ਸਿਧਾਂਤਕ, ਸਦਾਚਾਰਕ ਜਾਂ ਲੋਕ ਭਲਾਈ ਦੇ ਮੁੱਦਿਆਂ ਨੂੰ ਮੁੱਖ ਰੱਖ ਕੇ ਪੰਥ, ਧਰਮ, ਦਲ ਜਾਂ ਕਿਸੇ ਸੰਗਠਨ ਦਾ ਤਿਆਗ ਕਰਕੇ ਕਿਸੇ ਦੂਸਰੇ ਅਜਿਹੇ ਮਤ ਜਾਂ ਸੰਗਠਨ ਦਾ ਅੰਗ ਬਣ ਜਾਣਾ ਸਦੀਆਂ ਤੋਂ ਚਲਦਾ ਆਇਆ ਹੈ। ਪ੍ਰੰਤੂ ਨਿੱਜੀ ਲਾਭਾਂ, ਈਰਖਾ, ਦਵੈਤ, ਭਾਈ-ਭਤੀਜਵਾਦ, ਸੱਤਾ ਜਾਂ ਧਨ ਦੇ ਲਾਲਚ ਨੂੰ ਮੁੱਖ ਰੱਖ ਕੇ ਜਦੋਂ ਕੋਈ ਵਿਅਕਤੀ ਆਪਣੇ ਵਰਤਮਾਨ ਸੰਗਠਨ ਤੋਂ ਬੇਮੁੱਖ ਹੁੰਦਾ ਹੈ ਤਾਂ ਉਸਨੁੰ ਮੌਕਾਪ੍ਰਸਤੀ ਹੀ ਮੰਨਿਆ ਜਾ ਸਕਦਾ ਹੈ। ਪਿਛਲੇ ਤਿੰਨ ਕੁ ਹਜ਼ਾਰ ਸਾਲ ਤੋਂ ਸੰਸਾਰ ਵਿੱਚ ਸਮੇਂ-ਸਮੇਂ ‘ਤੇ ਮਹਾਨ ਧਰਮਾਂ ਦਾ ਆਗਮਨ ਹੋਇਆ ਹੈ। ਜਿਹਨਾਂ ਵਿੱਚ ਬੁੱਧ ਮਤ, ਜੈਨ ਮੱਤ, ਈਸਾਈ ਮੱਤ, ਇਸਲਾਮ ਅਤੇ ਸਿੱਖ ਮੱਤ ਪ੍ਰਮੁੱਖ ਹਨ। ਇਸ ਸਮੇਂ ਦੌਰਾਨ ਸੱਚ, ਧਰਮ ਅਤੇ ਮਾਨਵ ਹਿੱਤਾਂ ਨੂੰ ਮੁੱਖ ਰੱਖ ਕੇ ਕਿਸੇ ਦੂਸਰੇ ਘਰਮ ਦੇ ਪੈਗੰਬਰ ਦੇ ਅਨੁਭਵ ਨੂੰ ਉੱਤਮ ਵੇਖ ਕੇ ਮੱਤ ਪਰਿਵਰਤਨ ਵਿਅਕਤੀਗਤ ਰੂਪ ਵਿੱਚ ਵੀ ਹੋਏ ਅਤੇ ਸਮੂਹਿਕ ਰੂਪ ਵਿੱਚ ਵੀ ਹੋਏ। ਅਜੋਕੇ ਸਮਿਆਂ ਵਿੱਚ ਡਾ. ਭੀਮ ਰਾਓ ਅੰਬੇਡਕਰ ਸਾਹਿਬ ਨੇ ਦਲਿਤਾਂ ਅਤੇ ਦਮਿਤਾਂ ਨੂੰ ਭਾਰਤੀ ਸਮਾਜ ਦੀ ਊਚ ਨੀਚ ਵਾਲੀ ਦਰਜਾਬੰਦੀ ਦੇ ਸਭ ਤੋਂ ਹੇਠਲੇ ਪੱਧਰ ਤੋਂ ਮੁਕਤੀ ਦਿਵਾਉਣ ਲਈ ਉਨ੍ਹਾਂ ਦਾ ਬੁੱਧ ਮੱਤ ਵਿੱਚ ਪ੍ਰਵੇਸ਼ ਕਰਵਾਇਆ ਸੀ। ਇਹ ਪੰਥ ਪਰਿਵਰਤਨ ਅਸੰਖਾਂ ਦੱਬੇ ਕੁਚਲੇ ਅਤੇ ਗੈਰ ਮਾਨਵੀ ਦੁਰਾਚਾਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਉਭਾਰਨਾ ਸੀ।
ਸਿਆਸੀ ਖੇਤਰ ਵਿੱਚ ਦੇਖੀਏ ਤਾਂ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਅਤੇ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤ ਨੇਤਾਵਾਂ ਨੇ ਸੱਚੇ ਸਿਧਾਂਤਕ ਮਤਭੇਦ ਹੋਣ ਕਰ ਕੇ ਕਾਂਗਰਸ ਅਤੇ ਇਸ ਦੇ ਆਗੂ ਪੰਡਤ ਜਵਾਹਰ ਲਾਲ ਨਹਿਰੂ ਨਾਲੋਂ ਵੱਖ ਹੋ ਕੇ ਅਨੇਕਾਂ ਨਵੇਂ ਦਲ ਬਣਾਏ। ਜੂਨ 1948 ਤੋਂ 1950 ਦਰਮਿਆਨ ਭਾਰਤ ਦੇ ਪਹਿਲੇ ਗਵਰਨਰ ਜਨਰਲ ਔਫ਼ ਇੰਡੀਆ ਰਹੇ ਭਾਰਤ ਰਤਨ ਸੀ. ਰਾਜਗੋਪਾਲਾਚਾਰੀਆ ਨੇ 1959 ਵਿੱਚ ਸੁਤੰਤਰ ਪਾਰਟੀ ਬਣਾਈ ਸੀ। ਇਸੇ ਤਰ੍ਹਾਂ ਰਾਮ ਮਨੋਹਰ ਲੋਹੀਆ ਅਤੇ ਅਸ਼ੋਕ ਮਹਿਤਾ ਆਦਿ ਨੇ ਕਾਂਗਰਸ ਸੋਸ਼ਲਿਸਟ ਪਾਰਟੀ ਬਣਾਈ ਸੀ। ਅਚਾਰੀਆ ਨਰਿੰਦਰਾ ਦੇਵਾ ਅਤੇ ਵਾਸਵਾਨ ਸਿਨਹਾ ਨੇ ਪਰਜਾ ਸੋਸ਼ਲਿਸਟ ਪਾਰਟੀ ਨੂੰ ਹੋਂਦ ਵਿੱਚ ਲਿਆਂਦਾ ਸੀ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਪਰਜਾ ਪਾਰਟੀ ਦੇ ਸੰਸਥਾਪਕ ਜੇ. ਬੀ. ਕ੍ਰਿਪਲਾਨੀ ਸਨ। ਐਮਰਜੈਂਸੀ ਦੌਰਾਨ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ਜਨਤਾ ਪਾਰਟੀ ਹੋਂਦ ਵਿੱਚ ਆਈ ਸੀ।ਅਜਿਹੀਆਂ ਅਨੇਕਾਂ ਪਾਰਟੀਆਂ ਬਣਦੇ ਸਮੇਂ ਬਹੁਤ ਸਾਰੇ ਨੇਤਾਵਾਂ ਨੇ ਇੱਕ ਦਲ ਤੋਂ ਦੂਜੇ ਦਲ ਵਿੱਚ ਸ਼ਮੂਲੀਅਤ ਕੀਤੀ। ਇਸੇ ਖੱਬੇ ਪੱਖੀ ਲਹਿਰ ਨਾਲ ਸਬੰਧਤ ਕਈ ਪਾਰਟੀਆਂ ਬਣੀਆਂ ਪਰ ਇਹ ਸਾਰੀਆਂ ਪਾਰਟੀਆਂ ਸਿਧਾਂਤਕ ਮਤਭੇਦਾਂ ਦਾ ਸਿੱਟਾ ਸਨ। ਪਾਰਟੀਆਂ ਬਦਲਣ ਵਾਲੇ ਨੇਤਾਵਾਂ ਨੇ ਇੱਕ ਦੂਜੇ ਦੇ ਖਿਲਾਫ਼ ਚੋਣਾਂ ਵੀ ਲੜੀਆਂ ਪ੍ਰੰਤੂ ਇਹਨਾਂ ਵਿੱਚੋਂ ਕਿਸੇ ਦੀ ਵੀ ਦਲ ਬਦਲੀ ਨਿੱਜੀ ਮੁਫ਼ਾਦ ਲਈ ਨਹੀਂ ਸੀ। ਸਿਧਾਂਤਾਂ ਨੂੰ ਲੈ ਕੇ ਮਤਭੇਦ ਅਤੇ ਦਲ ਬਦਲੀਆਂ ਕਿਸੇ ਜਮਹੂਰੀਅਤ ਵਿੱਚ ਸੁਭਾਵਿਕ ਵਰਤਾਰਾ ਹਨ। ਅਜਿਹਾ ਵਰਤਾਰਾ ਲੋਕ ਰਾਜ ਦੀ ਸਿਹਤ ਲਈ ਜ਼ਰੂਰੀ ਕਿਹਾ ਜਾ ਸਕਦਾ ਹੈ। ਇਸੇ ਨਾਲ ਰਾਜਨੀਤਿਕ ਖੜੋਤ ਵੀ ਟੁੱਟਦੀ ਹੈ ਅਤੇ ਪਬਲਿਕ ਭਲਾਈ ਦੇ ਮਨੋਰਥ ਪੱਤਰ ਵੀ ਸਾਹਮਣੇ ਆਉਂਦੇ ਹਨ।
