆਂ ਵਿਆਹ ਵਾਲੇ ਘਰ, ਦਾਦਕੇ ਪਰਿਵਾਰ ਵੱਲੋਂ ਨਾਨਕੇ ਤੇ ਨਾਨਕੇ ਪਰਿਵਾਰ ਵੱਲੋਂ ਦਾਦਕੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਵਿਆਹ ਵਾਲੇ ਦਿਨ ਲੜਕੀ ਪਰਿਵਾਰ ਵੱਲੋਂ ਲਾੜੇ ਦੇ ਪਰਿਵਾਰ ਨੂੰ ਦਿੱਤੀਆਂ ਜਾਣ ਵਾਲੀਆਂ ਮਿੱਠੀਆਂ ਗਾਲ੍ਹਾਂ ਤੇ ਤਾਹਨੇ ਮਿਹਣਿਆਂ ਨੂੰ ਸਿਠਣੀਆਂ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਵਿਆਹ ਤੋਂ ਪਹਿਲਾਂ ਰੱਖੇ ਜਾਂਦੇ ਗਾਉਣ ਵਿੱਚ ਜੇਕਰ ਨਾਨਕਾ ਮੇਲ ਚੰਗੀ ਤਰਾਂ ਨਾ ਗਾਵੇ ਤਾਂ ਦਾਦਕੇ ਪਰਿਵਾਰ ਦੀ ਨਾਨਕਾ ਪਰਿਵਾਰ ਨਾਲ ਸਿਠਣੀਆਂ ਰਾਹੀਂ ਕੁਝ ਇਸ ਤਰ੍ਹਾਂ ਝੜਪ ਹੁੰਦੀ ਸੀ : ਦਾਦਕੀਆਂ : ਖਾਦੇ ਸੀ ਲੱਡੂ, ਜੰਮੇ ਸੀ ਡੱਡੂ ਹੁਣ ਛੱਪੜਾਂ ਤੇ ਗਈਆਂ ਵੇ ਕਾਕਾ ਤੇਰੀਆਂ ਨਾਨਕੀਆਂ ਅਸੀਂ ਹਾਜ਼ਰ ਨਾਜ਼ਰ ਵੇ ਕਾਕਾ ਤੇਰੀਆਂ ਦਾਦਕੀਆਂ ਨਾਨਕੀਆਂ : ਖਾਦੇ ਸੀ ਚੌਲ ਜੰਮੇ ਸੀ ਨਿਓਲ ਹੁਣ ਜੰਗਲਾਂ ‘ਚ ਗਈਆਂ ਵੇ ਕਾਕਾ ਤੇਰੀਆਂ ਦਾਦਕੀਆਂ ਅਸੀਂ ਹਾਜ਼ਰ ਨਾਜ਼ਰ ਵੇ ਕਾਕਾ ਤੇਰੀਆਂ ਨਾਨਕੀਆਂ ਦਾਦਕੀਆਂ : ਨਾਨਕੀਆਂ ਉਸ ਦੇਸ਼ ਦੀਆਂ ਜਿੱਥੇ ਕਿੱਕਰ ਵੀ ਨਾ ਇਹਨਾਂ ਦੇ ਛੱਜਾਂ ਵਰਗੇ ਪੈਰ ਪੈਰੀ ਛਿੱਤਰ ਵੀ ਨਾ। ਸਿਠਣੀਆਂ ਅੋਰਤਾਂ ਦੁਆਰਾ ਗਾਇਆ ਜਾਣ ਵਾਲਾ ਪੰਜਾਬ ਦਾ ਇੱਕ ਮਸ਼ਹੂਰ ਤੇ ਸਭਿਅਕ ਕਾਵਿ ਰੂਪ ਹੈ। ਇਹ ਸਾਡੇ ਲੋਕ ਧਰਾਈ ਵਿਰਸੇ ਦਾ ਅਨਿੱਖੜਵਾਂ ਅੰਗ ਹਨ। ਇਸ ਦੀ ਪਵਿੱਤਰਤਾ ਤੇ ਪਰਪੱਕਤਾ ਵੀ ਪੰਜਾਬੀਆਂ ਦੇ ਹੌਸਲਿਆਂ ਤੇ ਸੁਭਾਅ ਵਾਂਙ ਜਜ਼ਬਾਤੀ ਤੇ ਮਜ਼ਬੂਤ ਹੈ। ਵਿਆਹ ਵੇਲੇ ਜਦ ਮੁਕਲਾਵਾ ਤੋਰਨ ਤੋਂ ਪਹਿਲਾਂ ਸੱਸ ਵੱਲੋਂ ਮੁੰਡੇ ਨੂੰ ਬੁਰਕੀਆਂ ਦੇਣ ਦੀ ਰਸਮ ਹੁੰਦੀ ਏ ਤਾਂ ਆਸੇ-ਪਾਸੇ ਇੱਕੱਠੀਆਂ ਹੋਈਆਂ ਅੋਰਤਾਂ ਵੱਲੋਂ ਮੁੰਡੇ ਵਾਲਿਆਂ ਨੂੰ ਕੁਝ ਇਸ ਤਰ੍ਹਾਂ ਦੀਆਂ ਸਿਠਣੀਆਂ ਦਿੱਤੀਆਂ ਜਾਂਦੀਆਂ ਨੇ : ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ ਦਾਣੇ ਤਾਂ ਮੰਗਦਾ ਉਧਲ ਗਈ ਦਾ ਭੱਠੀ ਤਾਂ ਤਪਦੀ ਨਈਂ ਨਾ ਲੱਜਿਓ ਲੱਜ ਤੁਹਾਨੂੰ ਨਈ। ਆਪਣੀ ਕੁੜੀ ਦੀ ਤਰੀਫ਼ ਕਰਦੀਆਂ ਪਿੰਡ ਦੀਆਂ ਸਵਾਣੀਆਂ ਤੇ ਆਂਢਣਾ-ਗੁਵਾਢਣਾ ਫ਼ਿਰ ਕੁਝ ਇੰਝ ਆਖਦੀਆਂ ਨ ੇ: ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ ਮੁੰਡਾ ਤਾਂ ਦਿਸ ਦਾ ਕੋਈ ਘੁਮਿਆਰ ਏ ਜੋੜੀ ਤਾਂ ਜੱਚਦੀ ਨਈ ਨਾ ਲੱਜਿਓ ਲੱਜ ਤੁਹਾਨੂੰ ਨਈਂ। ਸਹੁਰੇ ਪਰਿਵਾਰ ਵੱਲੋਂ ਕੁੜੀ ਨੂੰ ਪਾਏ ਗਹਿਣਿਆਂ ਨੂੰ ਪਸੰਦ ਨਾ ਕਰਨ ਤੇ ਮੁੰਡੇ ਵਾਲਿਆਂ ਨੂੰ ਵਧੀਆ ਗਹਿਣੇ ਨਾ ਪਾਉਣ ਤੇ ਕੁਝ ਇਸ ਤਰ੍ਹਾਂ ਦਾ ਮਾਹੋਲ ਹੁੰਦਾ ਏ : -ਛੇ ਮਹੀਨੇ ਸੁਨਿਆਰਾ ਬਹਾਇਆ ਚਾਂਦੀ ਦੇ ਗਹਿਣਿਆਂ ਤੇ ਰੰਗ ਚੜਾਇਆ ਪਿੱਤਲ ਪਾਉਣਾ ਸਹੀ ਨਾ ਲੱਜਿਓ ਲੱਜ ਤੁਹਾਨੂੰ ਨਈਂ। -ਗਹਿਣੇ ਪੁਰਾਣਿਆਂ ਤੇ ਰੰਗ ਚੜਾਇਆ ਸਾਡੀ ਤਾਂ ਬਿਲੋ ਦੇ ਪਸੰਦ ਨਾ ਆਇਆ ਨਵੇਂ ਬਣਾਉਣੇ ਸਹੀ ਨਾ ਲੱਜਿਓ ਲੱਜ ਤੁਹਾਨੂੰ ਨਈਂ। ਕੋਲ ਖੜ੍ਹੇ ਮੁੰਡੇ ਦੇ ਪਿਓ ਵੱਲੋਂ ਮੁਕਲਾਵਾ ਤੋਰਨ ਵਿੱਚ ਕਾਹਲ ਪਾਉਣ ਤੇ ਛੇਤੀ ਮੁਕਲਾਵਾ ਤੋਰਨ ਲਈ ਬਾਰ- ਬਾਰ ਕਹਿਣ ਤੇ ਔਖੀਆਂ ਮੇਲਣਾ ਫ਼ਿਰ ਮੁੰਡੇ ਦੇ ਪਿਓ ਨੂੰ ਵੀ ਨਹੀਂ ਬਖਸ਼ ਦੀਆਂ :- ਸਾਡੇ ਤਾਂ ਵਿਹੜੇ ਤਾਣਾ ਤਣੀਂਦਾ ਲਾੜੇ ਦਾ ਪਿਓ ਤੇ ਕਾਣਾ ਸੁਣੀਂਦਾ ਐਨਕ ਲਾਉਣੀ ਪਈ ਨਾ ਲੱਜਿਓ ਲੱਜ ਤੁਹਾਨੂੰ ਨਹੀਂ। ਖੁਸ਼ੀਆਂ ਖੇੜਿਆਂ ਤੇ ਹਾਸਿਆਂ ਭਰਿਆ ਇਹ ਮਾਹੋਲ ਫ਼ਿਰ ਅੰਤ ਡੋਲੀ ਤੁਰਨ ਦੇ ਨਾਲ ਹੀ ਕੁਝ ਸੋਗਮਈ ਤਾਂ ਜ਼ਰੂਰ ਹੋ ਜਾਂਦਾ ਪਰ ਲੜਕੀ ਨੂੰ ਉਸ ਦੇ ਸਹਰੇ ਘਰ ਤੋਰ ਕੇ ਘਰ ਵਾਲੇ ਸੁਰਖ਼ਰੂ ਜ਼ਰੂਰ ਹੋ ਜਾਂਦੇ ਤੇ ਫ਼ਿਰ ਰਾਤ ਨਾਨਕੇ ਦਾਦਕੇ ਇੱਕਠੇ ਹੋ ਕੇ ਖੁਸ਼ੀਆਂ ਮਨਾਉਦੇ। ਪਰ ਹੁਣ ਉਸ ਤਰ੍ਹਾਂ ਦੇ ਵਿਆਹ ਵੀ ਕਿੱਥੇ ਰਹੇ ਨੇ। ਘਰ ਤੋਂ ਬਾਹਰ ਹੀ ਪੈਲਸਾਂ ਵਿੱਚ ਸਭ ਰਹੁ-ਰਸਮਾਂ ਰੁਲ਼ ਰਹੀਆਂ ਨੇ ਲੋਕ ਬਰਾਤ ਵਾਲੇ ਦਿਨ ਹੀ ਆਉਂਦੇ ਨੇ ਤੇ ਸ਼ਾਮ ਨੂੰ ਆਪੋ ਆਪਣੇ ਘਰ। ਬਸ ਜਿਸ ਦੀ ਧੀ ਹੈ ਉਹ ਹੀ ਜਾਣੇ ਸਾਰੇ ਕੰਮ ਕਿਵੇਂ ਕਰਨੇ ਨੇ। ਗਾਉਣ ਬਿਠਾਉਣ ਦੀ ਰਸਮ ਹੁਣ ‘ਲੇਡੀ ਸੰਗੀਤ’ ਵਿੱਚ ਬਦਲ ਗਈ ਏ। ਅੱਜ ਇਹ ਲਿਖਦਿਆਂ ਨਾਲ-ਨਾਲ ਦਿਲ ਵਿੱਚੋਂ ਇਹ ਅਰਦਾਸਾਂ ਵੀ ਨਿਕਲ ਰਹੀਆਂ ਨੇ ਕਿ ਕੁਦਰਤ ਕਰੇ ਇੱਕ ਵਾਰ ਫ਼ਿਰ ਅਸੀਂ ਰਲ਼ ਬੈਠੀਏ। ਉਸੇ ਤਰ੍ਹਾਂ ਦੇ ਵਿਆਹ- ਰੋਣਕਾਂ ਹੋਣ ਤੇ ਫ਼ਿਰ ਕੋਈ ਔਰਤ ਮੈਨੂੰ ਆਪਣੇ ਪਿੰਡ ਦੀ ਕਿਸੇ ਗਲੀ ਦੇ ਮੋੜ ‘ਤੇ ਗੁਣਗੁਣਾਉਂਦੀ ਮਿਲੇ । ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ…
ਰੋਜ਼ੀ ਸਿੰਘ

LEAVE A REPLY