ਦੂਜੇ ਪਾਸੇ ਅੱਜਕਲ੍ਹ ਦਲ ਬਦਲੀ ਦਾ ਅਤੀ ਭ੍ਰਿਸ਼ਟ ਅਤੇ ਅਨੋਖਾ ਰੂਪ ਦੇਖਣ ਨੂੰ ਸਾਹਮਣੇ ਆ ਰਿਹਾ ਹੈ। ਜਿਸਦਾ ਸਿਧਾਂਤ, ਇਖਲਾਕ ਜਾਂ ਲੋਕ ਹਿੱਤਾਂ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੈ। ਕਈਆਂ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਇੱਕੋ ਸੀਜਨ ਵਿੱਚ ਦੂਹਰੀ ਤੀਹਰੀ ਦਲ ਬਦਲੀ ਕਰ ਲਈ ਹੈ, ਜਿਵੇਂ ਸਾਡੇ ਖੂਬਸੂਰਤ ਗਾਇੱਕ ਅਤੇ ਰਾਜ ਗਾਇੱਕ ਦੀ ਪਦਵੀ ਦੇ ਮਾਲਕ ਹੰਸ ਰਾਜ ਹੰਸ ਨੇ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਅਤੇ ਚੋਣ ਲੜਾਈ। ਜਦੋਂ ਹੰਸ ਚੋਣ ਹਾਰ ਗਿਆ ਤਾਂ ਕਾਂਗਰਸ ਵਿੱਚ ਚਲਾ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸਭਾ ਵਿੱਚ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਜਦੋਂ ਉਥੇ ਵੀ ਦਾਲ ਨਾ ਗਲ਼ੀ ਤਾਂ ਹੰਸ ਸਾਹਿਬ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਉਦਹਾਰਣ ਲਈ ਜਾ ਸਕਦੀ ਹੈ। ਰਾਜ ਸਭਾ ਤੋਂ ਅਸਤੀਫ਼ਾ ਦੇ ਕੇ ਅਤੇ ਭਾਰਤੀ ਜਨਤਾ ਪਾਰਟੀ ਛੱਡ ਕੇ ਸਿੱਧੂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗੱਲਬਾਤ ਕੀਤੀ। ਜਦੋਂ ਲੈਣ-ਦੇਣ ਦੀ ਗੱਲ ਸਿਰੇ ਨਾ ਚੜ੍ਹੀ ਤਾਂ ਪ੍ਰਗਟ ਸਿੰਘ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ਆਵਾਜ਼-ਏ-ਪੰਜਾਬ ਬਣਾ ਲਈ। ਜਦੋਂ ਬੈਂਸ ਭਰਾਵਾਂ ਨੇ ਕੇਜਰੀਵਾਲ ਨਾਲ ਹੱਥ ਮਿਲਾ ਕੇ ਪੰਜ ਟਿਕਟਾਂ ਦਾ ਸਮਝੌਤਾ ਕਰ ਲਿਆ ਤਾਂ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਨੇ ਕਾਂਗਰਸ ਦਾ ਹੱਥ ਫ਼ੜ ਲਿਆ। ਸੰਗਰੂਰ ਤੋਂ ਸਾਬਕਾ ਐਮ. ਐਲ. ਏ. ਸੁਰਿੰਦਰਪਾਲ ਸਿੰਘ ਸਿਬੀਆ ਨੂੰ ਜਦੋਂ ਕਾਂਗਰਸ ਨੇ ਉਮੀਦਵਾਰ ਨਹੀਂ ਬਣਾਇਆ ਤਾਂ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਰਨਾਲਾ ਤੋਂ ਉਮੀਦਵਾਰ ਬਣ ਗਿਆ। ਦੋ ਵਾਰ ਮੰਤਰੀ ਰਹੇ ਅਤੇ ਛੇ ਵਾਰ ਵਿਧਾਇਥ ਰਹੇ ਸਵਰਨ ਸਿੰਘ ਫ਼ਿਲੌਰ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਨਹੀਂ ਦਿੱਤਾ ਤਾਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਕੇ ਟਿਕਟ ਲਈ ਤਰਲੋਮੱਛੀ ਹੋ ਰਹੇ ਹਨ। ਇਸ ਤਰ੍ਹਾਂ ਸਾਬਕਾ ਅਕਾਲੀ ਵਿਧਾਇੱਕ ਜਗਤਾਰ ਸਿੰਘ ਰਾਜਲਾ ਨੂੰ ਜਦੋਂ ਸਮਾਣਾ ਤੋਂ ਟਿਕਟ ਨਹੀਂ ਮਿਲੀ ਤਾਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਹੁਣ ਆਮ ਆਦਮੀ ਪਾਰਟੀ ਦਾ ਸਮਾਣਾ ਤੋਂ ਉਮੀਦਵਾਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 16 ਸਾਲ ਤੱਕ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਬੀਬੀ ਕੁਲਦੀਪ ਕੌਰ ਟੌਹੜਾ ਵੀ ਸਨੌਰ ਤੋਂ ‘ਆਪ’ ਦੀ ਉਮੀਦਵਾਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ ਖਿਲਾਫ਼ ਲੜੇਗੀ। ਇਸੇ ਤਰ੍ਹਾਂ ਦੀ ਇੱਕ ਹੋਰ ਉਦਹਾਰਣ ਡੇਰਾਬੱਸੀ ਤੋਂ ਬੀਬੀ ਸਰਜੀਤ ਕੌਰ ਦੀ ਹੈ ਜੋ ਸਵਰਗੀ ਅਕਾਲੀ ਨੇਤਾ ਕੈਪਟਨ ਕੰਵਲੀਜੀਤ ਸਿੰਘ ਦੀ ਪਤਨੀ ਹੈ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ। ਘਨੌਰ ਤੋਂ ਅਨੂ ਰੰਧਾਵਾ ਅਤੇ ਸੁਨਾਮ ਤੋਂ ਅਮਨ ਅਰੋੜਾ ਦਾ ਪਿਛੋਕੜ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਪਰ ਉਹ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਜਾ ਰਹੇ ਹਨ। ਇਹ ਤਾਂ ਕੁਝ ਕੁ ਉਦਾਹਰਣਾਂ ਹਨ ਪਰ ਇਸ ਵਾਰ ਇਹ ਵਰਤਾਰਾ ਵੱਡੇ ਪੱਧਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਇੱਕ ਪਾਰਟੀ ਤੋਂ ਟਿਕਟ ਲਈ ਅਰਜੀ ਦਿੱਤੀ ਜਾਂਦੀ ਹੈ। ਕਈ ਮਹੀਨੇ ਆਪਣੇ ਪ੍ਰਭਾਵ ਨੂੰ ਦਿਖਾਉਣ ਲਈ ਸਰਗਰਮੀਆਂ ਵੀ ਕੀਤੀਆਂ ਜਾਂਦੀਆਂ ਹਨ। ਵਿਰੋਧੀ ਪਾਰਟੀਆਂ ਨੂੰ ਖੁੱਲ੍ਹ ਕੇ ਭੰਡਿਆ ਵੀ ਜਾਂਦਾ ਹੈ ਪਰ ਟਿਕਟ ਮਿਲਣ ਤੋਂ ਨਾਂਹ ਹੋਣ ਸਾਰ ਉਸੇ ਪਾਰਟੀ ਨੂੰ ਮੁਕਤਕੰਠ ਹੋ ਕੇ ਨਿੰਦਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਪਾਰਟੀ ਨੂੰ ਸਵੇਰੇ ਤੋਂ ਸ਼ਾਮ ਤੱਕ ਗਾਲਾਂ ਕੱਢੀਆਂ ਹੁੰਦੀਆਂ ਹਨ, ਉਸੇ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਟਿਕਟ ਲਈ ਯਤਨ ਕਰਨੇ ਸ਼ੁਰੂ ਹੋ ਜਾਂਦੇ ਹਨ।
ਇਖਲਾਕੀ ਪੱਤਣ ਨੂੰ ਪ੍ਰਗਟ ਕਰਨ ਵਾਲੇ ਇਸ ਵਰਤਾਰੇ ਦੀ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਐਲਾਨੀਆ ਤੌਰ ‘ਤੇ ਇਹ ਕਹਿੰਦੀਆਂ ਹਨ ਕਿ ਟਿਕਟ ਤਾਂ ਉਸ ਵਰਕਰ ਨੂੰ ਦਿੱਤਾ ਜਾਊ ਜਿਸਦੇ ਜਿੱਤਣ ਦੀ ਉਮੀਦ ਹੋਊ। ਅਜਿਹੀ ਜਿੱਤ ਦਾ ਆਧਾਰ ਪੈਸਾ ਵੀ ਹੋ ਸਕਦਾ ਹੈ, ਫ਼ਿਰਕਾਪ੍ਰਸਤੀ ਜਾਂ ਕਬੀਲੇਦਾਰੀ ਵੀ ਹੋ ਸਕਦੀ ਹੈ। ਕਿਤੇ ਦਲਿਤ ਪੱਤਾ ਚਲਾਇਆ ਜਾਂਦਾ ਹੈ ਅਤੇ ਕਿਤੇ ਧਰਮ ਦੇ ਨਾਮ ਤੇ ਜਿੱਤ ਦੀ ਉਮੀਦ ਰੱਖੀ ਜਾਂਦੀ ਹੈ। ਮਲੇਰਕੋਟਲਾ ਵਿੱਚ ਪਾਰਟੀ ਕੋਈ ਵੀ ਹੋਵੇ, ਮੁਸਲਮਾਨ ਹੀ ਜਿੱਤੇਗਾ। ਸ਼ੇਰ ਸਿੰਘ ਘੁਬਾਇਆ ਰਾਏ ਸਿੱਖਾਂ ਦਾ ਲੀਡਰ ਹੈ। ਰਾਏ ਸਿੱਖ ਵੋਟਾਂ ਨੂੰ ਪ੍ਰਭਾਵਿਤ ਕਰਨ ਵਾਲਾ ਬੰਦਾ ਹੀ ਜਿੱਤੇਗਾ। ਇਉਂ ਪੰਜਾਬ ਦੀਆਂ ਰਿਜ਼ਰਵ ਸੀਟਾਂ ‘ਤੇ ਜਾਤੀ ਸਮੀਕਰਨ ਵੇਖ ਕੇ ਉਮੀਦਵਾਰ ਖੜ੍ਹਾਏ ਜਾਂਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤਣ ਲਈ ਹਮੇਸ਼ਾ ਧਰਮ ਦਾ ਸਹਾਰਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਪੰਥ ਹਿਤੈਸ਼ੀ ਹੋਣ ਦਾ ਦਾਅਵਾ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਚੋਣਾਂ ਜਿੱਤਣ ਲਈ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਨਾਅਰਾ ਦੇ ਕੇ ਵੋਟਾਂ ਵਟੋਰਨ ਦੀ ਚੇਸ਼ਟਾ ਕਰਦਾ ਹੈ। ਦਲ ਵੱਲੋਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਪਾਰਟੀ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਾਂਗਰਸ ਨਿਰਪੱਖਤਾ ਦਾ ਢੰਡੋਰਾ ਪਿੱਟ ਕੇ ਅਦੇ ਦਲਿਤ ਵੋਟਾਂ ਦੇ ਸਿਰ ‘ਤੇ ਰਾਜ ਭਾਗ ਲੈਣ ਦਾ ਯਤਨ ਕਰਦੀ ਰਹੀ ਹੈ। ਪੰਜਾਬੀ ਸੂਬਾ ਹੋਂਦ ਵਿੱਚ ਆਉਣ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਅਜਿਹੇ ਪੈਂਤੜਿਆਂ ਦੇ ਬਲਬੂਤੇ ‘ਤੇ ਚੋਣਾਂ ਜਿੱਤਦੇ ਰਹੇ ਹਨ। ਵੱਡੇ ਦੁੱਖ ਦੀ ਗੱਲ ਹੈ ਕਿ ਸਭ ਤੋਂ ਨਵੀਂ ਅਤੇ ਅੱਗ ਦੇ ਭਬੂਕੇ ਵਾਂਗ ਉਦੇ ਹੋਈ ਆਮ ਆਦਮੀ ਪਾਰਟੀ ਨੇ ਨਾ ਸਿਰਫ਼ ਗੈਰ ਇਖਲਾਕੀ ਦਲ ਬਦਲੀ ਨੂੰ ਅਪਣਾ ਹੀ ਲਿਆ ਬਲਕਿ ਇਸ ਭ੍ਰਿਸ਼ਟ ਵਰਤਾਰੇ ਵਿੱਚ ਰਵਾਇਤੀ ਦਲਾਂ ਨੁੰ ਵੀ ਤੇਜ਼ੀ ਨਾਲ ਪਿੱਛੇ ਛੱਡ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਹੁਣ ਤੱਕ 25 ਹਲਕਿਆਂ ਵਿੱਚ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਏ ਨੇਤਾਵਾਂ ਨੂੰ ਟਿਕਟਾਂ ਦਿੱਤੀਆਂ ਹਨ।
ਕਮਾਲ ਇਹ ਅੱਜ ਕੋਈ ਵੀ ਸਿਆਸੀ ਪਾਰਟੀ ਆਪਣੀ ਵਿੱਚਾਰਧਾਰਾ ਅਤੇ ਪਾਰਟੀ ਦੀਆਂ ਨੀਤੀਆਂ ਦੀ ਗੱਲ ਨਹੀਂ ਕਰਦੀ। ਨੀਤੀ ਅਤੇ ਸਿਧਾਂਤ ਤਾਂ ਹੁਣ ਬੀਤੇ ਦੀ ਗੱਲ ਬਣ ਕੇ ਰਹਿ ਗੲੈ ਹਨ। ਅੱਜ ਦੇ ਸਿਆਸੀ ਨੇਤਾਵਾਂ ਦੀ ਵਫ਼ਾਦਾਰੀ ਅਤੇ ਪ੍ਰਤੀਬੱਧਤਾ ਸਿਰਫ਼ ਤੇ ਸਿਰਫ਼ ਆਪਣੇ ਨਿੱਜ ਨਾਲ ਹੈ। ਇਹ ਇੱਕ ਹੋਰ ਵੀ ਕਮਾਲ ਹੈ ਕਿ ਹੁਣ ਦਲ ਬਦਲਣ ਵਾਲੇ ਸ਼ਰੇਆਮ ਕਹਿਣ ਲੱਗੇ ਹਨ ਕਿ ਉਹਨਾਂ ਨੇ ਦਲ ਇਸ ਕਾਰਨ ਬਦਲਿਆ ਹੈ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਜਾਂ ਫ਼ਿਰ ਰਾਜ ਸਭਾ ਦੀ ਸੀਟ ਨਹੀਂ ਮਿਲੀ ਜਾਂ ਕੋਈ ਹੋਰ ਅਹੁਦਾ ਨਹੀਂ ਮਿਲਿਆ। ਅਜਿਹੇ ਹਾਲਾਤ ਵਿੱਚ ਵੋਟਰ ਵਿੱਚਾਰਾ ਕੀ ਕਰੇ।